ਕਿਰਤੀ ਕਿਸਾਨ ਯੂਨੀਅਨ ਦਾ ਜਿਲ੍ਹਾ ਇਜਲਾਸ ਖੱਟਕੜ ਕਲਾਂ ਵਿਖੇ ਹੋਇਆ
ਸੁਰਿੰਦਰ ਸਿੰਘ ਬੈਂਸ ਜਿਲਾ ਪ੍ਰਧਾਨ ਅਤੇ ਤਰਸੇਮ ਸਿੰਘ ਬੈਂਸ ਜਿਲਾ ਸਕੱਤਰ ਬਣੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਅਗਸਤ, 2026- ਅੱਜ ਬੀਬੀ ਅਮਰ ਕੌਰ ਯਾਦਗਾਰੀ ਭਵਨ ਖੱਟਕੜ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਡੇਲੀਗੇਟ ਇਜਲਾਸ ਹੋਇਆ। ਭੂਪਿੰਦਰ ਸਿੰਘ ਵੜੈਚ ਨੇ ਜਥੇਬੰਦੀ ਦੀ ਸਰਗਰਮੀਆਂ ਦੀ ਰੀਵੀਊ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਉਹਨਾਂ ਦੀ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸਾਡੀਆਂ ਨੂੰ ਅਤੇ ਪੰਜਾਬ ਵਿਆਪੀ ਸੱਦਆਂ ਨੂੰ ਲਾਗੂ ਕੀਤਾ। ਜਿਹਨਾਂ ਵਿੱਚ ਟਰੈਕਟਰ ਮਾਰਚ,ਧਰਨੇ, ਮੁਜਾਹਰੇ ਰੈਲੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਜਥੇਬੰਦੀ ਨੇ ਸਥਾਨਕ ਪੱਧਰ ਉੱਤੇ ਵੀ ਕਈ ਸੰਘਰਸ਼ ਲੜੇ। ਇਸ ਸਮੇਂ ਜਿੱਥੇ ਜਿਲੇ ਦੇ ਕਈ ਪਿੰਡਾਂ ਵਿੱਚ ਜਥੇਬੰਦੀ ਦੀਆਂ ਇਕਾਈਆਂ ਹਨ ਉਥੇ 8 ਪਿੰਡਾਂ ਵਿੱਚ ਯੂਨੀਅਨ ਦੇ ਇਸਤਰੀ ਵਿੰਗ ਦੀਆਂ ਵੀ ਇਕਾਈਆਂ ਵੀ ਹਨ।
ਜਿਸ ਉੱਤੇ ਡੇਲੀਗੇਟਾਂ ਨੇ ਬਹਿਸ ਕੀਤੀ।ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਆਬਜ਼ਰਬਰ ਚਮਕੌਰ ਸਿੰਘ ਰੋਡੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਖੇਤਬਾੜੀ ਉੱਤੇ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੀ ਹੈ ਇਸਦੀ ਤਾਜ਼ਾ ਉਦਾਹਰਣ ਭਾਰਤ ਅਮਰੀਕਾ ਵਪਾਰ ਸਮਝੌਤਾ ਹੈ ਜਿਸ ਦੇ ਅਮਲ ਵਿਚ ਆਉਂਦਿਆਂ ਨਾ ਸਿਰਫ ਖੇਤੀਬਾੜੀ ਪੱਖੋਂ ਕਿਸਾਨ ਰੁਲ ਜਾਵੇਗਾ ਸਗੋ ਡੇਅਰੀ ਫਾਰਮਿੰਗ,ਪੋਲਟਰੀ ਫਾਰਮਿੰਗ ਆਦਿ ਸਹਾਇਕ ਧੰਦੇ ਵੀ ਬਰਬਾਦ ਹੋ ਜਾਣਗੇ ਇਸ ਲਈ ਕਿਰਤੀ ਕਿਸਾਨ ਯੂਨੀਅਨ ਇਸ ਸਮਝੌਤੇ ਦੀ ਸਖ਼ਤ ਵਿਰੋਧੀ ਹੈ।ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੀ ਕਮੀਂ ਵੱਡੇ ਪੱਧਰ ਉੱਤੇ ਹੈ,ਪਾਣੀ ਬੜੀ ਤੇਜੀ ਨਾਲ ਹੇਠਾਂ ਜਾ ਰਿਹਾ ਹੈ।ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ ਇਹ ਸਰਕਾਰ ਇਹ ਪਾਣੀ ਲੁੱਟ ਰਹੀ ਹੈ।ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚੋਂ ਪੰਜਾਬ ਦੀ ਮੈਂਬਰੀ ਖ਼ਤਮ ਕਰ ਦਿੱਤੀ ਗਈ ਹੈ। ਫ਼ਸਲਾਂ ਦੇ ਉਤਪਾਦਨ ਦਾ ਖਰਚਾ ਵੱਧ ਰਿਹਾ ਹੈ ਜਦਕਿ ਉਸ ਹਿਸਾਬ ਨਾਲ ਕਿਸਾਨ ਨੂੰ ਫ਼ਸਲਾਂ ਦਾ ਮੁੱਲ ਨਹੀਂ ਮਿਲ ਰਿਹਾ।ਉਹਨਾਂ ਕਿਹਾ ਕਿ ਦੇਸ਼ ਦੇ ਹਾਕਮਾਂ ਦਾ ਖਾਸਾ ਫਾਸ਼ੀਵਾਦੀ ਹੈ ਜੋ ਹੈ ਲੋਕ ਘੋਲ ਨੂੰ ਜਬਰ ਨਾਲ ਦਬਾਉਣਾ ਚਾਹੁੰਦੀ ਹੈ ।
ਕਿਸਾਨੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਕਿਸਾਨੀ ਘੋਲ ਵਰਗਾ ਤਿੱਖਾ ਘੋਲ ਲੜਨਾ ਪਵੇਗਾ।ਇਸਦੇ ਲਈ ਜਥੇਬੰਦੀ ਨੂੰ ਮਜ਼ਬੂਤ ਅਤੇ ਜੁਝਾਰੂ ਬਣਾਉਣਾ ਪਾਵੇਗਾ। ਇਸ ਮੌਕੇ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ,ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰੀ ਰਾਮ ਰਸੂਲਪੁਰੀ ਨੇ ਭਰਾਤਰੀ ਜਥੇਬੰਦੀਆਂ ਦੇ ਸੰਦੇਸ਼ ਦਿੱਤੇ।ਮੰਚ ਸੰਚਾਲਨਾ ਤਰਸੇਮ ਸਿੰਘ ਬੈਂਸ ਨੇ ਕੀਤੀ। ਇਸ ਮੌਕੇ 15 ਮੈਂਬਰੀ ਜਿਲ੍ਹਾ ਕਮੇਟੀ ਚੁਣੀ ਗਈ ਇਸ ਕਮੇਟੀ ਨੇ ਸੁਰਿੰਦਰ ਸਿੰਘ ਬੈਂਸ ਨੂੰ ਜਿਲ੍ਹਾ ਪ੍ਰਧਾਨ, ਬਿੱਕਰ ਸਿੰਘ ਸ਼ੇਖੂਪੁਰ ਬਾਗ਼ ਨੂੰ ਜਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਬੈਂਸ ਨੂੰ ਜਿਲ੍ਹਾ ਸਕੱਤਰ ਅਤੇ ਬਲਵੀਰ ਸਿੰਘ ਸਕੋਹ ਪੁਰ ਨੂੰ ਵਿੱਤ ਸਕੱਤਰ ਚੁਣਿਆ ।ਅੰਤ ਵਿੱਚ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰਨ, ਯੂ ਏ ਪੀ ਏ, ਐਨ ਐਸ ਏ, ਏਸਮਾ ਆਦਿ ਕਾਲੇ ਕਾਨੂੰਨ ਰੱਦ ਕਰਨ, ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਅਤੇ ਪੰਜਾਬ ਵਿਧਾਨ ਸਭਾ ਵਿਚ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਲਈ ਮਤਾ ਪਾਸ ਕਰਨ ਦੇ ਮਤੇ ਇਜਲਾਸ ਵਿੱਚ ਪਾਸ ਕੀਤੇ ਗਏ।
- Download Babushahi App
-
-