ਪਟਵਾਰੀ ਇੰਦਰਜੀਤ ਸਿੰਘ ਨੇ ਬਦਲੀ ਪਿੰਡ ਛਾਪਾ ਦੇ ਪਟਵਾਰ ਭਵਨ ਦੀ ਨੁਹਾਰ
ਪਿੰਡ ਵਿੱਚ ਰਕਬੇ ਦੀ ਹਦਬੰਦੀ ਲਈ ਲਗਾਏ ਕਿੱਲਾ ਪੱਥਰ, ਨਵਾਂ ਲੱਠਾ ਕਰਵਾਇਆ ਤਿਆਰ
ਅਸ਼ੋਕ ਵਰਮਾ
ਮਹਿਲ ਕਲਾਂ/ਬਰਨਾਲਾ, 4 ਅਗਸਤ 2026 : ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਮਹਿਲ ਕਲਾਂ ਦੇ ਪਿੰਡ ਛਾਪਾ ਦੇ ਪਟਵਾਰੀ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਨਾਲ ਮਿਸਾਲੀ ਯਤਨ ਕਰਦੇ ਹੋਏ ਪਿੰਡ ਵਾਸੀਆਂ ਅਤੇ ਪੰਚਾਇਤ ਦੇ ਸਹਿਯੋਗ ਨਾਲ ਪਟਵਾਰਖਾਨੇ ਦੀ ਨੁਹਾਰ ਬਦਲ ਦਿੱਤੀ ਹੈ।
ਪਟਵਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਛਾਪਾ ਦਾ ਰਕਬਾ ਕਰੀਬ 2360 ਏਕੜ ਹੈ। ਇਸ ਪਿੰਡ ਵਿਚ ਕਰੀਬ 3 ਲੱਖ ਦੀ ਲਾਗਤ ਨਾਲ ਜਿੱਥੇ ਪਟਵਾਰਖਾਨੇ ਦੀ ਇਮਾਰਤ ਦੀ ਕਾਇਆ - ਕਲਪ ਕਰਵਾ ਕੇ ਮਾਡਲ ਪਟਵਾਰਖਾਨਾ ਬਣਾਇਆ ਹੈ, ਓਥੇ ਪਿੰਡ ਵਿੱਚ 5 ਲੱਖ ਦੀ ਲਾਗਤ ਨਾਲ ਮੁਰੱਬਾ ਪੱਥਰ/ ਕਿੱਲਾ ਪੱਥਰ ਨਵੇਂ ਲਗਵਾਏ ਗਏ ਹਨ ਅਤੇ 50 ਹਜ਼ਾਰ ਦੀ ਲਾਗਤ ਨਾਲ ਪਿੰਡ ਦੇ ਰਕਬੇ ਦਾ ਨਵਾਂ ਲੱਠਾ (ਨਕਸ਼ਾ) ਕਰਵਾਇਆ ਹੈ।
ਪਟਵਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਜਨਵਰੀ 2023 ਵਿਚ ਭਰਤੀ ਹੋ ਕੇ ਪਿੰਡ ਛਾਪਾ ਵਿਚ ਪਟਵਾਰੀ ਵਜੋਂ ਜੁਆਇਨ ਕੀਤਾ ਸੀ। ਓਸ ਤੋਂ ਪਹਿਲਾਂ ਪਿੰਡ ਛਾਪਾ ਵਿਚ ਪਟਵਾਰੀ ਵਜੋਂ ਤਾਇਨਾਤ (ਮੌਜੂਦ ਸਮੇਂ ਕਾਨੂੰਗੋ) ਨਵਦੀਪ ਸਿੰਘ ਨੇ ਇਸ ਪਟਵਾਰਖਾਨੇ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਅਤੇ ਪਿੰਡ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਟਵਾਰ ਭਵਨ ਵਿਚ ਪਲੱਸਤਰ, ਦਰਵਾਜ਼ਾ, ਸ਼ੈੱਡ ਤੇ ਹੋਰ ਕੰਮ ਕਰਾਏ ਗਏ। ਇਸ ਮਗਰੋਂ ਓਹਨਾਂ ਨੇ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਹਿਯੋਗ ਨਾਲ ਪਟਵਾਰ ਭਵਨ ਦੀ ਇਮਾਰਤ ਨੂੰ ਨਮੂਨੇ ਦੀ ਇਮਾਰਤ ਬਣਾਉਣ ਲਈ ਯਤਨ ਕਰਦੇ ਹੋਏ ਰੰਗ ਰੋਗਨ, ਵਾਲ ਪੇਪਰ, ਫ਼ਰਸ਼ 'ਤੇ ਮੈਟ, ਗਲਾਸ ਵਿੰਡੋ, ਵੇਟਿੰਗ ਰੂਮ, ਰਿਕਾਰਡ ਰੂਮ ਲਈ ਰੈਕ, ਅਲਮਾਰੀਆਂ, ਆਮ ਲੋਕਾਂ ਦੇ ਬੈਠਣ ਲਈ ਫਰਨੀਚਰ ਸਮੇਤ ਕਈ ਕੰਮ ਕਰਵਾਏ ਗਏ।
ਓਹਨਾਂ ਦੱਸਿਆ ਕਿ ਪਿੰਡ ਦੇ ਲੱਠੇ ( ਨਕਸ਼ੇ ) ਦੀ ਹਾਲਤ ਵੀ ਕਾਫੀ ਖਸਤਾ ਜਿਸ ਨੂੰ 50 ਹਜ਼ਾਰ ਦੀ ਲਾਗਤ ਨਾਲ ਨਵਾਂ ਤਿਆਰ ਕਰਵਾਇਆ ਗਿਆ। ਇਸ ਦੇ ਨਾਲ ਹੀ ਕਰੀਬ 5 ਲੱਖ ਦੀ ਲਾਗਤ ਨਾਲ ਪਿੰਡ ਵਿੱਚ ਰਕਬੇ ਦੀ ਹਦਬੰਦੀ ਲਈ ਲਾਲ ਪੱਥਰ (ਕਿੱਲਾ ਪੱਥਰ) ਨਵੇਂ ਲਗਵਾਏ ਗਏ ਜੋਕਿ 5 - 5 ਕਿੱਲਿਆਂ ਦੇ ਫਾਸਲੇ ਉੱਤੇ ਲਗਾਏ ਗਏ ਹਨ। ਇਸ ਤੋਂ ਪਹਿਲਾਂ ਪਿੰਡ ਵਿੱਚ ਇਹ ਪੱਥਰ ਖਤਮ ਹੋ ਚੁੱਕੇ ਸਨ ਅਤੇ ਟਾਵੇਂ-ਟਾਵੇਂ ਹੀ ਸਨ।
ਪਟਵਾਰੀ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਇਸ ਉੱਦਮ ਵਿੱਚ ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ, ਦਾਨੀ ਸੱਜਣਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਜਿਸ ਦੀ ਬਦੌਲਤ ਪਿੰਡ ਛਾਪਾ ਦਾ ਪਟਵਾਰਖਾਨਾ ਨਮੂਨੇ ਦੇ ਪਟਵਾਰ ਭਵਨ ਵਜੋਂ ਵਿਕਸਿਤ ਹੋਇਆ ਹੈ।
ਓਹਨਾਂ ਕਿਹਾ ਕਿ ਇਸ ਪਟਵਾਰ ਭਵਨ ਵਿਚ ਰਿਕਾਰਡ ਦੇ ਰੱਖ ਰਖਾਅ ਦੇ ਨਾਲ ਨਾਲ ਆਮ ਲੋਕਾਂ ਲਈ ਸਹੂਲਤਾਂ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਹੈ ਜਿਸ ਵਿਚ ਪੀਣ ਵਾਲੇ ਪਾਣੀ ਤੋਂ ਇਲਾਵਾ ਬੈਠਣ ਲਈ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਪਟਵਾਰ ਭਵਨ ਵਿਚ ਹਰਿਆਵਲ ਵਾਸਤੇ ਜਿੱਥੇ ਪਟਵਾਰਖਾਨੇ ਦੇ ਵਿਹੜੇ ਵਿਚ ਪੌਦੇ ਲਾਏ ਗਏ ਹਨ, ਓਥੇ ਪਟਵਾਰ ਭਵਨ ਨੂੰ ਅੰਦਰੋਂ ਗਮਲਿਆਂ ਨਾਲ ਸਜਾਇਆ ਗਿਆ।
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਦਾਨੀ ਸੱਜਣਾਂ ਪ੍ਰੇਮਜੀਤ ਸਿੰਘ ਸੋਹੀ, ਦਲਜੀਤ ਸਿੰਘ ਦਿਓਲ, ਸੁਰਜੀਤ ਸਿੰਘ ਦੇ ਸਹਿਯੋਗ ਨਾਲ ਮਿਸਾਲੀ ਕੰਮ ਕੀਤੇ ਗਏ ਹਨ।
-----ਬਾਕਸ ਲਈ ਪ੍ਰਸਤਾਵਿਤ ------
ਡਿਪਟੀ ਕਮਿਸ਼ਨਰ ਵਲੋਂ ਪਟਵਾਰ ਭਵਨ ਦਾ ਦੌਰਾ, ਆਜ਼ਾਦੀ ਦਿਹਾੜੇ ਮੌਕੇ ਟੀਮ ਦਾ ਕੀਤਾ ਜਾਵੇਗਾ ਸਨਮਾਨ
ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਪਿੰਡ ਛਾਪਾ ਦੇ ਪਟਵਾਰ ਭਵਨ ਦਾ ਦੌਰਾ ਕੀਤਾ। ਓਹਨਾਂ ਪਟਵਾਰੀ ਇੰਦਰਜੀਤ ਸਿੰਘ, ਸਰਪੰਚ ਗੁਰਦੀਪ ਸਿੰਘ ਸਮੇਤ ਪਿੰਡ ਦੀ ਪੰਚਾਇਤ ਅਤੇ ਦਾਨੀ ਵਿਅਕਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਟੀਮ ਦੀ ਅਗਵਾਈ ਕਰਨ ਵਾਲੇ ਪਿੰਡ ਦੇ ਸਰਪੰਚ ਦਾ ਆਜ਼ਾਦੀ ਦਿਹਾੜੇ ਮੌਕੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਪਟਵਾਰੀ ਇੰਦਰਜੀਤ ਸਿੰਘ ਹੋਰਨਾਂ ਪਟਵਾਰੀਆਂ ਲਈ ਪ੍ਰੇਰਨਾ ਸਰੋਤ ਹੈ ਜਿਸ ਨੇ ਆਪਣੀ ਡਿਊਟੀ ਨਿਭਾਉਣ ਦੇ ਨਾਲ ਨਾਲ ਉੱਦਮ ਕਰਦੇ ਹੋਏ ਪਟਵਾਰ ਭਵਨ ਦੀ ਨੁਹਾਰ ਬਦਲਣ ਦੇ ਨਾਲ ਨਾਲ ਮਾਲ ਰਿਕਾਰਡ ਸਾਂਭਣ ਵਾਸਤੇ ਸੁਹਿਰਦ ਯਤਨ ਕੀਤੇ ਹਨ। ਇਸ ਮੌਕੇ ਉਹਨਾਂ ਨਾਲ ਐੱਸ ਡੀ ਐਮ ਮਹਿਲ ਕਲਾਂ ਬੇਅੰਤ ਸਿੰਘ ਸਿੱਧੂ, ਤਹਿਸੀਲਦਾਰ ਮਹਿਲ ਕਲਾਂ ਸੁਖਬੀਰ ਸਿੰਘ ਵੀ ਮੌਜੂਦ ਸਨ।
- Download Babushahi App
-
-