ਭਾਰਤੀ ਨੇਵੀ ਦੇ ਜਵਾਨ ਅੰਮ੍ਰਿਤਸਰ ਦੇ ਲਵਪ੍ਰੀਤ ਸਿੰਘ ਨੇ ਕਲੀਨ ਜਰਕ ਵਿੱਚ ਜਿੱਤਿਆ ਸਿਲਵਰ ਮੈਡਲ
1 ਕਿਲੋਗ੍ਰਾਮ ਦੇ ਫਰਕ ਨਾਲ ਗੋਲਡ ਤੋਂ ਰਹਿ ਜਾਣ ਦਾ ਰਹੇਗਾ ਦੁੱਖ :ਕੋਚ
ਕੁਲਵਿੰਦਰ ਸਿੰਘ
ਅੰਮ੍ਰਿਤਸਰ,4 ਅਗਸਤ
ਅੰਮ੍ਰਿਤਸਰ ਦੇ ਪਿੰਡ ਬਲ ਸਚੰਦਰ ਦੇ ਵਸਨੀਕ ਅਤੇ ਭਾਰਤੀ ਨੇਵੀ ਦੇ ਜਵਾਨ ਲਵਪ੍ਰੀਤ ਸਿੰਘ ਨੇ ਗਲਾਸਗੋ ਵਿਖੇ ਹੋਈਆਂ ਕਾਮਨਵੈਲਥ ਗੇਮਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੇ +110 ਕਿਲੋਗ੍ਰਾਮ ਸੁਪਰ ਹੈਵੀਵੇਟ ਵਰਗ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਭਾਰਤ ਅਤੇ ਪੰਜਾਬ ਦਾ ਮਾਣ ਵਧਾਇਆ ਹੈ। ਲਵਪ੍ਰੀਤ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਪਿੰਡ, ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।
ਲਵਪ੍ਰੀਤ ਦੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਨੇ ਕਿਹਾ ਕਿ ਲਵਪ੍ਰੀਤ ਨੇ ਨਾ ਸਿਰਫ਼ ਆਪਣੇ ਪਰਿਵਾਰ ਅਤੇ ਪਿੰਡ ਦਾ, ਸਗੋਂ ਪੂਰੇ ਜ਼ਿਲ੍ਹੇ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਕਿਸੇ ਵੀ ਗਰੀਬ ਪਰਿਵਾਰ ਦੇ ਬੱਚੇ ਵਿੱਚ ਖੇਡਾਂ ਦਾ ਹੁਨਰ ਹੈ ਤਾਂ ਉਹ ਉਸ ਦੀ ਟ੍ਰੇਨਿੰਗ ਦਾ ਪੂਰਾ ਖਰਚਾ ਚੁੱਕਣ ਲਈ ਤਿਆਰ ਹਨ, ਤਾਂ ਜੋ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣਾ ਭਵਿੱਖ ਬਣਾ ਸਕਣ।
ਲਵਪ੍ਰੀਤ ਦੇ ਕੋਚ ਹੀਰਾ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਨੇ ਇਸ ਮੈਡਲ ਲਈ ਕਾਫੀ ਸਖ਼ਤ ਮਿਹਨਤ ਕੀਤੀ ਹੈ। ਉਹ ਕਰੀਬ ਡੇਢ ਸਾਲ ਤੋਂ ਘਰ ਨਹੀਂ ਆਇਆ ਅਤੇ ਲਗਾਤਾਰ ਟ੍ਰੇਨਿੰਗ ਕਰਦਾ ਰਿਹਾ। ਕੋਚ ਨੇ ਕਿਹਾ ਕਿ ਇੱਕ ਕਿਲੋਗ੍ਰਾਮ ਦੇ ਫਰਕ ਨਾਲ ਗੋਲਡ ਮੈਡਲ ਹੱਥੋਂ ਨਿਕਲ ਗਿਆ, ਜਿਸ ਦਾ ਥੋੜ੍ਹਾ ਦੁੱਖ ਜ਼ਰੂਰ ਹੈ, ਪਰ ਅਗਲੀ ਵਾਰ ਗੋਲਡ ਜਿੱਤਣ ਲਈ ਹੋਰ ਮਿਹਨਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਨੇ ਸਾਲ 2011 ਵਿੱਚ ਮਹਿਜ਼ 13 ਸਾਲ ਦੀ ਉਮਰ ਵਿੱਚ ਵੇਟਲਿਫਟਿੰਗ ਦੀ ਟ੍ਰੇਨਿੰਗ ਸ਼ੁਰੂ ਕੀਤੀ ਸੀ।
ਲਵਪ੍ਰੀਤ ਦੇ ਪਿਤਾ ਗੁਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਇਸ ਪ੍ਰਾਪਤੀ 'ਤੇ ਬਹੁਤ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਰਿਵਾਰ ਨਹੀਂ, ਸਗੋਂ ਪੂਰੇ ਪਿੰਡ, ਅੰਮ੍ਰਿਤਸਰ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀ ਆਪਣੇ ਚੈਂਪੀਅਨ ਦਾ ਪੂਰੇ ਮਾਣ-ਸਤਿਕਾਰ ਨਾਲ ਸਵਾਗਤ ਕਰਨਗੇ।
ਉੱਥੇ ਹੀ ਲਵਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਉਹ ਪਟਿਆਲਾ ਅਤੇ ਮੋਦੀ ਨਗਰ ਵਿੱਚ ਲਗਾਤਾਰ ਟ੍ਰੇਨਿੰਗ ਕਰ ਰਹੇ ਸਨ ਅਤੇ ਅੱਜ ਉਸ ਮਿਹਨਤ ਦਾ ਫਲ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਮੈਡਲ ਜਿੱਤਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਲਵਪ੍ਰੀਤ ਨੇ ਕਿਹਾ ਕਿ ਉਹ ਇਸ ਵੇਲੇ ਭਾਰਤੀ ਨੇਵੀ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਵੀ ਉੱਚ ਅਹੁਦੇ 'ਤੇ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਦਾ ਅਗਲਾ ਟੀਚਾ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣਾ ਹੈ ਅਤੇ ਇਸ ਲਈ ਤਿਆਰੀ ਜ਼ੋਰਾਂ 'ਤੇ ਚੱਲ ਰਹੀ ਹੈ।
- Download Babushahi App
-
-