ਕਾਰਪੋਰੇਟਾਂ ਦੀ ਲੁੱਟ ਅਤੇ ਫ਼ਿਰਕੂ ਫਾਸ਼ੀਵਾਦ ਵਿਰੁੱਧ ਏਕਤਾ ਅਤੇ ਸੰਘਰਸ਼ ਤਕੜਾ ਕਰਨ ਦਾ ਸੱਦਾ
ਅਸ਼ੋਕ ਵਰਮਾ
ਬਰਨਾਲਾ, 9 ਜੁਲਾਈ 2026:ਮੁਲਕ ਦੀਆਂ ਚਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਸਾਨ ਏਕਤਾ ਕੇਂਦਰ, ਸੰਗਰਾਮੀ ਕਿਸਾਨ ਸੰਮਤੀ ਅਤੇ ਕ੍ਰਾਂਤੀਕਾਰੀ ਕਿਸਾਨ ਮੰਚ ਵੱਲੋਂ ਦਿਨੋ ਦਿਨ ਗਹਿਰੇ ਹੋ ਰਹੇ ਖੇਤੀਬਾੜੀ ਸੰਕਟ ਸਬੰਧੀ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਇਹ ਵਿਚਾਰ ਚਰਚਾ ਲਈ ਮਨਜੀਤ ਸਿੰਘ ਧਨੇਰ, ਮੋਨੂੰ ਤੋਮਰ, ਸ਼ਿਵਦੇਵ ਸਿੰਘ, ਰੰਜਨਾ, ਸੌਰਿਆ ਮਜੂਮਦਾਰ, ਸੰਜੀਵ ਤੋਮਰ, ਆਸ਼ੂ ਵਰਮਾ, ਹਰਜਿੰਦਰ ਕੌਰ, ਸੋਰੇੰਦਰ ਨਾਥ ਚੈਟਰਜੀ ਅਤੇ ਸ਼ਰੇਆ ਤੇ ਅਧਾਰਿਤ ਅੱਠ ਮੈਂਬਰੀ ਪ੍ਰਧਾਨਗੀ ਮੰਡਲ ਬਣਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ ਅਜਮੇਰ ਅਕਲੀਆ ਦੇ ਗੀਤ ਨਾਲ ਸ਼ਰਧਾਂਜਲੀ ਭੇਂਟ ਕਰਦਿਆਂ ਹੋਈ। ਇਸ ਕਨਵੈਨਸ਼ਨ/ਵਿਚਾਰ ਚਰਚਾ ਨੂੰ ਤਿੰਨ ਸ਼ੈਸ਼ਨਾਂ ਵਿੱਚ ਵੰਡਿਆ ਗਿਆ। ਪਹਿਲੇ ਸੈਸ਼ਨ ਵਿੱਚ ਹਰ ਜਥੇਬੰਦੀ ਨੇ ਆਪੋ ਆਪਣੀ ਜਾਣ ਪਛਾਣ, ਮਹੱਤਵਪੂਰਨ ਗਤੀਵਿਧੀਆਂ, ਕੀਤੇ ਸੰਘਰਸ਼, ਕੰਮਕਾਜ ਅਤੇ ਸੰਗਠਨ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ।
ਦੂਜੇ ਸੈਸ਼ਨ ਵਿੱਚ ਖੇਤੀਬਾੜੀ ਖੇਤਰ ਦੀ ਸਥਿਤੀ ਅਤੇ ਸਮੱਸਿਆਵਾਂ ਅਤੇ ਤੀਜੇ ਸੈਸ਼ਨ ਵਿੱਚ ਭਾਰਤ ਪੱਧਰ 'ਤੇ ਕਿਸਾਨ ਅੰਦੋਲਨ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦਾ ਟਾਕਰਾ ਕਰਨ ਲਈ ਚਰਚਾ ਕੀਤੀ ਗਈ।
ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਜੀ ਆਇਆਂ ਕਿਹਾ। ਚਰਚਾ ਦੌਰਾਨ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ, ਕਿਸਾਨ ਏਕਤਾ ਕੇਂਦਰ ਵੱਲੋਂ ਮੋਹਿਤ ਪੁੰਡੀਰ, ਪ੍ਰਵੀਨ ਚੌਧਰੀ, ਕ੍ਰਾਂਤੀਕਾਰੀ ਕਿਸਾਨ ਮੰਚ ਵੱਲੋਂ ਚੰਦਨ, ਹਿਮਾਂਸ਼ੂ, ਲਾਲੂ ਤਿਵਾੜੀ, ਸੰਗਰਾਮੀ ਕਿਸਾਨ ਸੰਮਤੀ ਵੱਲੋਂ ਸੋਰੇੰਦਰ ਨਾਥ ਚੈਟਰਜੀ ਅਤੇ ਪਰਾਗ ਨੇ ਆਪੋ ਆਪਣੀ ਜਥੇਬੰਦੀ ਦੀ ਜਾਣ ਪਛਾਣ ਕਰਵਾਉਣ ਦੇ ਨਾਲ ਨਾਲ, ਕੰਮ ਖੇਤਰ ਅੰਦਰ ਖੇਤੀਬਾੜੀ ਸੰਕਟ ਦੀਆਂ ਸਮੱਸਿਆਵਾਂ, ਜਥੇਬੰਦਕ ਸੰਘਰਸ਼ ਦੀ ਰੂਪ ਰੇਖਾ, ਤਜਰਬੇ ਸਾਂਝੇ ਕੀਤੇ। ਸੰਕਟ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆ ਅੰਦਰ ਸਾਮਰਾਜੀ ਪ੍ਰਬੰਧ ਗਹਿਰੇ ਆਰਥਿਕ ਸਿਆਸੀ ਸੰਕਟ ਦਾ ਸ਼ਿਕਾਰ ਹੈ। ਇਸ ਸੰਕਟ 'ਚੋਂ ਨਿਕਲਣ ਲਈ ਵੱਡੇ ਸਾਮਰਾਜੀ ਦੇਸ਼ਾਂ ਦੇ ਆਪਸੀ ਵਿਰੋਧ ਤਿੱਖੇ ਹੋ ਗਏ ਹਨ।
ਉਹਨਾਂ ਕਿਹਾ ਕਿ ਸਾਮਰਾਜੀ ਪ੍ਰਬੰਧ ਦੀ ਸਭ ਤੋਂ ਵੱਡੀ ਤਾਕਤ ਅਮਰੀਕੀ ਸਾਮਰਾਜਵਾਦ ਆਪਣੇ ਸੰਕਟ ਦਾ ਬੋਝ ਗਰੀਬ ਦੇਸ਼ਾਂ ਉੱਪਰ ਸੁੱਟਣ ਲਈ ਖੁੱਲ੍ਹੇਆਮ ਹਮਲੇ ਅਤੇ ਜੰਗਾਂ ਲਾਉਣ ਉੱਪਰ ਉੱਤਰ ਆਇਆ ਹੈ। ਇਸ ਦੇ ਨਾਲ ਉਹ ਆਪਣੀਆਂ ਸ਼ਰੀਕ ਹੋਰ ਵੱਡੀਆਂ ਸਾਮਰਾਜੀ ਤਾਕਤਾਂ ਨੂੰ ਵੀ ਦਬਕੇ ਮਾਰ ਰਿਹਾ ਹੈ। ਉਸ ਨੇ ਆਪਣੇ ਵਪਾਰਕ ਘਾਟੇ ਨੂੰ ਪੂਰਾ ਕਰਨ ਲਈ ਦੁਨੀਆ ਦੇ ਬਹੁਤ ਸਾਰੇ ਛੋਟੇ ਵੱਡੇ ਦੇਸ਼ਾਂ ਨੂੰ ਉਨਾਂ ਦੇ ਮਾਲ ਉਪਰ ਭਾਰੀ ਟੈਕਸ ਲਾਉਣ ਅਤੇ ਅਮਰੀਕਾ ਦੇ ਮਾਲ ਉੱਪਰ ਟੈਕਸ ਛੋਟਾਂ ਦੇਣ ਲਈ ਵਾਰ ਵਾਰ ਘੁਰਕੀਆਂ ਦਿੱਤੀਆਂ ਹਨ। ਇਸ ਨਾਲ ਵੱਡੇ ਸਾਮਰਾਜੀ ਦੇਸ਼ਾਂ ਵੱਲੋਂ ਆਪਸੀ ਰਜਾਮੰਦੀ ਨਾਲ ਦੁਨੀਆ ਅੰਦਰ ਕਾਇਮ ਕੀਤਾ ਵਪਾਰਕ ਪ੍ਰਬੰਧ ਜੋ ਸੰਸਾਰ ਵਪਾਰ ਜਥੇਬੰਦੀ ਦੇ ਰੂਪ 'ਚ ਸਾਹਮਣੇ ਆਇਆ ਸੀ ਉਹ ਹੁਣ ਵਿਖਰ ਰਿਹਾ ਹੈ। ਅਮਰੀਕੀ ਸਾਮਰਾਜਵਾਦ ਨੇ ਲੁੱਟ ਖੋਹ ਨੂੰ ਤੇਜ਼ ਕਰਨ ਲਈ ਸੰਸਾਰ ਵਪਾਰ ਜਥੇਬੰਦੀ ਦੀਆਂ ਧੱਜੀਆਂ ਉਡਾਉਂਦੇ ਹੋਏ ਅਮਰੀਕਾ 'ਚ ਆਉਣ ਵਾਲੀਆਂ ਸਾਰੇ ਦੇਸ਼ਾਂ ਦੀਆਂ ਵਸਤਾਂ ਉੱਪਰ ਭਾਰੀ ਟੈਕਸ ਲਾਉਣ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਧੱਕੜ ਕਾਰਵਾਈਆਂ ਕਰਨ ਦੇ ਐਲਾਨ ਕੀਤੇ ਹਨ।
ਉਹਨਾਂ ਕਿਹਾ ਕਿ ਉਸ ਨੇ ਅਜਿਹੇ ਐਲਾਨ ਭਾਰਤ ਦੇ ਖ਼ਿਲਾਫ਼ ਵੀ ਕੀਤੇ ਹਨ ਤਾਂ ਕਿ ਮੋਦੀ ਸਰਕਾਰ ਨੂੰ ਯਰਕਾ ਕੇ ਅਮਰੀਕਾ ਦੇ ਹਿੱਤਾਂ ਮੁਤਾਬਿਕ ਵਪਾਰਕ ਸਮਝੌਤਾ ਕੀਤਾ ਜਾਵੇ। ਇਹੀ ਨਹੀਂ ਜਦੋਂ ਇਰਾਨ ਦੇ ਖ਼ਿਲਾਫ਼ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਮਿਲ ਕੇ ਜੰਗ ਛੇੜੀ ਗਈ ਤਾਂ ਤੇਲ ਗੈਸ ਅਤੇ ਖਾਦ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਣ ਅਤੇ ਇਹਨਾਂ ਵਸਤਾਂ ਦੀ ਭਾਰੀ ਕਿੱਲਤ ਹੋਣ ਲੱਗੀ ਤਾਂ ਦੇਸ਼ ਦੀਆਂ ਲੋੜਾਂ ਦੇ ਮੱਦੇ ਨਜ਼ਰ ਜਦੋਂ ਭਾਰਤ ਸਰਕਾਰ ਨੇ ਰੂਸ ਅਤੇ ਕੁੱਝ ਹੋਰ ਦੇਸ਼ਾਂ ਤੋਂ ਤੇਲ ਅਤੇ ਗੈਸ ਅਤੇ ਖਾਦ ਮੰਗਵਾਉਣ ਦਾ ਪ੍ਰੋਗਰਾਮ ਬਣਾਇਆ ਤਾਂ ਅਮਰੀਕੀ ਸਾਮਰਾਜ ਦੀ ਘੁਰਕੀ ਹੇਠ ਮੋਦੀ ਸਰਕਾਰ ਨੇ ਦੇਸ਼ ਦੇ ਹਿੱਤਾਂ ਨੂੰ ਦਾਅ ਤੇ ਲਾ ਕੇ ਰੂਸ ਤੋਂ ਤੇਲ ਮੰਗਵਾਉਣਾ ਬੰਦ ਕਰ ਦਿੱਤਾ। ਉਸ ਨੇ ਅਮਰੀਕੀ ਦਬਾਅ ਹੇਠ ਇਰਾਨ ਅਤੇ ਗ਼ਜ਼ਾ ਵਿੱਚ ਅਮਰੀਕਾ ਅਤੇ ਇਜਰਾਈਲ ਵੱਲੋਂ ਛੇੜੀ ਨਸਲ ਘਾਤੀ ਜ਼ੰਗ ਦੀ ਨਿਖੇਧੀ ਕਰਨ ਤੋਂ ਵੀ ਟਾਲਾ ਵੱਟਿਆ ਜਿਸ ਨਾਲ ਨਾ ਸਿਰਫ਼ ਭਾਰਤ ਦੇ ਆਰਥਿਕ ਹਿੱਤਾਂ ਨੂੰ ਸੱਟ ਵੱਜੀ ਬਲਕਿ ਦੁਨੀਆ ਅੰਦਰ ਇਸ ਦੇ ਮਾਨ ਸਨਮਾਨ ਨੂੰ ਭਾਰੀ ਹਰਜਾ ਹੋਇਆ। ਅਮਰੀਕਾ ਅਤੇ ਹੋਰ ਸਾਮਰਾਜੀ ਦੇਸ਼ਾਂ ਨਾਲ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਪਾਰਕ ਸਮਝੌਤਿਆਂ ਨਾਲ ਜਿੱਥੇ ਬਹੁਰਾਸ਼ਟਰੀ ਕੰਪਨੀਆਂ ਅਤੇ ਭਾਰਤ ਦੇ ਕਾਰਪੋਰੇਟ ਘਰਾਣੇ ਆਪਣੇ ਵਪਾਰ ਅਤੇ ਮੁਨਾਫ਼ੇ ਖੂਬ ਵਧਾਉਣਗੇ ਉੱਥੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਅਤੇ ਛੋਟੇ ਉਦਯੋਗਪਤੀਆਂ ਦਾ ਵੱਡੀ ਪੱਧਰ ਤੇ ਉਜਾੜਾ ਹੋਵੇਗਾ। ਮੋਦੀ ਸਰਕਾਰ ਖੇਤੀਬਾੜੀ ਸੈਕਟਰ ਪੂਰੀ ਤਰ੍ਹਾਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਮਨਸ਼ਾ ਪਾਲ ਰਹੀ ਹੈ। ਉਹ ਦੇਸ਼ ਦਾ ਜਲ ਜੰਗਲ਼ ਅਤੇ ਜ਼ਮੀਨ ਇਹਨਾਂ ਕਾਰਪੋਰੇਟਾਂ ਨੂੰ ਸੌਂਪਣ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕਰ ਚੁੱਕੀ ਹੈ ਅਤੇ ਹੁਣ ਖੇਤੀ ਖੇਤਰ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਰੱਸੇ ਪੈੜੇ ਵੱਟ ਰਹੀ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਇਹਨਾਂ ਕਾਰਪੋਰੇਟਾਂ ਲਈ ਮੋਦੀ ਸਰਕਾਰ ਖੂਬ ਰਾਸ ਆ ਰਹੀ ਹੈ। ਇਹੀ ਕਾਰਨ ਹੈ ਕਿ ਦੇਸ਼ੀ ਵਿਦੇਸ਼ੀ ਧੰਨਾਂ ਸੇਠ ਭਾਜਪਾ ਅਤੇ ਆਰਐਸਐਸ ਦੇ ਫ਼ਿਰਕੂ ਫਾਸ਼ੀਵਾਦ ਦੀ ਪਿੱਠ ਠੋਕ ਰਹੇ ਹਨ। ਮੋਦੀ ਸਰਕਾਰ ਨੇ ਦੇਸ਼ ਅੰਦਰ ਹਰ ਵਰਗ ਉੱਪਰ ਆਪਣਾ ਫ਼ਿਰਕੂ ਫਾਸ਼ੀ ਹੱਲਾ ਵਿੱਢਿਆ ਹੋਇਆ ਹੈ। ਇਹ ਮਜ਼ਦੂਰਾਂ-ਕਿਸਾਨਾਂ ਤੋਂ ਇਲਾਵਾ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ, ਆਦਿਵਾਸੀ ਕਬੀਲਿਆਂ, ਔਰਤਾਂ, ਦਲਿਤਾਂ ਅਤੇ ਵੱਖ-ਵੱਖ ਕੌਮੀਅਤਾਂ ਦੇ ਹਿੱਤਾਂ ਲਈ ਵੱਡੀ ਖ਼ਤਰਾ ਬਣੀ ਹੋਈ ਹੈ। ਯੂਏਪੀਏ, ਪੀਐਮਐਲਏ ਆਦਿ ਲੋਕ ਵਿਰੋਧੀ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਵਿਦਿਆਰਥੀਆਂ, ਵਕੀਲਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਰੱਖਿਆ ਹੋਇਆ ਹੈ। ਮੋਦੀ ਸਰਕਾਰ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਦੀ ਅਗਵਾਈ 'ਚ ਫ਼ਿਰਕੂ ਫਾਸ਼ੀ ਸ਼ਕਤੀਆਂ ਲੋਕਾਂ ਦੀਆਂ ਧਾਰਮਿਕ ਆਧਾਰ ਤੇ ਵੰਡੀਆਂ ਪਾ ਕੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਹਕੂਮਤੀ ਦਮਨ ਨਾਲ ਕੁਚਲਣ ਦੇ ਰਾਹ ਪਈਆਂ ਹੋਈਆਂ ਹਨ। ਅਜਿਹੀ ਹਾਲਤ 'ਚ ਮੋਦੀ ਸਰਕਾਰ ਦੇ ਫ਼ਿਰਕੂ ਫਾਸ਼ੀਵਾਦ ਅਤੇ ਉਸ ਦੀਆਂ ਦੇਸੀ ਵਿਦੇਸ਼ੀ ਕਾਰਪਰੇਟ ਪੱਖੀ ਨੀਤੀਆਂ ਨੂੰ ਭਾਂਜ ਦੇਣ ਲਈ ਕਿਸਾਨਾਂ ਨੂੰ ਹੀ ਨਹੀਂ ਸਗੋਂ ਸਾਰੇ ਲੁੱਟੇ ਅਤੇ ਦੱਬੇ ਕੁਚਲੇ ਜਾ ਰਹੇ ਲੋਕਾਂ ਨੂੰ ਵਿਸ਼ਾਲ ਏਕਾ ਕਾਇਮ ਕਰਕੇ ਉਨ੍ਹਾਂ ਨੂੰ ਭਾਂਜ ਦੇਣ ਦੀ ਜ਼ਰੂਰਤ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ 'ਚ ਆਪਣਾ ਯੋਗਦਾਨ ਪਾਉਣ ਲਈ ਸਾਨੂੰ ਆਪਸੀ ਸਾਂਝ ਹੋਰ ਪੱਕੀ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਅਤੇ ਹੋਰ ਕਿਸਾਨ ਮਜ਼ਦੂਰ ਪਲੇਟ ਫਾਰਮਾਂ ਅਤੇ ਹੋਰ ਮਿਹਨਤਕਸ਼ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਮੁੱਦਾ ਅਧਾਰਤ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ। ਅਜਿਹਾ ਵਿਸ਼ਾਲ ਏਕਾ ਅਤੇ ਸੰਘਰਸ਼ ਹੀ ਕਾਰਪੋਰੇਟੀ ਲੁੱਟ ਅਤੇ ਭਾਜਪਾ ਆਰਐਸਐਸ ਦੇ ਫ਼ਿਰਕੂ ਫਾਸ਼ੀਵਾਦ ਦਾ ਟਾਕਰਾ ਕਰ ਸਕਦਾ ਹੈ।
ਅੱਜ ਦੇ ਇਕੱਠ ਨੇ ਗੰਗਾਨਗਰ ਅਤੇ ਕੋਲਕਾਤਾ ਵਿਖੇ 11 ਅਤੇ 13 ਸਾਲ ਦੀਆਂ ਬੱਚੀਆਂ ਨਾਲ ਸਮੂਹਿਕ ਜ਼ਬਰ ਜ਼ਿਨਾਹ ਅਤੇ ਕਤਲ ਦੀਆਂ ਸ਼ਰਮਨਾਕ ਘਿਨਾਉਣੀਆਂ ਵਾਰਦਾਤਾਂ ਦੀ ਸਖ਼ਤ ਨਿਖੇਧੀ ਕਰਦਿਆਂ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਨ ਤੋਂ ਇਲਾਵਾ ਨੋਇਡਾ, ਫਰੀਦਾਬਾਦ, ਗੁੜਗਾਓਂ, ਮਾਨੇਸਰ ਆਦਿ ਥਾਵਾਂ 'ਤੇ ਘੱਟੋ ਘੱਟ ਉਜ਼ਰਤਾਂ ਲਈ ਚੱਲੇ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਸਬੰਧੀ ਮਤੇ ਪਾਸ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੁਬਾਰਾ ਜਾਰੀ ਕਰਕੇ, ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਦੇ ਖ਼ਿਲਾਫ਼ ਵੀ ਮਤਾ ਪਾਸ ਕੀਤਾ ਗਿਆ।
ਸਟੇਜ ਸਕੱਤਰ ਦੇ ਫਰਜ਼ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਬਾਖ਼ੂਬੀ ਨਿਭਾਏ। ਅਜਮੇਰ ਅਕਲੀਆ, ਬਲਦੇਵ ਮੰਡੇਰ, ਮੰਦਰ ਜੱਸੀ ਅਤੇ ਸ਼ਮਸ਼ੇਰ ਕਲਾ ਮੰਚ ਵੱਲੋਂ ਇਨਕਲਾਬੀ ਗੀਤਾਂ ਨਾਲ ਖ਼ੂਬ ਜੋਸ਼ ਭਰਿਆ।
- Download Babushahi App
-
-