ਆਪਣੀਆਂ ਮੰਗਾਂ ਦੇ ਸਬੰਧ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਸਿਰਕੀ ਬਾਜ਼ਾਰ ਦਫਤਰ ਅੱਗੇ ਰੋਸ ਧਰਨਾ
ਅਸ਼ੋਕ ਵਰਮਾ
ਬਠਿੰਡਾ, 16 ਅਕਤੂਬਰ 2026 :ਅੱਜ ਪੀ ਐਸ ਈ ਬੀ ਇੰਪਲਾਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਗਰਿੱਡ ਸ/ਸ ਯੂਨੀਅਨ ਰਜਿ ਨੰ 24, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸਨ ਰਜਿ , ਪਾਵਰ ਕਾਮ ਅਤੇ ਟਰਾਂਸਕੋ ਪੈਨਸ਼ਨਰ ਯੂਨੀਅਨ ਦੇ ਸੱਦੇ ਤੇ ਪਾਵਰ ਕਾਮ ਸਿਰਕੀ ਬਾਜ਼ਾਰ ਦਫਤਰ ਬਠਿੰਡਾ ਵਿਖੇ ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ 26 ਜੁਲਾਈ 2026 ਨੂੰ ਪਾਵਰ ਕਾਮ ਦੇ ਸੀ ਐਮ ਡੀ ਅਤੇ ਵਿੱਤ ਮੰਤਰੀ ਦੀ ਮੌਜੂਦਗੀ ਵਿੱਚ ਜਥੇਬੰਦੀ ਦੇ ਆਗੂਆਂ ਨਾਲ ਮੰਗਾਂ ਸੰਬੰਧੀ ਸਹਿਮਤੀਆਂ ਹੋਈਆਂ ਸਨ, ਜਿਨ੍ਹਾਂ ਨੂੰ 15 ਅਗਸਤ ਤੱਕ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਏਨਾ ਸਮਾਂ ਬੀਤਣ ਦੇ ਬਾਵਜੂਦ ਵੀ ਲਾਰਿਆਂ ਤੋਂ ਬਿਨਾਂ ਕੋਈ ਮੰਗ ਲਾਗੂ ਨਹੀਂ ਕੀਤੀ ਗਈ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਗਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਬਕਾਇਆ ਡੀ ਏ ਅਤੇ ਏਰੀਅਰ ਦੇਣਾ,15-1-2015,20-7-2020 ਦਾ ਪੱਤਰ ਰੱਦ ਕਰਕੇ,ਪਰਵੀਜਨ ਪੀਰਡ ਦੀ ਸ਼ਰਤ ਖ਼ਤਮ ਕਰਕੇ ਅਤੇ ਕੇਂਦਰ ਸਰਕਾਰ ਦੇ ਸੱਤਵੇਂ ਪੇ ਸਕੇਲ ਦੀ ਬਜਾਏ ਪੰਜਾਬ ਸਰਕਾਰ ਦੇ ਸਕੇਲ ਲਾਗੂ ਕਰਨਾ,ਸਾਲ 2010 ਤੋਂ ਬਾਅਦ ਮਿਰਤਕ ਮੁਲਾਜ਼ਮਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਸਮੇਂ ਲਗਾਈ ਗਈ ਸ਼ਲੇਸੀਅਮ ਅਤੇ ਪੈਨਸ਼ਨ ਦੀ ਰਕਮ ਸਮੇਤ ਵਿਆਜ ਜਮ੍ਹਾਂ ਕਰਵਾਉਣ ਦੀ ਸ਼ਰਤ ਖ਼ਤਮ ਕਰਨਾ, ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਗੁਣਾਂਕ ਨਾਲ ਸੋਧ ਕੇ ਲਾਗੂ ਕਰਨਾ,ਪੇ ਕਮਿਸ਼ਨ ਦੇ ਤਨਖਾਹਾਂ ਦੇ ਸੋਧੇ ਹੋਏ ਬਕਾਏ ਜਾਰੀ ਕਰਨਾ ਸ਼ਾਮਿਲ ਹਨ। ਬੁਲਾਰਿਆਂ ਨੇ ਜਥੇਬੰਦੀ ਨਾਲ ਹੋਏ ਸਮਝੌਤੇ ਲਾਗੂ ਕਰਨ ਦੀ ਅਪੀਲ ਕੀਤੀ ਅਤੇ ਜੇਕਰ ਸਮਝੌਤੇ ਲਾਗੂ ਨਾ ਕੀਤੇ ਗਏ ਤਾਂ ਬਿਜਲੀ ਮੁਲਾਜ਼ਮ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਮਿਤੀ 21-22 ਅਕਤੂਬਰ ਦੀ ਦੋ ਰੋਜ਼ਾ ਸਮੂਹਿਕ ਛੁੱਟੀ ਭਰ ਕੇ ਕੰਮ ਬੰਦ ਕਰਨਗੇ,।
ਉਨ੍ਹਾਂ ਕਿਹਾ ਕਿ 28 ਅਕਤੂਬਰ ਨੂੰ ਵਿਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਦੀ ਰਹਾਇਸ਼ ਦਿੜ੍ਹਬਾ ਵਿਖੇ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀਆਂ ਮੁਲਾਜ਼ਮ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ ਅਤੇ ਉਸੇ ਦਿਨ ਤੋਂ ਵਰਕ ਟੂ ਰੂਲ ਮੁਤਾਬਿਕ ਆਪਣੀਆਂ ਬਣਦੀਆਂ ਡਿਊਟੀਆਂ ਕਰਨਗੇ। ਅੱਜ ਦੀ ਰੈਲੀ ਵਿੱਚ ਪਿਛਲੇ ਦਿਨੀਂ ਨਸ਼ਿਆਂ ਨੂੰ ਰੋਕਣ ਲਈ ਨਸ਼ੇ ਦੇ ਵਪਾਰੀਆਂ ਖ਼ਿਲਾਫ਼ ਅਵਾਜ਼ ਉਠਾਉਣ ਵਾਲੇ ਸਮਾਜ ਸੇਵੀ ਕਾਰਕੁੰਨ ਮਾਨਸਾ ਵਾਸੀ ਪਰਵਿੰਦਰ ਸਿੰਘ ਝੋਟਾ ਦੇ ਨਸ਼ਾ ਵਪਾਰੀ ਵਲੋਂ ਸ਼ਰੇਆਮ ਕੀਤੇ ਗਏ ਕਤਲ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪੰਜਾਬ ਸਰਕਾਰ ਤੋਂ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਗਈ।ਬੁਲਾਰਿਆਂ ਵਿੱਚ ਭੀਮ ਸੈਨ, ਅਰੁਣ ਕੁਮਾਰ ਤਿਰਪਾਠੀ, ਸੀਤਾ ਰਾਮ, ਹਰਵਿੰਦਰ ਸਿੰਘ ਵਿੱਕੀ,ਹਰਪ੍ਰੀਤ ਸਿੰਘ, ਲਛਮਣ ਸਿੰਘ, ਜੁਗਲ ਕਿਸ਼ੋਰ, ਧਰਮਿੰਦਰ ਪਾਲ ,ਸੁਧਾਰਥ, ਸੁਖਵਿੰਦਰਪਾਲ ਸ਼ਰਮਾ ਜੇ ਈ, ਜਗਦੀਪ ਸਿੰਘ ਅਤੇ ਦੁਰਗਾ ਦੱਤ ਨੇ ਸੰਬੋਧਨ ਕੀਤਾ।
- Download Babushahi App
-
-