ਕਿਸਾਨ ਜਥੇਬੰਦੀਆਂ ਵੱਲੋਂ 28 ਅਕਤੂਬਰ ਨੂੰ ਮਹਾਲੋਂ ਵਿਖੇ ਜੀ.ਟੀ. ਰੋਡ ਜਾਮ ਕਰਨ ਦਾ ਐਲਾਨ
ਪ੍ਰਸ਼ਾਸਨ ਵੱਲੋਂ ਆਖ਼ਰੀ ਮੌਕੇ ’ਤੇ ਗੱਲਬਾਤ ਮੁਲਤਵੀ ਕਰਨ ’ਤੇ ਕਿਸਾਨਾਂ ਵੱਲੋਂ ਸਖ਼ਤ ਇਤਰਾਜ਼
ਪ੍ਰਮੋਦ ਭਾਰਤੀ
ਨਵਾਂਸ਼ਹਿਰ 22 ਅਕਤੂਬਰ, 2026
ਗੰਨਾ ਮਿੱਲ ਨੂੰ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਆਪਣਾ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਖਿੱਚ ਲਈ ਹੈ। ਅੱਜ ਨਵਾਂਸ਼ਹਿਰ ਵਿਖੇ ਗੰਨਾ ਮਿੱਲ ਵਿੱਚ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ 28 ਅਕਤੂਬਰ ਨੂੰ ਮਹਾਲੋਂ ਵਿਖੇ ਜੀ.ਟੀ. ਰੋਡ ਜਾਮ ਕਰਨ ਦੇ ਪਹਿਲਾਂ ਐਲਾਨੇ ਪ੍ਰੋਗਰਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ।
ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਦੱਸਿਆ ਕਿ ਨਵਾਂਸ਼ਹਿਰ ਪ੍ਰਸ਼ਾਸਨ ਵੱਲੋਂ ਇਸ ਮਸਲੇ ’ਤੇ ਗੱਲਬਾਤ ਕਰਨ ਲਈ ਪਹਿਲਾਂ ਸੱਦਾ ਦਿੱਤਾ ਗਿਆ ਸੀ, ਪਰ ਐਨ ਮੌਕੇ ’ਤੇ ਅਧਿਕਾਰੀਆਂ ਦੇ ਚੰਡੀਗੜ੍ਹ ਜਾਣ ਦਾ ਹਵਾਲਾ ਦੇ ਕੇ ਗੱਲਬਾਤ ਅੱਗੇ ਪਾਉਣ ਲਈ ਕਿਹਾ ਗਿਆ। ਕਿਸਾਨ ਜਥੇਬੰਦੀਆਂ ਨੇ ਇਸ ਰਵੱਈਏ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਅਹਿਮ ਮਸਲੇ ਨੂੰ ਵਾਰ-ਵਾਰ ਟਾਲਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਗੰਨਾ ਮਿੱਲ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ 28 ਅਕਤੂਬਰ ਦਾ ਜੀ.ਟੀ. ਰੋਡ ਜਾਮ ਕਰਨ ਦਾ ਪ੍ਰੋਗਰਾਮ ਪਹਿਲਾਂ ਵਾਂਗ ਜਾਰੀ ਰਹੇਗਾ। ਉਨ੍ਹਾਂ ਸਮੂਹ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ-ਆਪਣੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਵਿੱਚ ਸਵੇਰੇ ਠੀਕ 11 ਵਜੇ ਮਹਾਲੋਂ ਜੀ.ਟੀ. ਰੋਡ ’ਤੇ ਪਹੁੰਚਣ, ਤਾਂ ਜੋ ਸੰਘਰਸ਼ ਨੂੰ ਜ਼ੋਰਦਾਰ ਢੰਗ ਨਾਲ ਅੱਗੇ ਵਧਾਇਆ ਜਾ ਸਕੇ।
ਮੀਟਿੰਗ ਵਿੱਚ ਕਿਸਾਨ ਆਗੂਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਿੱਲ ਚਲਾਉਣ ਦੀ ਮੰਗ ਪੂਰੀ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਦਿਖਾਉਣੀ ਚਾਹੀਦੀ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੁਰਿੰਦਰ ਸਿੰਘ ਬੈਂਸ, ਬਿੱਕਰ ਸਿੰਘ ਸ਼ੇਖੂਪੁਰ ਬਾਗ, ਗੁਰਦੇਵ ਸਿੰਘ ਸੁੱਜੋ, ਜਮਹੂਰੀ ਕਿਸਾਨ ਸਭਾ ਵੱਲੋਂ ਕੁਲਦੀਪ ਸਿੰਘ ਸੁੱਜੋ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਚਰਨਜੀਤ ਦੌਲਤਪੁਰ, ਜਰਨੈਲ ਸਿੰਘ ਰਾਣੇਵਾਲ, ਸਵਰਨ ਸਿੰਘ, ਹਰਦੀਪ ਸਿੰਘ ਰੈਲ ਮਾਜਰਾ, ਰਾਜੇਵਾਲ ਜਥੇਬੰਦੀ ਤੋਂ ਨਿਰਮਲ ਸਿੰਘ ਅਤੇ ਹਰਵਿੰਦਰ ਸਿੰਘ ਚਾਹਲ, ਕੌਮੀ ਕਿਸਾਨ ਯੂਨੀਅਨ ਤੋਂ ਸੁਖਦੀਪ ਸਿੰਘ ਕਾਦੀਆਂ, ਕਿਸਾਨ ਯੂਨੀਅਨ ਤੋਂ ਹਰਮੇਸ਼ ਸਿੰਘ ਢੈਸੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਬਲਵੀਰ ਸਿੰਘ ਭੋਰਾ, ਚਰਨਜੀਤ ਭੋਰਾ, ਰਾਣਾ ਰਾਮਜੀ ਦਾਸ ਸਨਾਵਾ, ਤਾਰਾ ਸਿੰਘ ਫੌਜੀ, ਬਲਜੀਤ ਸਿੰਘ ਜੱਬੋਵਾਲ, ਰੁਪਿੰਦਰ ਸਿੰਘ ਲੱਖੋਵਾਲ ਵੱਲੋਂ ਪਰਮਜੀਤ ਸਿੰਘ ਨੰਬਰਦਾਰ ਕਰੀਮਪੁਰ, ਗੰਨਾ ਮਿੱਲ ਦੇ ਸਾਬਕਾ ਪ੍ਰਧਾਨ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ।
ਕਿਸਾਨ ਜਥੇਬੰਦੀਆਂ ਨੇ ਮੁੜ ਦੁਹਰਾਇਆ ਕਿ 28 ਅਕਤੂਬਰ ਨੂੰ ਮਹਾਲੋਂ ਵਿਖੇ ਹੋਣ ਵਾਲੇ ਇਕੱਠ ਨੂੰ ਸਫ਼ਲ ਬਣਾਉਣ ਲਈ ਪਿੰਡ-ਪਿੰਡ ਤਿਆਰੀਆਂ ਕੀਤੀਆਂ ਜਾਣਗੀਆਂ।
- Download Babushahi App
-
-