ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਦਾ ਸੰਦੇਸ਼ – "ਜਿਵੇਂ ਮੈਂ ਰੰਗਾਂ ਨਾਲ ਤਸਵੀਰ ਚਿੱਤਰਦਾ ਹਾਂ, ਤਿਵੇਂ ਤੁਸੀਂ ਐਨਿਊਮਰੇਸ਼ਨ ਫਾਰਮ ਭਰ ਕੇ ਲੋਕਤੰਤਰ ਦੀ ਸੋਹਣੀ ਤਸਵੀਰ ਚਿੱਤਰ ਸਕਦੇ ਹੋ"
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜੁਲਾਈ:
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸ.ਆਈ.ਆਰ.-2026) ਮੁਹਿੰਮ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਹੇਠ ਸਵੀਪ ਟੀਮ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।
ਇਸੇ ਲੜੀ ਤਹਿਤ ਅੱਜ ਉੱਘੇ ਚਿੱਤਰਕਾਰ, ਰਾਸ਼ਟਰਪਤੀ ਅਵਾਰਡੀ ਅਤੇ ਜ਼ਿਲ੍ਹਾ ਆਈਕਨ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਆਪਣੀ ਕਰਮਭੂਮੀ ਸਰਕਾਰੀ ਹਾਈ ਸਕੂਲ, ਲਾਂਡਰਾ ਵਿਖੇ ਆਪਣਾ ਐਨਿਊਮਰੇਸ਼ਨ ਫਾਰਮ ਭਰਿਆ ਅਤੇ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ, "ਜਿਵੇਂ ਮੈਂ ਰੰਗਾਂ ਨਾਲ ਸੁੰਦਰ ਤਸਵੀਰਾਂ ਚਿੱਤਰਦਾ ਹਾਂ, ਉਸੇ ਤਰ੍ਹਾਂ ਹਰ ਨਾਗਰਿਕ ਐਨਿਊਮਰੇਸ਼ਨ ਫਾਰਮ ਭਰ ਕੇ ਲੋਕਤੰਤਰ ਦੀ ਸਹੀ ਅਤੇ ਸੁੰਦਰ ਤਸਵੀਰ ਚਿੱਤਰ ਸਕਦਾ ਹੈ। ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਲਈ ਹਰ ਯੋਗ ਨਾਗਰਿਕ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ।"
ਜ਼ਿਲ੍ਹਾ ਨੋਡਲ ਅਫ਼ਸਰ (ਸਵੀਪ) ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਨਿਊਮਰੇਸ਼ਨ ਫਾਰਮ ਭਰਨ ਦਾ ਵੱਡਾ ਹਿੱਸਾ ਸਫਲਤਾਪੂਰਵਕ ਪੂਰਾ ਹੋ ਚੁੱਕਾ ਹੈ। ਉਨ੍ਹਾਂ ਮੋਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਯੋਗ ਵੋਟਰਾਂ ਨੇ ਅਜੇ ਤੱਕ ਆਪਣਾ ਐਨਿਊਮਰੇਸ਼ਨ ਫਾਰਮ ਨਹੀਂ ਭਰਿਆ, ਉਹ ਬਿਨਾਂ ਦੇਰੀ ਆਪਣੇ ਬੀ.ਐਲ.ਓ. ਨਾਲ ਸੰਪਰਕ ਕਰਨ ਜਾਂ ਨਿਰਧਾਰਿਤ ਕੇਂਦਰ 'ਤੇ ਜਾ ਕੇ ਆਪਣਾ ਫਾਰਮ ਜ਼ਰੂਰ ਭਰਨ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਕੌਰ ਮਾਂਗਟ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਅਪੀਲ ਕੀਤੀ ਕਿ ਉਹ ਆਪਣੇ ਯੋਗ ਪਰਿਵਾਰਕ ਮੈਂਬਰਾਂ ਨੂੰ ਐਨਿਊਮਰੇਸ਼ਨ ਫਾਰਮ ਭਰਨ ਲਈ ਪ੍ਰੇਰਿਤ ਕਰਨ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਐੱਸ.ਆਈ.ਆਰ.-2026 ਦਾ ਸੰਦੇਸ਼ ਦਿੰਦਿਆਂ ਲਾਈਨਾਂ ਵਿੱਚ ਖੜ੍ਹ ਕੇ ਇੱਕ ਆਕਰਸ਼ਕ ਹਿਊਮਨ ਫਾਰਮੇਸ਼ਨ ਬਣਾਈ, ਜਿਸ ਰਾਹੀਂ ਲੋਕਾਂ ਨੂੰ ਐਨਿਊਮਰੇਸ਼ਨ ਫਾਰਮ ਭਰਨ ਅਤੇ ਵੋਟਰ ਸੂਚੀਆਂ ਨੂੰ ਸ਼ੁੱਧ ਅਤੇ ਪਾਰਦਰਸ਼ੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।
- Download Babushahi App
-
-