ਮੋਹਾਲੀ ਪੁਲਿਸ ਵੱਲੋਂ ਜ਼ੀਰਕਪੁਰ ਦੇ ਬਿਲਡਰ ਦੇ ਘਰ ਬਾਹਰ ਗੋਲੀਬਾਰੀ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਤਿੰਨ ਸ਼ੂਟਰ ਗ੍ਰਿਫ਼ਤਾਰ
ਚਾਰ ਦਿਨਾਂ ਦੇ ਅੰਦਰ ਵਾਰਦਾਤ ਨੂੰ ਸੁਲਝਾਇਆ; 9 ਐੱਮ.ਐੱਮ. ਬੇਰੇਟਾ ਪਿਸਤੌਲ, ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਅਤੇ ਮੋਬਾਈਲ ਫ਼ੋਨ ਬਰਾਮਦ : ਐਸ ਐਸ ਪੀ ਵਰੁਣ ਸ਼ਰਮਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ:
ਐਸ ਏ ਐਸ ਨਗਰ (ਮੋਹਾਲੀ) ਪੁਲਿਸ ਨੇ ਜ਼ੀਰਕਪੁਰ ਵਿੱਚ ਇੱਕ ਬਿਲਡਰ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਅਰਸ਼ ਪੰਡਿਤ (ਲਾਰੈਂਸ ਬਿਸ਼ਨੋਈ ਗੈਂਗ) ਨਾਲ ਸਬੰਧਤ ਤਿੰਨ ਕਥਿਤ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਵਾਰਦਾਤ ਨੂੰ ਚਾਰ ਦਿਨਾਂ ਦੇ ਅੰਦਰ ਸੁਲਝਾਉਂਦਿਆਂ ਮੁਲਜ਼ਮਾਂ ਕੋਲੋਂ ਇੱਕ 9 ਐੱਮ.ਐੱਮ. ਬੇਰੇਟਾ ਪਿਸਤੌਲ, ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ ਅਤੇ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ, ਜਿਸ ਦੀ ਵਰਤੋਂ ਗੋਲੀਬਾਰੀ ਦੀ ਵੀਡੀਓ ਬਣਾਉਣ ਲਈ ਕੀਤੀ ਗਈ ਸੀ।
ਐੱਸ.ਐੱਸ.ਪੀ. ਸ੍ਰੀ ਵਰੁਣ ਸ਼ਰਮਾ ਨੇ ਅੱਜ ਮੀਡੀਆ ਨੂੰ ਦੱਸਿਆ ਕਿ 14 ਅਕਤੂਬਰ 2026 ਨੂੰ ਤੜਕਸਾਰ ਕਰੀਬ 2:17 ਵਜੇ ਅਣਪਛਾਤੇ ਵਿਅਕਤੀਆਂ ਨੇ ਸਵਿਫਟ ਕਾਰ ਵਿੱਚ ਆ ਕੇ ਰਾਮ ਕੁਮਾਰ ਪੁੱਤਰ ਸੁਰਜੀਤ ਸਿੰਘ, ਵਾਸੀ ਮਕਾਨ ਨੰਬਰ 105, ਵਾਰਡ ਨੰਬਰ 31, ਬਲਟਾਣਾ, ਥਾਣਾ ਜ਼ੀਰਕਪੁਰ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੀ ਸੀ। ਮੁਲਜ਼ਮਾਂ ਵੱਲੋਂ ਕਰੀਬ ਅੱਠ ਰਾਊਂਡ ਫਾਇਰ ਕੀਤੇ ਗਏ ਸਨ। ਪੀੜਤ ਰਾਮ ਕੁਮਾਰ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੀੜਤ ਨੂੰ ਅਰਸ਼ ਪੰਡਿਤ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਹਵਾਲੇ ਨਾਲ ਧਮਕੀ ਭਰੀ ਫਿਰੌਤੀ ਸਬੰਧੀ ਕਾਲ ਵੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਮੁਕੱਦਮਾ ਨੰਬਰ 581, ਮਿਤੀ 14 ਅਕਤੂਬਰ 2026, ਧਾਰਾ 308(2), 351(3) ਬੀ.ਐੱਨ.ਐੱਸ. ਅਤੇ ਅਸਲਾ ਐਕਟ ਦੀਆਂ ਧਾਰਾਵਾਂ 25/27-54-59 ਤਹਿਤ ਕੇਸ ਦਰਜ ਕੀਤਾ ਗਿਆ ਸੀ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. (ਜਾਂਚ) ਸ੍ਰੀ ਸੌਰਵ ਜਿੰਦਲ, ਐੱਸ.ਪੀ. (ਆਪਰੇਸ਼ਨਜ਼) ਸ੍ਰੀ ਅਕਾਸ਼ਦੀਪ ਸਿੰਘ, ਅਤੇ ਡੀ.ਐੱਸ.ਪੀ. (ਜਾਂਚ) ਸ੍ਰੀ ਰਾਜਨਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਖਰੜ ਦੇ ਇੰਚਾਰਜ ਇੰਸਪੈਕਟਰ ਪਰਦੀਪ ਸਿੰਘ ਬਾਜਵਾ ਅਤੇ ਆਪਰੇਸ਼ਨਜ਼ ਸੈੱਲ ਮੋਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਦੋਵਾਂ ਟੀਮਾਂ ਵੱਲੋਂ ਆਪਸੀ ਤਾਲਮੇਲ ਨਾਲ ਕੀਤੀ ਗਈ ਕਾਰਵਾਈ ਦੌਰਾਨ ਤਿੰਨ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਅੰਦਰ ਲੱਭ ਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਮੁਲਜ਼ਮਾਂ ਦਾ ਵੇਰਵਾ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹੇਠ ਲਿਖੇ ਅਨੁਸਾਰ ਹੈ:
1. ਗੁਰਪ੍ਰੀਤ ਸਿੰਘ ਉਰਫ਼ ਗੋਪੀ (32), ਪੁੱਤਰ ਦਲਬੀਰ ਸਿੰਘ, ਵਾਸੀ ਪਿੰਡ ਔਜਲਾ ਚੱਕ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ। ਪੁਲਿਸ ਅਨੁਸਾਰ ਇਹ ਡਰਾਈਵਰੀ ਦਾ ਕੰਮ ਕਰਦਾ ਹੈ ਅਤੇ ਬਾਰ੍ਹਵੀਂ ਪਾਸ ਹੈ। ਇਸ ਵਿਰੁੱਧ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
2. ਮਨਰਾਜ ਸਿੰਘ ਉਰਫ਼ ਮੰਨਾ (21), ਪੁੱਤਰ ਤਜਿੰਦਰ ਸਿੰਘ, ਵਾਸੀ ਪਿੰਡ ਗੂੜੇ, ਥਾਣਾ ਗੁਰਾਇਆ, ਜ਼ਿਲ੍ਹਾ ਜਲੰਧਰ। ਪੁਲਿਸ ਅਨੁਸਾਰ ਇਹ ਬਾਰ੍ਹਵੀਂ ਪਾਸ ਹੈ ਅਤੇ ਹਾਲ ਹੀ ਵਿੱਚ ਕੈਨੇਡਾ ਤੋਂ ਵਾਪਸ ਆਇਆ ਹੈ। ਇਸ ਵਿਰੁੱਧ ਵੀ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
3. ਰਾਜਵੀਰ ਸਿੰਘ (18), ਪੁੱਤਰ ਅਮਰਜੀਤ ਸਿੰਘ, ਵਾਸੀ ਚੱਕ ਦੇਸਰਾਜ, ਜ਼ਿਲ੍ਹਾ ਜਲੰਧਰ। ਪੁਲਿਸ ਅਨੁਸਾਰ ਇਹ ਬਾਰ੍ਹਵੀਂ ਪਾਸ ਹੈ ਅਤੇ ਇਸ ਵੇਲੇ ਕੋਈ ਕੰਮ ਨਹੀਂ ਕਰਦਾ। ਇਸ ਵਿਰੁੱਧ ਵੀ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
ਬਰਾਮਦਗੀ
ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਹੇਠ ਲਿਖੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ:
• ਇੱਕ ਬੇਰੇਟਾ 9 ਐੱਮ.ਐੱਮ. ਪਿਸਤੌਲ।
• ਵਾਰਦਾਤ ਵਿੱਚ ਵਰਤੀ ਗਈ ਸਵਿਫਟ ਕਾਰ, ਰਜਿਸਟ੍ਰੇਸ਼ਨ ਨੰਬਰ ਸੀ ਐੱਚ 04 ਕੇ-0214
• ਇੱਕ ਮੋਬਾਈਲ ਫ਼ੋਨ, ਜਿਸ ਦੀ ਵਰਤੋਂ ਗੋਲੀਬਾਰੀ ਦੀ ਲਾਈਵ ਵੀਡੀਓ ਬਣਾਉਣ ਲਈ ਕੀਤੀ ਗਈ ਸੀ।
ਪੁਲਿਸ ਅਨੁਸਾਰ ਮੁਲਜ਼ਮਾਂ ਦੇ ਗੈਂਗ ਨਾਲ ਸਬੰਧਾਂ, ਵਾਰਦਾਤ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਅਤੇ ਹੋਰ ਸੰਭਾਵਿਤ ਸਾਥੀਆਂ ਬਾਰੇ ਅਗਲੇਰੀ ਜਾਂਚ ਜਾਰੀ ਹੈ।
- Download Babushahi App
-
-