ਮਾਂ ਦਾ ਦੁੱਧ ਬੱਚੇ ਦੀ ਸਿਹਤ ਅਤੇ ਉੱਜਵਲ ਭਵਿੱਖ ਲਈ ਜਰੂਰੀ- ਡਾ. ਸੁਰਿੰਦਰ ਸਿੰਘ
ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ :- ਸੀਨੀਅਰ ਮੈਡੀਕਲ ਅਫ਼ਸਰ ਡਾ ਸੁਰਿੰਦਰ ਸਿੰਘ
ਫ਼ਤਹਿਗੜ੍ਹ ਸਾਹਿਬ 05 ਅਗਸਤ (ਗੁਰਪ੍ਰੀਤ ਸਿੰਘ ਜਖਵਾਲੀ ) ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਡਾਕਟਰ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸੀ ਐਚ ਸੀ ਚਨਾਰਥਲ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਤਾ ਵਧਾਉਣ ਲਈ 01 ਤੋਂ 07 ਅਗਸਤ ਤੱਕ "ਵਿਸ਼ਵ ਸਤਨਪਾਨ ਹਫਤਾ" ਮਨਾਇਆ ਜਾ ਰਿਹਾ ਹੈ। ਜਿਸ ਦਾ ਮੁੱਖ ਮਕਸਦ ਨਵਜੰਮੇ ਬੱਚਿਆਂ ਦੀ ਸਿਹਤ ਨੂੰ ਤੰਦਰੁਸਤ ਰੱਖਣਾ ਅਤੇ ਮਾਂ ਦੇ ਦੁੱਧ ਦੀ ਅਹਿਮੀਅਤ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣਾ ਹੈ। ਇਸ ਹਫਤੇ ਦੌਰਾਨ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਸਿਹਤ ਕਰਮਚਾਰੀਆਂ ਵੱਲੋਂ ਅਤੇ ਪਿੰਡਾਂ / ਸ਼ਹਿਰਾਂ ਵਿੱਚ ਆਸ਼ਾ ਵਰਕਰਾਂ ਵੱਲੋਂ ਘਰਾਂ ਵਿੱਚ ਜਾ ਕੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ ਸੁਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੱਚੇ ਦੇ ਜਨਮ ਲੈਣ ਤੋਂ ਬਾਅਦ ਪਹਿਲੇ ਇਕ ਘੰਟੇ ਦੇ ਅੰਦਰ ਮਾਂ ਦਾ ਪਹਿਲਾ ਗਾੜਾ ਦੁੱਧ (ਜੋ ਕੋਲੋਸਟ੍ਰਮ ਭਰਪੂਰ ਹੁੰਦਾ ਹੈ) ਬੱਚੇ ਨੂੰ ਦੇਣਾ ਲਾਜ਼ਮੀ ਹੈ। ਇਹ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਬੱਚੇ ਨੂੰ ਜਲਦੀ ਹਜਮ ਹੋ ਜਾਂਦਾ ਹੈ। ਇਹ ਬੱਚੇ ਦੀ ਪਾਚਨ ਸ਼ਕਤੀ ਨੂੰ ਦਰੁਸਤ ਰੱਖਦਾ ਹੈ ਅਤੇ ਬੱਚੇ ਦੀ ਰੋਗ ਪ੍ਰਤੀਰੋਧਕ ਸ਼ਕਤੀ (ਇਮਿਊਨ ਸਿਸਟਮ) ਨੂੰ ਮਜਬੂਤ ਕਰਦਾ ਹੈ। ਇਹ ਕੁਦਰਤ ਵੱਲੋਂ ਬੱਚੇ ਨੂੰ ਲਗਾਇਆ ਜਾਣ ਵਾਲਾ ਪਹਿਲਾ ਟੀਕਾ ਹੁੰਦਾ ਹੈ ਜੋ ਬੱਚੇ ਨੂੰ ਜੀਵਨ ਭਰ ਲਈ ਬਿਮਾਰੀਆਂ ਵਿਰੁੱਧ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਅੰਧਰਾਤੇ ਤੋਂ ਬਚਾਉਂਦਾ ਹੈ। ਉਹਨਾਂ ਕਿਹਾ ਕਿ ਬੱਚੇ ਦੀ ਉਮਰ ਦੇ ਪਹਿਲੇ ਛੇ ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਬੱਚੇ ਨੂੰ ਲੋੜੀਂਦੇ ਸਾਰੇ ਤੱਥ ਭਰਪੂਰ ਮਾਤਰਾ ਵਿੱਚ ਪ੍ਰਾਪਤ ਹੋ ਜਾਂਦੇ ਹਨ। ਮਾਂ ਦਾ ਦੁੱਧ ਬੱਚੇ ਨੂੰ ਲੋੜੀਂਦੇ ਤਾਪਮਾਨ ਤੇ ਪ੍ਰਾਪਤ ਹੁੰਦਾ ਹੈ ਤੇ ਇਹ ਬੱਚੇ ਦੇ ਸਰੀਰ ਤੇ ਮਾਨਸਿਕ ਵਿਕਾਸ ਵਿੱਚ ਵਾਧਾ ਕਰਦਾ ਹੈ ਅਤੇ ਮਾਂ ਤੇ ਬੱਚੇ ਦੇ ਆਪਸੀ ਪਿਆਰ ਨੂੰ ਵਧਾਉਂਦਾ ਹੈ। ਅਜਿਹਾ ਕਰਨ ਨਾਲ ਮਾਂ ਨੂੰ ਵੀ ਮਾਨਸਿਕ ਸੰਤੁਸ਼ਟੀ ਮਿਲਦੀ ਹੈ, ਮਾਂ ਅਤੇ ਬੱਚੇ ਵਿੱਚ ਪਿਆਰ, ਭਰੋਸਾ ਤੇ ਨੇੜਤਾ ਵੱਧਦੀ ਹੈ ਅਤੇ ਮਾਂ ਵਿੱਚ ਛਾਤੀ ਤੇ ਅੰਡਾਸ਼ੇ ਦੇ ਕੈਂਸਰ ਹੋਣ ਦੇ ਖਤਰੇ ਨੂੰ ਵੀ ਘਟਾਉਂਦਾ ਹੈ। ਬੱਚਾ ਜੇਕਰ ਬਿਮਾਰ ਵੀ ਹੋ ਜਾਵੇ ਉਲਟੀਆਂ ਜਾਂ ਟੱਟੀਆਂ ਵੀ ਲੱਗੀਆਂ ਹੋਣ ਤਾਂ ਵੀ ਬੱਚੇ ਨੂੰ ਇਹ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ। ਇਸ ਮੌਕੇ ਨਰਸਿੰਗ ਸਿਸਟਰ ਦਲਜੀਤ ਕੌਰ, ਮ.ਪ.ਹ. ਵ (ਫੀ)ਰਜੀਆ, ਉਪਵੈਦ ਪ੍ਰੀਤੀ, ਆਸ਼ਾ ਵਰਕਰ ਜਸਵਿੰਦਰ ਕੌਰ, ਮਰੀਜ਼ ਅਤੇ ਉਨ੍ਹਾਂ ਦੇ ਵਾਰਸ ਹਾਜ਼ਰ ਸਨ।
- Download Babushahi App
-
-