ਰਾਜਸਥਾਨ ਦੀ ਸਿਮਰਨ ਦੇ ਮੋਤੀਆਬਿੰਦ ਦੇ ਸਫਲ ਮੁਫ਼ਤ ਆਪ੍ਰੇਸ਼ਨ ਨਾਲ ਨਜ਼ਰ ਵਿੱਚ ਆਇਆ ਸੁਧਾਰ
ਅਸ਼ੋਕ ਵਰਮਾ
ਬਠਿੰਡਾ, 9 ਜੁਲਾਈ 2026 :ਸਿਵਲ ਹਸਪਤਾਲ ਬਠਿੰਡਾ ਵਿਖੇ ਰਾਜਸਥਾਨ ਤੋਂ ਰੈਫਰ ਹੋ ਕੇ ਆਈ 15 ਸਾਲਾ ਬੱਚੀ ਸਿਮਰਨ ਕੌਰ ਦੇ ਮੋਤੀਆ ਬਿੰਦ ਦਾ ਸਫਲ ਅਤੇ ਮੁਫ਼ਤ ਆਪ੍ਰੇਸ਼ਨ ਕੀਤਾ ਗਿਆ । ਸਿਵਲ ਸਰਜਨ ਡਾ ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਮਰਨ ਕੌਰ ਪੁੱਤਰੀ ਰਣਜੀਤ ਸਿੰਘ ਕਲਸੀ, ਵਾਸੀ ਪਿੰਡ ਢਾਬਾਂ, ਰਾਜਸਥਾਨ, ਨੂੰ ਅੱਖਾਂ ਨਾਲ ਸਬੰਧਤ ਗੰਭੀਰ ਸਮੱਸਿਆ ਕਾਰਨ ਰਾਜਸਥਾਨ ਤੋਂ ਉੱਚ ਪੱਧਰੀ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ ਸੀ। ਬੱਚੀ ਨੂੰ ਪਹਿਲਾਂ ਬਹੁਤ ਘੱਟ ਦਿਖਾਈ ਦਿੰਦਾ ਸੀ । ਜਾਂਚ ਦੌਰਾਨ ਬੱਚੀ ਵਿੱਚ ਮੋਤੀਆਬਿੰਦ ਦੀ ਸਮੱਸਿਆ ਪਾਈ ਗਈ, ਜਿਸ ਉਪਰੰਤ ਅੱਖਾਂ ਦੀ ਮਾਹਿਰ ਡਾ. ਮੀਨਾਕਸ਼ੀ ਸਿੰਗਲਾ ਵੱਲੋਂ ਉਸ ਦਾ ਸਫਲ ਆਪ੍ਰੇਸ਼ਨ ਕੀਤਾ ਗਿਆ। ਇਹ ਪੂਰਾ ਇਲਾਜ ਅਤੇ ਸਰਜਰੀ ਬਿਲਕੁੱਲ ਮੁਫ਼ਤ ਕੀਤੀ ਗਈ।
ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਬੱਚਿਆਂ ਵਿੱਚ ਅੱਖਾਂ ਦੀਆਂ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੋਤੀਆਬਿੰਦ ਦਾ ਸਮੇਂ ਸਿਰ ਇਲਾਜ ਹੋਣ ਨਾਲ ਬੱਚਿਆਂ ਦੀ ਨਜ਼ਰ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ ਅਤੇ ਭਵਿੱਖ ਦੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਬੱਚੇ ਨੂੰ ਨਜਰ ਸਬੰਧੀ ਕੋਈ ਵੀ ਦਿੱਕਤ ਹੈ ਤਾਂ ਉਹ ਦਫਤਰ ਸਿਵਲ ਸਰਜਨ ਬਠਿੰਡਾ ਅਤੇ ਸਿਵਲ ਹਸਪਤਾਲ ਵਿਖੇ ਆ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾ ਸਕਦੇ ਹਨ ।
ਸਿਵਲ ਸਰਜਨ ਬਠਿੰਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸਿਵਲ ਹਸਪਤਾਲ ਬਠਿੰਡਾ ਵਿਖੇ ਅੱਖਾਂ ਦੇ ਮਰੀਜ਼ਾਂ ਲਈ ਆਧੁਨਿਕ ਸਹੂਲਤਾਂ ਉਪਲਬਧ ਹਨ ਅਤੇ ਮਾਹਿਰ ਡਾਕਟਰਾਂ ਵੱਲੋਂ ਸਫਲਤਾਪੂਰਵਕ ਇਲਾਜ ਕੀਤਾ ਜਾ ਰਿਹਾ ਹੈ।
ਬੱਚੀ ਦੇ ਪਿਤਾ ਰਣਜੀਤ ਸਿੰਘ ਕਲਸੀ ਨੇ ਸਫਲ ਇਲਾਜ ਲਈ ਡਾ. ਮੀਨਾਕਸ਼ੀ ਸਿੰਗਲਾ ਅਤੇ ਸਿਵਲ ਹਸਪਤਾਲ ਬਠਿੰਡਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਫ਼ਲ ਅਤੇ ਮੁਫ਼ਤ ਇਲਾਜ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ,ਸੀਨੀਅਰ ਮੈਡੀਕਲ ਅਫ਼ਸਰ ਡਾ ਅਰੁਣ ਬਾਂਸ਼ਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਅਤੇ ਬੱਚੇ ਦੇ ਮਾਤਾ ਹਾਜਰ ਸਨ ।
- Download Babushahi App
-
-