ਟਾਕਾਨੀਨੀ ਵਿਖੇ ਭਿਆਨਕ ਸੜਕ ਹਾਦਸੇ ’ਚ ਪੰਜਾਬੀ ਪਰਿਵਾਰਾਂ ਦੇ ਦੋ ਮੁੰਡਿਆਂ ਅਤੇ ਇੱਕ ਕੁੜੀ ਦੀ ਮੌਤ
-ਮ੍ਰਿਤਕਾਂ ਦੀਆਂ ਦੇਹਾਂ ਭਾਰਤ ਭੇਜਣ ਦੀਆਂ ਤਿਆਰੀਆਂ-
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 10 ਨਵੰਬਰ 2026: ਸੁਪਰੀਮ ਸਿੱਖ ਸੁਸਾਇਟੀ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਔਕਲੈਂਡ ਦੇ ਟਾਕਾਨੀਨੀ ਟਾਊਨ ਵਿਖੇ ਦਿਵਾਲੀ ਦੀ ਰਾਤ ਹੋਏ ਇੱਕ ਭਿਆਨਕ ਕਾਰ ਹਾਦਸੇ ਵਿੱਚ ਦੋ ਮੁੰਡਿਆਂ ਅਤੇ ਇੱਕ ਕੁੜੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਨੌਜਵਾਨ ਪੰਜਾਬੀ ਪਰਿਵਾਰਾਂ ਨਾਲ ਸਬੰਧਤ ਸਨ।
ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਰਸਮੀ ਸ਼ਨਾਖ਼ਤ ਦੀ ਕਾਰਵਾਈ ਜਾਰੀ ਹੈ, ਜਿਸ ਵਿੱਚ ਕੁਝ ਸਮਾਂ ਲੱਗਣ ਦੀ ਸੰਭਾਵਨਾ ਹੈ। ਪਰਿਵਾਰਾਂ ਦੀ ਨਿੱਜਤਾ ਦਾ ਧਿਆਨ ਰੱਖਦਿਆਂ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਪਰਿਵਾਰਾਂ ਦੀ ਇੱਛਾ ਮੁਤਾਬਕ ਤਿੰਨਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜੀਆਂ ਜਾਣਗੀਆਂ ਅਤੇ ਇਸ ਸਬੰਧੀ ਪਰਿਵਾਰਕ ਮੈਂਬਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।
ਪੁਲਿਸ ਦੁਆਰਾ 9 ਨਵੰਬਰ ਨੂੰ ਜਾਰੀ ਕੀਤੇ ਗਏ ਬਿਆਨ ਅਨੁਸਾਰ ਇਹ ਹਾਦਸਾ ਟਾਕਾਨੀਨੀ ਦੇ ਗ੍ਰੇਟ ਸਾਊਥ ਰੋਡ ’ਤੇ ਰਾਤ 10:15 ਵਜੇ ਵਾਪਰਿਆ, ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਬੇਕਾਬੂ ਹੋ ਕੇ ਇਮਾਰਤ ਨਾਲ ਜਾ ਟਕਰਾਈ। ਗੱਡੀ ਵਿੱਚ ਸਵਾਰ ਤਿੰਨਾਂ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਮਾਰਤ ਦੇ ਅੰਦਰ ਮੌਜੂਦ ਸਾਰੇ ਲੋਕ ਸੁਰੱਖਿਅਤ ਹਨ। ਸੀਰੀਅਸ ਕ੍ਰੈਸ਼ ਯੂਨਿਟ ਵੱਲੋਂ ਹਾਦਸੇ ਦੀ ਜਾਂਚ ਜਾਰੀ ਹੈ।
ਇਹ ਘਟਨਾ 'ਬਰਗਰਫਿਊਲ' ਰੈਸਟੋਰੈਂਟ ਦੀ ਇਮਾਰਤ ਨਾਲ ਟਕਰਾਉਣ ਕਾਰਨ ਵਾਪਰੀ। ਰੈਸਟੋਰੈਂਟ ਰਾਤ ਲਈ ਬੰਦ ਹੋ ਚੁੱਕਾ ਸੀ ਅਤੇ ਅੰਦਰ ਮੌਜੂਦ ਸਟਾਫ਼ ਬਾਲ-ਬਾਲ ਬਚ ਗਿਆ। ਹਾਦਸੇ ਨਾਲ ਰੈਸਟੋਰੈਂਟ ਦੇ ਬਾਹਰੀ ਹਿੱਸੇ ਨੂੰ ਭਾਰੀ ਨੁਕਸਾਨ ਪਹੁੰਚਿਆ, ਜਿੱਥੇ ਕੱਚ ਅਤੇ ਟੁੱਟੀ ਹੋਈ ਵਾੜ ਦੁਕਾਨ ਦੇ ਸਾਹਮਣੇ ਖਿੰਡੀ ਪਈ ਸੀ ਅਤੇ ਖਿੜਕੀਆਂ ਨੂੰ ਫੱਟੇ ਲਗਾ ਕੇ ਢੱਕਿਆ ਗਿਆ ਸੀ। ਹਾਦਸਾਗ੍ਰਸਤ ਕਾਰ ਦੇ ਪੂਰੀ ਤਰ੍ਹਾਂ ਪਰਖੱਚੇ ਉੱਡ ਗਏ ਸਨ। ਰੈਸਟੋਰੈਂਟ ਤੋਂ ਲਗਭਗ 20 ਮੀਟਰ ਦੂਰ ਗੋਲਚੱਕਰ (ਰਾਊਂਡਅਬਾਊਟ) ਕੋਲ ਫੁੱਟਪਾਥ ’ਤੇ ਸਕਿਡ (ਟਾਇਰਾਂ ਦੀ ਰਗੜ) ਦੇ ਨਿਸ਼ਾਨ ਵੀ ਵੇਖੇ ਜਾ ਸਕਦੇ ਸਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਾਰ ਦੀ ਸਪੀਡ 180 ਤੋਂ 200 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।