ਬੀਜੇਪੀ ਮਸ਼ੀਨਰੀ ਪੰਜਾਬ ਅਤੇ ਇਸ ਦੇ ਯੂਥ ਨੂੰ ਬਦਨਾਮ ਕਰਨ ਲਈ ਫਰਜ਼ੀ ਵੀਡੀਓਜ਼ ਫੈਲਾ ਰਹੀ ਹੈ: ਹਰਪਾਲ ਸਿੰਘ ਚੀਮਾ
ਹਰਭਜਨ ਸਿੰਘ ਬੀਜੇਪੀ ਸ਼ਾਸਿਤ ਰਾਜਾਂ ਦੀਆਂ ਗੁੰਮਰਾਹਕੁੰਨ ਵੀਡੀਓਜ਼ ਸ਼ੇਅਰ ਕਰਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ: ਹਰਪਾਲ ਸਿੰਘ ਚੀਮਾ
ਹਰਭਜਨ ਸਿੰਘ ਨੂੰ ਪੰਜਾਬ ਦੇ ਯੂਥ ਲਈ ਬੋਲਣਾ ਚਾਹੀਦਾ ਹੈ, ਬੀਜੇਪੀ ਦੇ ਪ੍ਰਚਾਰ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ: ਹਰਪਾਲ ਸਿੰਘ ਚੀਮਾ
ਪੰਜਾਬ ਦੀ ਘਟਨਾ ਦੱਸ ਕੇ ਸ਼ੇਅਰ ਕੀਤੀ ਗਈ ਵੀਡੀਓ ਅਸਲ ਵਿੱਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਯੂਥ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ 3,000 ਖੇਡ ਸਟੇਡੀਅਮ ਬਣਾਏ, 6,000 ਹੋਰ ਬਣਾਏ ਜਾ ਰਹੇ ਹਨ: ਹਰਪਾਲ ਸਿੰਘ ਚੀਮਾ
ਬੀਜੇਪੀ ਝੂਠਾ ਪ੍ਰਚਾਰ ਫੈਲਾ ਕੇ ਭਗਵੰਤ ਮਾਨ ਸਰਕਾਰ ਦੀ ਸਫਲ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ, 11 ਅਗਸਤ
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਰਾਜਸਥਾਨ ਦੀ ਇੱਕ ਵੀਡੀਓ ਸ਼ੇਅਰ ਕਰਕੇ ਉਸ ਨੂੰ ਝੂਠੇ ਤੌਰ 'ਤੇ ਪੰਜਾਬ ਨਾਲ ਜੋੜਨ ਅਤੇ ਸੂਬੇ ਤੇ ਇਸ ਦੇ ਯੂਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਲਈ ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਨਿਖੇਧੀ ਕਰਦਿਆਂ ਨਿਰਾਸ਼ਾ ਪ੍ਰਗਟਾਈ ਹੈ।
ਮੰਤਰੀ ਹਰਪਾਲ ਸਿੰਘ ਚੀਮਾ ਨੇ ਅਫਸੋਸ ਪ੍ਰਗਟਾਇਆ ਕਿ ਹਰਭਜਨ ਸਿੰਘ, ਜਿਨ੍ਹਾਂ ਨੂੰ 'ਆਪ' ਵੱਲੋਂ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਅਤੇ ਸੂਬੇ ਦੇ ਯੂਥ ਲਈ ਕੰਮ ਕਰਨ ਵਾਸਤੇ ਰਾਜ ਸਭਾ ਵਿੱਚ ਭੇਜਿਆ ਗਿਆ ਸੀ, ਹੁਣ ਬੀਜੇਪੀ ਦੇ ਪ੍ਰਚਾਰ ਨੂੰ ਹੁਲਾਰਾ ਦੇ ਰਹੇ ਹਨ। ਉਨ੍ਹਾਂ ਕਿਹਾ, "ਹਰਭਜਨ ਸਿੰਘ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਚੁੱਕਣ ਲਈ ਆਪਣੇ ਪਲੇਟਫਾਰਮ ਦੀ ਵਰਤੋਂ ਕਰਨੀ ਚਾਹੀਦੀ ਸੀ, ਨਾ ਕਿ ਗੁੰਮਰਾਹਕੁੰਨ ਸਮੱਗਰੀ ਸ਼ੇਅਰ ਕਰਨ ਲਈ ਜੋ ਪੰਜਾਬ ਦੇ ਅਕਸ ਨੂੰ ਠੇਸ ਪਹੁੰਚਾਉਂਦੀ ਹੈ।"
ਹਰਭਜਨ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਖੁਲਾਸਾ ਕੀਤਾ, "ਪੰਜਾਬ ਪੁਲਿਸ ਨੇ ਵੀਡੀਓ ਦੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਅਸਲ ਵਿੱਚ ਬੀਜੇਪੀ ਸ਼ਾਸਿਤ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦੀ ਹੈ ਅਤੇ ਇਸ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।"
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ, "ਤੱਥਾਂ ਦੀ ਜਾਂਚ ਕਰਨ ਦੀ ਬਜਾਏ, ਬੀਜੇਪੀ ਦੀ ਆਈਟੀ ਮਸ਼ੀਨਰੀ ਦੂਜੇ ਰਾਜਾਂ ਦੀਆਂ ਵੀਡੀਓਜ਼ ਚੁੱਕ ਰਹੀ ਹੈ ਅਤੇ ਸਾਡੇ ਸੂਬੇ ਤੇ ਇਸ ਦੇ ਯੂਥ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੂੰ ਪੰਜਾਬ ਦੀਆਂ ਘਟਨਾਵਾਂ ਵਜੋਂ ਪੇਸ਼ ਕਰ ਰਹੀ ਹੈ।"
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਉਜਾਗਰ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ, "ਬੀਜੇਪੀ ਨਸ਼ਿਆਂ ਵਿਰੁੱਧ ਲੜਾਈ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਗਈ ਤਰੱਕੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦ੍ਰਿੜ੍ਹ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸ਼ੁਰੂ ਕੀਤੀ ਹੈ, ਅਤੇ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਅਤੇ ਪੰਜਾਬ ਦੇ ਯੂਥ ਨੂੰ ਬਿਹਤਰ ਮੌਕੇ ਪ੍ਰਦਾਨ ਕਰਨ ਲਈ ਹਰ ਪੱਧਰ 'ਤੇ ਕੰਮ ਕਰ ਰਹੀ ਹੈ।"
ਉਨ੍ਹਾਂ ਪੰਜਾਬ ਵਿੱਚ ਬੀਜੇਪੀ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਕਿਹਾ, "ਬੀਜੇਪੀ ਨੂੰ ਆਪਣੇ ਰਿਕਾਰਡ 'ਤੇ ਵੀ ਝਾਤ ਮਾਰਨੀ ਚਾਹੀਦੀ ਹੈ। 2007 ਤੋਂ 2017 ਤੱਕ ਅਕਾਲੀ-ਬੀਜੇਪੀ ਸਰਕਾਰ ਦੇ 10 ਸਾਲਾਂ ਦੌਰਾਨ ਨਸ਼ਿਆਂ ਦਾ ਕੋਹੜ ਵਧਿਆ ਸੀ। ਇਹ ਉਸੇ ਦੌਰ ਦੌਰਾਨ ਸੀ ਜਦੋਂ 'ਚਿੱਟਾ' ਅਤੇ 'ਸਮੈਕ' ਵਰਗੇ ਸ਼ਬਦ ਪੰਜਾਬ ਨਾਲ ਵਿਆਪਕ ਤੌਰ 'ਤੇ ਜੁੜ ਗਏ ਸਨ, ਜਿਸ ਨਾਲ ਅਣਗਿਣਤ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਸ਼ਿਆਂ ਦੀ ਲਪੇਟ ਵਿੱਚ ਆ ਕੇ ਬਰਬਾਦ ਹੋ ਗਈਆਂ ਸਨ।"
ਖੇਡ ਢਾਂਚੇ 'ਤੇ ਸਰਕਾਰ ਦੇ ਧਿਆਨ ਨੂੰ ਉਜਾਗਰ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ, "ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਹਾਂਪੱਖੀ ਵਿਕਲਪ ਪ੍ਰਦਾਨ ਕਰਨ ਲਈ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕਰ ਰਹੀ ਹੈ। ਪੰਜਾਬ ਵਿੱਚ 3,000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾ ਚੁੱਕੇ ਹਨ, ਜਦੋਂ ਕਿ 6,000 ਹੋਰ ਤਿਆਰ ਕੀਤੇ ਜਾ ਰਹੇ ਹਨ। ਅਸੀਂ ਖੇਡਾਂ ਵਿੱਚ ਇਸ ਲਈ ਨਿਵੇਸ਼ ਕਰ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਯੂਥ ਨਸ਼ਿਆਂ ਤੋਂ ਦੂਰ ਰਹੇ ਅਤੇ ਇੱਕ ਸਿਹਤਮੰਦ ਤੇ ਵਧੀਆ ਭਵਿੱਖ ਵੱਲ ਵਧੇ।"
ਮੰਤਰੀ ਨੇ ਕਿਹਾ, "ਪੰਜਾਬ ਦੇ ਯੂਥ ਅਤੇ ਕਿਸਾਨ ਬੀਜੇਪੀ ਦੇ ਪ੍ਰਚਾਰ ਤੋਂ ਗੁੰਮਰਾਹ ਨਹੀਂ ਹੋਣਗੇ। ਪੰਜਾਬ ਦੇ ਲੋਕ ਆਪ ਸਰਕਾਰ ਦੇ ਜ਼ਮੀਨੀ ਪੱਧਰ 'ਤੇ ਕੀਤੇ ਕੰਮਾਂ ਅਤੇ ਸੋਸ਼ਲ ਮੀਡੀਆ ਦੀਆਂ ਗੁੰਮਰਾਹਕੁੰਨ ਪੋਸਟਾਂ ਰਾਹੀਂ ਸੂਬੇ ਨੂੰ ਬਦਨਾਮ ਕਰਨ ਦੀਆਂ ਬੀਜੇਪੀ ਦੀਆਂ ਕੋਸ਼ਿਸ਼ਾਂ ਵਿਚਕਾਰ ਫਰਕ ਸਮਝਦੇ ਹਨ।"
- Download Babushahi App
-
-