ਨਾਟਿਅਮ ਦਾ 15ਵਾਂ ਨੈਸ਼ਨਲ ਥੀਏਟਰ ਫੈਸਟੀਵਲ ਸ਼ੁਰੂ, ਪਹਿਲੀ ਰਾਤ ਵਿਸ਼ਵ ਪ੍ਰਸਿੱਧ ‘12 ਐਂਗਰੀ ਮੈਨ’ ਦਾ ਮੰਚਨ
-- ਦਿਨ ਵਿੱਚ ਟਾਕ ਸ਼ੋਅ, ਆਰਟ ਵਰਕਸ਼ਾਪ, ‘ਓਪਨ ਦਾ ਮਾਈਕ’ ਅਤੇ ‘ਮੀਟ ਦਾ ਡਾਇਰੈਕਟਰ’ ਪ੍ਰੋਗਰਾਮ ਕਰਵਾਏ
ਅਸ਼ੋਕ ਵਰਮਾ
ਬਠਿੰਡਾ, 27 ਸਤੰਬਰ 2026:ਨਾਟਿਅਮ ਦਾ 15 ਰੋਜ਼ਾ 15ਵਾਂ ਨੈਸ਼ਨਲ ਥੀਏਟਰ ਫੈਸਟੀਵਲ ਸ਼ਨੀਵਾਰ ਨੂੰ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਧੂਮਧਾਮ ਨਾਲ ਸ਼ੁਰੂ ਹੋਇਆ। ਫੈਸਟੀਵਲ ਦੀ ਸ਼ੁਰੂਆਤ ਨੈਸ਼ਨਲ ਬੁੱਕ ਟਰਸਟ ਸਮੇਤ ਅਨੇਕ ਪ੍ਰਕਾਸ਼ਕਾਂ ਵੱਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਈ। ਇਸ ਦਾ ਉਦਘਾਟਨ ਭਾਸ਼ਾ ਵਿਭਾਗ, ਪੰਜਾਬ ਦੇ ਡਾਇਰੈਕਟਰ ਅਤੇ ਪ੍ਰਸਿੱਧ ਕਵੀ ਡਾ. ਜਸਵੰਤ ਸਿੰਘ ਜ਼ਫ਼ਰ ਨੇ ਕੀਤਾ। ਇਸ ਮੌਕੇ ਸਾਹਿਤ ਅਤੇ ਰੰਗਮੰਚ ਨਾਲ ਜੁੜੀਆਂ ਕਈ ਪ੍ਰਮੁੱਖ ਹਸਤੀਆਂ ਮੌਜੂਦ ਰਹੀਆਂ।ਦਿਨ ਭਰ ਚੱਲੀਆਂ ਸਾਹਿਤਕ ਅਤੇ ਰੰਗਮੰਚੀ ਗਤੀਵਿਧੀਆਂ ਤੋਂ ਬਾਅਦ ਪਹਿਲੀ ਰਾਤ ਰਾਜਸਥਾਨ ਦੇ ਜੈਪੁਰ ਦੀ ਫੋਰਥ ਵਾਲ ਡਰਾਮੈਟਿਕ ਸੋਸਾਇਟੀ ਵੱਲੋਂ ਅਮਰੀਕੀ ਨਾਟਕਕਾਰ ਰੇਜਿਨਾਲਡ ਰੋਜ਼ ਵੱਲੋਂ ਲਿਖੇ, ਸੀਨੀਅਰ ਰੰਗਕਰਮੀ ਰਣਜੀਤ ਕਪੂਰ ਵੱਲੋਂ ਰੂਪਾਂਤਰਿਤ ਅਤੇ ਵਿਸ਼ਾਲ ਵਿਜੇ ਵੱਲੋਂ ਨਿਰਦੇਸ਼ਿਤ ਵਿਸ਼ਵ ਪ੍ਰਸਿੱਧ ਨਾਟਕ ‘12 ਐਂਗਰੀ ਮੈਨ’ ਦਾ ਮੰਚਨ ਕੀਤਾ ਗਿਆ। ਨਾਟਕ ਦੀ ਸ਼ੁਰੂਆਤ ਡਾ. ਜਸਵੰਤ ਸਿੰਘ ਜ਼ਫ਼ਰ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਇਹਨਾਂ ਵਿੱਚ ਵਿਸ਼ੇਸ਼ ਮਹਿਮਾਨ ਡੀਆਈਜੀ ਹਰਜੀਤ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਚੇਅਰਮੈਨ ਨੀਲ ਗਰਗ, ਮਿੱਤਲ ਗਰੁੱਪ ਦੇ ਐਮਡੀ ਰਾਜਿੰਦਰ ਮਿੱਤਲ, ਉਹਨਾਂ ਦੀ ਪਤਨੀ ਸਮਿਤਾ ਮਿੱਤਲ, ਡਰੀਮ ਹਾਈਟਸ ਦੇ ਐਮਡੀ ਸੁਨੀਲ ਬਾਂਸਲ, ਉਹਨਾਂ ਦੀ ਪਤਨੀ ਸੋਨੀਆ ਬਾਂਸਲ, ਸਾਗਾ ਦੇ ਐਮਡੀ ਅਨੀਸ਼ ਗੁਪਤਾ, ਬਠਿੰਡਾ ਨਿਊਰੋਸਪਾਈਨ ਸੈਂਟਰ ਦੇ ਐਮਡੀ ਡਾਕਟਰ ਰੋਨਲ ਕੌਸ਼ਲ, ਵਾਸੂ ਆਈ ਇੰਸਟੀਟਿਊਟ ਦੇ ਐਮਡੀ ਡਾਕਟਰ ਗੌਰਵ ਮੰਗਲਾ ਅਤੇ ਸਿਲਵਰ ਓਕਸ ਸਕੂਲ ਦੇ ਚੇਅਰਮੈਨ ਇੰਦਰਜੀਤ ਬਰਾੜ ਵੀ ਸ਼ਾਮਿਲ ਸਨ।
ਇੱਕ ਕਤਲ ਦੇ ਮਾਮਲੇ ਵਿੱਚ 12 ਮੈਂਬਰੀ ਜਿਊਰੀ ਵੱਲੋਂ ਕੀਤੇ ਜਾਣ ਵਾਲੇ ਵਿਚਾਰ-ਵਟਾਂਦਰੇ ’ਤੇ ਆਧਾਰਿਤ ਇਹ ਯਥਾਰਥਵਾਦੀ ਨਾਟਕ ਦਰਸ਼ਕਾਂ ਨੂੰ ਅੰਤ ਤੱਕ ਬੰਨ੍ਹ ਕੇ ਰੱਖਣ ਵਿੱਚ ਸਫਲ ਰਿਹਾ। ਨਾਟਕ ਵਿੱਚ ਅਦਾਲਤ ਵੱਲੋਂ ਨਿਯੁਕਤ 12 ਜਿਊਰੀ ਮੈਂਬਰਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬਸੰਮਤੀ ਨਾਲ ਮੁਲਜ਼ਮ ਨੂੰ ਦੋਸ਼ੀ ਜਾਂ ਬੇਦੋਸ਼ ਕਰਾਰ ਦੇਣ ਦਾ ਫੈਸਲਾ ਕਰਨਾ ਹੁੰਦਾ ਹੈ। ਨਿੱਜੀ ਪੱਖਪਾਤ, ਹਉਮੈ ਅਤੇ ਵੱਖ-ਵੱਖ ਸੋਚ ਕਾਰਨ ਉਨ੍ਹਾਂ ਲਈ ਸਰਬਸੰਮਤੀ ਵਾਲੇ ਫੈਸਲੇ ਤੱਕ ਪਹੁੰਚਣਾ ਆਸਾਨ ਨਹੀਂ ਰਹਿੰਦਾ। ਜਿਊਰੀ ਰੂਮ ਵਿੱਚ ਹੋਣ ਵਾਲੀ ਬਹਿਸ ਦੌਰਾਨ ਉਨ੍ਹਾਂ ਦੇ ਵਿਅਕਤੀਤਵ ਅਤੇ ਸੋਚ ਦੀਆਂ ਵੱਖ-ਵੱਖ ਪਰਤਾਂ ਸਾਹਮਣੇ ਆਉਂਦੀਆਂ ਹਨ। ਨਾਟਕ ਦੀ ਖ਼ਾਸੀਅਤ ਇਸ ਦੇ 12 ਕਲਾਕਾਰ ਰਹੇ, ਜਿਨ੍ਹਾਂ ਨੇ ਆਪਣੇ-ਆਪਣੇ ਕਿਰਦਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਜੀਵੰਤ ਕੀਤਾ। ਬਿਨਾਂ ਕਿਸੇ ਅੰਤਰਾਲ ਦੇ ਘਟਨਾਕ੍ਰਮ ਨੂੰ ਅੱਗੇ ਵਧਾਉਣ ਦੀ ਚੁਣੌਤੀ ਨੂੰ ਕਲਾਕਾਰਾਂ ਨੇ ਮਜ਼ਬੂਤ ਅਦਾਕਾਰੀ ਅਤੇ ਪ੍ਰਭਾਵਸ਼ਾਲੀ ਸੰਵਾਦ ਅਦਾਇਗੀ ਨਾਲ ਬਾਖੂਬੀ ਨਿਭਾਇਆ। ਇਸ ਨਾਲ ਦਰਸ਼ਕਾਂ ਦੀ ਦਿਲਚਸਪੀ ਨਾਟਕ ਦੇ ਅੰਤ ਤੱਕ ਬਣੀ ਰਹੀ।
ਡਾ. ਜ਼ਫ਼ਰ ਨਾਲ ਟਾਕ ਸ਼ੋਅ ਵਿੱਚ ਵਿਦਿਆਰਥਣਾਂ ਨੇ ਕੀਤੇ ਸਵਾਲ
- ਨਾਟਕ ਤੋਂ ਪਹਿਲਾਂ ਪੁਸਤਕ ਪ੍ਰਦਰਸ਼ਨੀ ਦੇ ਉਦਘਾਟਨ ਤੋਂ ਬਾਅਦ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਜਸਵੰਤ ਸਿੰਘ ਜ਼ਫ਼ਰ ਨਾਲ ਟਾਕ ਸ਼ੋਅ ਕਰਵਾਇਆ ਗਿਆ। ਇਸ ਵਿੱਚ ਸਕੂਲਾਂ ਦੀਆਂ ਵਿਦਿਆਰਥਣਾਂ ਨੇ ਉਨ੍ਹਾਂ ਦੇ ਜੀਵਨ ਅਤੇ ਰਚਨਾ ਸੰਸਾਰ ਨਾਲ ਸਬੰਧਤ ਸਵਾਲ ਪੁੱਛੇ। ਡਾ. ਜ਼ਫ਼ਰ ਨੇ ਸਹਿਜਤਾ ਨਾਲ ਵਿਦਿਆਰਥਣਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਸ਼ੁਰੂਆਤ ਘਰ-ਪਰਿਵਾਰ ਤੋਂ ਕਰਨੀ ਚਾਹੀਦੀ ਹੈ।
ਆਰਟ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਸਿੱਖੀਆਂ ਚਿੱਤਰਕਲਾ ਦੀਆਂ ਬਾਰੀਕੀਆਂ
- ਸ਼ਾਮ ਦੇ ਸੈਸ਼ਨ ਵਿੱਚ ਆਰਟ ਵਰਕਸ਼ਾਪ ਕਰਵਾਈ ਗਈ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਫਾਈਨ ਆਰਟਸ ਦੇ ਅਧਿਆਪਕ ਸੁਖਦਰਸ਼ਨ ਸਿੰਘ ਸੋਹਲ ਨੇ ਵਿਦਿਆਰਥੀਆਂ ਨੂੰ ਪੇਂਟਿੰਗ, ਫੇਸ ਪੇਂਟਿੰਗ, ਟੈਟੂ ਅਤੇ ਪੋਸਟਰ ਮੇਕਿੰਗ ਸਮੇਤ ਵੱਖ-ਵੱਖ ਕਲਾਵਾਂ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ‘ਓਪਨ ਦਾ ਮਾਈਕ’ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਗਾਇਕੀ, ਕਵਿਤਾ ਅਤੇ ਸ਼ਾਇਰੀ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
‘ਮੀਟ ਦਾ ਡਾਇਰੈਕਟਰ’ ਵਿੱਚ ਰੰਗਮੰਚ ਦੀਆਂ ਬਾਰੀਕੀਆਂ ਤੋਂ ਕਰਵਾਇਆ ਜਾਣੂ
- ਨਾਟਕ ਤੋਂ ਪਹਿਲਾਂ ‘ਮੀਟ ਦਾ ਡਾਇਰੈਕਟਰ’ ਪ੍ਰੋਗਰਾਮ ਵਿੱਚ ‘12 ਐਂਗਰੀ ਮੈਨ’ ਦੇ ਨਿਰਦੇਸ਼ਕ ਵਿਸ਼ਾਲ ਵਿਜੇ ਨੇ ਵਿਦਿਆਰਥੀਆਂ ਅਤੇ ਕਲਾ ਪ੍ਰੇਮੀਆਂ ਨਾਲ ਸੰਵਾਦ ਕੀਤਾ। ਉਨ੍ਹਾਂ ਨੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਰੰਗਮੰਚ ਦੀ ਵਿਧਾ ਅਤੇ ਨਾਟਕ ਕਲਾ ਨਾਲ ਜੁੜੀਆਂ ਵੱਖ-ਵੱਖ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕ੍ਰਿਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਸਮੇਤ ਹੋਰ ਪਤਵੰਤੇ ਵਿਅਕਤੀ ਮੌਜੂਦ ਰਹੇ।
- Download Babushahi App
-
-