ਰਾਣਾ ਧੜੇ ਨੂੰ ਵੱਡਾ ਝਟਕਾ
ਸਾਬਕਾ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਬਾਜਵਾ ਦੀ ਕਾਂਗਰਸ ਵਿੱਚ ਸ਼ਾਨਦਾਰ ਘਰ ਵਾਪਸੀ
“ਵਿਕਾਸ ਦਾ ਦੂਜਾ ਨਾਮ ਨਵਤੇਜ ਸਿੰਘ ਚੀਮਾ” — ਬਾਜਵਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਮਈ — ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸਤ ਵਿੱਚ ਉਸ ਵੇਲੇ ਵੱਡੀ ਚਰਚਾ ਛਿੜ ਗਈ ਜਦੋਂ ਰਾਣਾ ਧੜੇ ਨੂੰ ਵੱਡਾ ਝਟਕਾ ਦਿੰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਗਗਨਦੀਪ ਸਿੰਘ ਬਾਜਵਾ ਨੇ ਮੁੜ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਉਹਨਾਂ ਨੇ ਕਾਂਗਰਸ ਵਿੱਚ ਸ਼ਾਨਦਾਰ ਘਰ ਵਾਪਸੀ ਕਰਦਿਆਂ ਕਿਹਾ ਕਿ ਲੋਕਾਂ ਦੀ ਅਸਲੀ ਸੇਵਾ ਅਤੇ ਹਲਕੇ ਦਾ ਵਿਕਾਸ ਸਿਰਫ਼ ਨਵਤੇਜ ਸਿੰਘ ਚੀਮਾ ਦੀ ਸੋਚ ਅਤੇ ਅਗਵਾਈ ਹੇਠ ਹੀ ਸੰਭਵ ਹੈ।
ਗਗਨਦੀਪ ਸਿੰਘ ਬਾਜਵਾ ਨੇ ਕਿਹਾ ਕਿ ਕੁਝ ਮਨਮੁਟਾਵਾਂ ਅਤੇ ਗਲਤਫ਼ਹਿਮੀਆਂ ਕਾਰਨ ਉਹ ਕਾਂਗਰਸ ਤੋਂ ਦੂਰ ਹੋ ਕੇ ਰਾਣਾ ਧੜੇ ਨਾਲ ਚਲੇ ਗਏ ਸਨ, ਪਰ ਉੱਥੇ ਨਾ ਤਾਂ ਵਰਕਰਾਂ ਨੂੰ ਮਾਣ-ਸਤਿਕਾਰ ਮਿਲਿਆ ਅਤੇ ਨਾ ਹੀ ਲੋਕਾਂ ਦੇ ਕੰਮਾਂ ਨੂੰ ਪਹਿਲ ਦਿੱਤੀ ਗਈ। ਉਹਨਾਂ ਕਿਹਾ ਕਿ ਜੋ ਆਪਣਾਪਣ, ਇੱਜ਼ਤ ਅਤੇ ਲੋਕ ਸੇਵਾ ਦਾ ਮਾਹੌਲ ਨਵਤੇਜ ਸਿੰਘ ਚੀਮਾ ਨਾਲ ਮਿਲਦਾ ਸੀ, ਉਹ ਕਿਸੇ ਹੋਰ ਧੜੇ ਵਿੱਚ ਕਦੇ ਮਹਿਸੂਸ ਨਹੀਂ ਹੋਇਆ।
ਉਹਨਾਂ ਮੌਜੂਦਾ ਵਿਧਾਇਕ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਲਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਕਿਉਂਕਿ ਮੌਜੂਦਾ ਵਿਧਾਇਕ ਜ਼ਿਆਦਾਤਰ ਸਮਾਂ ਹਲਕੇ ਤੋਂ ਬਾਹਰ ਰਹਿੰਦੇ ਹਨ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਨਜ਼ਰ ਨਹੀਂ ਆਉਂਦੇ। ਇਸ ਕਰਕੇ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ।
ਬਾਜਵਾ ਨੇ ਕਿਹਾ ਕਿ ਜੇਕਰ ਹਲਕਾ ਸੁਲਤਾਨਪੁਰ ਲੋਧੀ ਨੂੰ ਮੁੜ ਤਰੱਕੀ ਅਤੇ ਵਿਕਾਸ ਦੀ ਲੀਹ ’ਤੇ ਲਿਆਉਣਾ ਹੈ ਤਾਂ ਸਾਰੇ ਕਾਂਗਰਸੀ ਵਰਕਰਾਂ ਨੂੰ ਇਕੱਠੇ ਹੋ ਕੇ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਕੰਮ ਕਰਨਾ ਪਵੇਗਾ। ਉਹਨਾਂ ਕਾਂਗਰਸ ਤੋਂ ਦੂਰ ਹੋਏ ਆਗੂਆਂ ਅਤੇ ਵਰਕਰਾਂ ਨੂੰ ਵੀ ਅਪੀਲ ਕੀਤੀ ਕਿ ਮਨਮੁਟਾਵ ਭੁਲਾ ਕੇ ਮੁੜ ਕਾਂਗਰਸ ਪਾਰਟੀ ਨਾਲ ਜੁੜਨ।
ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਪਾਰਟੀ ਵਿੱਚ ਬਣਦਾ ਮਾਣ ਉਹਨਾਂ ਨੂੰ ਦਿੱਤਾ ਜਾਵੇਗਾ।
ਇਸ ਮੌਕੇ ਰਮੇਸ਼ ਡਡਵਿੰਡੀ, ਮੋਨੂੰ ਭੰਡਾਰੀ, ਨਵ ਸੇਖੋਂ, ਸੱਬਾ, ਗੁਰਦੀਪ ਸਿੰਘ ਦੀਪਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
- Download Babushahi App
-
-