ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕੀਤਾ ਜਾਵੇ: ਅਕਾਲੀ ਦਲ
ਸਾਰੇ ਰਾਜਾਂ ਲਈ ਸੰਸਦੀ ਸੀਟਾਂ ਵਿਚ ਵਾਧੇ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦੀ ਕੀਤੀ ਹਮਾਇਤ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਿਚ ਲਏ ਗਏ ਫੈਸਲੇ
ਚੰਡੀਗੜ੍ਹ, 8 ਅਗਸਤ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਦੇਸ਼ ਵਿਚ ਮਹਿਲਾ ਰਾਖਵਾਂਕਰਨ ਬਿੱਲ ਤੁਰੰਤ ਲਾਗੂ ਕੀਤਾ ਜਾਵੇ ਅਤੇ ਪਾਰਟੀ ਨੇ ਸਾਰੇ ਸੂਬਿਆਂ ਵਿਚ ਸੰਸਦੀ ਸੀਟਾਂ ਵਿਚ 50 ਫੀਸਦੀ ਵਾਧੇ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦੀ ਹਮਾਇਤ ਕੀਤੀ।
ਇਹ ਫੈਸਲੇ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਸੰਸਦ ਵਿਚ ਦਰਪੇਸ਼ ਅਹਿਮ ਮਾਮਲਿਆਂ ’ਤੇ ਹੋਏ ਵਿਸਥਾਰਿਤ ਵਿਚਾਰ ਵਟਾਂਦਰੇ ਤੋਂ ਬਾਅਦ ਲਏ ਗਏ। ਮੀਟਿੰਗ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤੀ।
ਪਾਰਟੀ ਨੇ ਸਪਸ਼ਟ ਕੀਤਾ ਕਿ ਉਹ ਮਹਿਲਾ ਰਾਖਵਾਂਕਰਨ ਬਿੱਲ ਦੇ ਨਾਲ-ਨਾਲ ਹੱਦਬੰਦੀ ਬਿੱਲ ਫੌਰੀ ਪਾਸ ਕੀਤੇ ਜਾਣ ਦੇ ਹੱਕ ਵਿਚ ਹੈ।
ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਰਾਜਾਂ ਵਿਚ ਸੰਸਦੀ ਸੀਟਾਂ ਵਿਚ 50 ਫੀਸਦੀ ਵਾਧਾ ਕਰਨ ਦੀ ਕੇਂਦਰ ਸਰਕਾਰ ਦੀ ਤਜਵੀਜ਼ ਦਾ ਉਹ ਲੋਕ ਸਭਾ ਵਿਚ ਸਮਰਥਨ ਕਰੇਗੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹੱਦਬੰਦੀ ਦੇ ਮਾਮਲੇ ਵਿਚ ਵੀ ਇਹੀ ਮਾਡਲ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਇਕ ਨਿਰਪੱਖ ਤੇ ਬਰਾਬਰਤਾ ਵਾਲੀ ਹੱਦਬੰਦੀ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ ਤਾਂ ਜੋ ਸਾਰੇ ਰਾਜਾਂ ਨੂੰ ਬਰਾਬਰ ਪ੍ਰਤੀਨਿਧਤਾ ਮਿਲ ਸਕੇ ਤੇ ਇਹ ਲਾਗੂ ਹੋ ਸਕੇ। ਉਹਨਾਂ ਕਿਹਾ ਕਿ ਇਸ ਨਾਲ ਹੀ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਸਾਰੇ ਰਾਜਾਂ ਨੂੰ ਨਿਆਂ ਮਿਲੇ।
ਮਹਿਲਾ ਰਾਖਵਾਂਕਰੱਲ ਬਿੱਲ ’ਤੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਾ ਹੈ ਜਿਹਨਾਂ ਨੇ ਹਮੇਸ਼ਾ ਮਹਿਲਾਵਾਂ ਦੇ ਮਾਣ ਸਨਮਾਨ ਦੇ ਨਾਲ-ਨਾਲ ਬਰਾਬਰਤਾ ਤੇ ਸਮਾਨ ਅਧਿਕਾਰਾਂ ਦੀ ਵਕਾਲਤ ਕੀਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਸਦਨ ਵਿਚ ਮਹਿਲਾਵਾਂ ਨੂੰ ਰਾਖਵਾਂਕਰਨ ਦੇ ਕੇ ਉਦਾਹਰਣ ਪੇਸ਼ ਕੀਤੀ ਹੈ।
ਇਸ ਮੌਕੇ ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਹਰਸਿਮਰਤ ਕੌਰ ਬਾਦਲ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ, ਜਨਮੇਜਾ ਸਿੰਘ ਸੇਖੋਂ, ਡਾ. ਦਲਜੀਤ ਸਿੰਘ ਚੀਮਾ ਤੇ ਹੀਰਾ ਸਿੰਘ ਗਾਬੜੀਆ ਸ਼ਾਮਲ ਸਨ।
- Download Babushahi App
-
-