ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੋਟਰ ਫਾਰਮ ਭਰਕੇ ਬੀ.ਐਲ.ਓ. ਕੋਲ ਲਾਜ਼ਮੀ ਜਮ੍ਹਾਂ ਕਰਵਾਉਣ ਦੀ ਅਪੀਲ
*ਲੋਕ ਐੱਸ.ਆਈ.ਆਰ. ਤਹਿਤ ਆਪਣੇ ਫਾਰਮ ਭਰਕੇ ਅੱਜ ਹੀ ਦੇਣ
ਅਸ਼ੋਕ ਵਰਮਾ
ਬਠਿੰਡਾ, 16 ਜੁਲਾਈ 2026:ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਿਸ਼ੇਸ਼ ਗਹਿਰੀ ਬੁਲਾਈ-ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐਸ.ਆਈ.ਆਰ) ਤਹਿਤ ਚੱਲ ਰਹੇ ਵੋਟਰ ਸੂਚੀ ਸੁਧਾਈ ਅਭਿਆਨ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਬੀ.ਐਲ.ਓ. ਘਰ-ਘਰ ਜਾ ਕੇ ਫਾਰਮ ਵੰਡ ਚੁੱਕੇ ਹਨ, ਪਰ ਹੁਣ ਤੱਕ ਵੀ ਕਈ ਥਾਵਾਂ ਤੋਂ ਭਰੇ ਹੋਏ ਫਾਰਮ ਵਾਪਸ ਪ੍ਰਾਪਤ ਨਹੀਂ ਹੋਏ। ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਆਪਣੇ ਫਾਰਮ ਭਰ ਕੇ ਸਬੰਧਤ ਬੀ.ਐਲ.ਓ. ਨੂੰ ਸੌਂਪਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦੇ ਨਾਮ, ਜਨਮ ਮਿਤੀ, ਘਰ ਦਾ ਪਤਾ ਜਾਂ ਹੋਰ ਕਿਸੇ ਵੇਰਵੇ ਵਿੱਚ ਕੋਈ ਗਲਤੀ ਹੈ ਤਾਂ ਉਸ ਬਾਰੇ ਫਾਰਮ ਵਿੱਚ ਵੇਰਵੇ ਦਰਜ ਕਰਕੇ ਬੀ.ਐਲ.ਓ. ਨੂੰ ਜਾਣੂ ਕਰਵਾਇਆ ਜਾਵੇ। ਪ੍ਰਸ਼ਾਸਨ ਵੱਲੋਂ ਅਜਿਹੀਆਂ ਤਰੁੱਟੀਆਂ ਨੂੰ ਨਿਯਮਾਂ ਅਨੁਸਾਰ ਜਲਦ ਤੋਂ ਜਲਦ ਦਰੁਸਤ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਹਰ ਵੋਟਰ ਦੀ ਜਾਣਕਾਰੀ ਸਹੀ ਅਤੇ ਅਪਡੇਟ ਰਹੇ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਦਾ ਮੈਂਬਰ ਕਿਸੇ ਹੋਰ ਥਾਂ ਸਥਾਈ ਤੌਰ 'ਤੇ ਸ਼ਿਫਟ ਹੋ ਗਿਆ ਹੈ ਜਾਂ ਕਿਸੇ ਵੋਟਰ ਦੀ ਮੌਤ ਹੋ ਚੁੱਕੀ ਹੈ ਤਾਂ ਇਸ ਸਬੰਧੀ ਜਾਣਕਾਰੀ ਵੀ ਬੀ.ਐਲ.ਓ. ਨੂੰ ਦਿੱਤੀ ਜਾਵੇ। ਇਸ ਨਾਲ ਵੋਟਰ ਸੂਚੀ ਨੂੰ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣ ਵਿੱਚ ਮਦਦ ਮਿਲੇਗੀ।ਉਨ੍ਹਾਂ ਸਮੂਹ ਯੋਗ ਵੋਟਰਾਂ, ਖਾਸ ਕਰਕੇ ਨੌਜਵਾਨਾਂ ਅਤੇ ਨਵੇਂ ਯੋਗ ਬਣੇ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੇ ਅਤੇ ਆਪਣੇ ਪਰਿਵਾਰ ਦੇ ਹਰ ਯੋਗ ਮੈਂਬਰ ਦੀ ਵੋਟ ਬਣਵਾਉਣ ਅਤੇ ਸਾਰੇ ਲੋੜੀਂਦੇ ਫਾਰਮ ਸਮੇਂ ਸਿਰ ਬੀ.ਐਲ.ਓ. ਕੋਲ ਜਮ੍ਹਾਂ ਕਰਵਾਉਣ।
- Download Babushahi App
-
-