Flydubai ਦੇ ‘ਹੀਰੋ’ ਪਾਇਲਟ ਕੈਪਟਨ ਸਮਿਤ ਮੱਛਾਰ ਨਾਲ ਨੇਤਨਯਾਹੂ ਦੀ ਗੱਲਬਾਤ, ਬਹਾਦਰੀ ਦੀ ਕੀਤੀ ਸ਼ਲਾਘਾ
Babushahi Network
ਨਵੀਂ ਦਿੱਲੀ, 4 ਅਕਤੂਬਰ 2026: ਫਲਾਈਦੁਬਈ (Flydubai) ਦੀ ਫਲਾਈਟ FZ1073 ਵਿੱਚ ਵਾਪਰੀ ਗੰਭੀਰ ਘਟਨਾ ਦੌਰਾਨ ਯਾਤਰੀਆਂ ਦੀ ਜਾਨ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਦੀ ਬਹਾਦਰੀ ਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਸ਼ਲਾਘਾ ਕੀਤੀ ਹੈ। ਨੇਤਨਯਾਹੂ ਨੇ ਵੀਡੀਓ ਕਾਲ ਰਾਹੀਂ ਕੈਪਟਨ ਮੱਛਾਰ ਨਾਲ ਗੱਲ ਕਰਕੇ ਉਨ੍ਹਾਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੀ ਹਿੰਮਤ ਨੂੰ ਸਲਾਮ ਕੀਤਾ।
ਗੱਲਬਾਤ ਦੌਰਾਨ ਨੇਤਨਯਾਹੂ ਨੇ ਕਿਹਾ ਕਿ ਉਹ ਕੈਪਟਨ ਮੱਛਾਰ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਕੈਪਟਨ ਮੱਛਾਰ ਪੂਰੀ ਦੁਨੀਆ ਲਈ ਹੀਰੋ ਬਣ ਗਏ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਵਸ ਮੌਕੇ ਜਸ਼ਨ ਦੀ ਮਸ਼ਾਲ ਜਗਾਉਣ ਲਈ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਮੱਛਾਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਇਜ਼ਰਾਈਲ ਦੇ ਲੋਕਾਂ ਲਈ ਆਦਰਸ਼ ਹਨ। ਨੇਤਨਯਾਹੂ ਨੇ ਕੈਪਟਨ ਮੱਛਾਰ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਉਮੀਦ ਜਤਾਈ ਕਿ ਉਹ ਇਜ਼ਰਾਈਲ ਜ਼ਰੂਰ ਆਉਣਗੇ।
ਕੈਪਟਨ ਮੱਛਾਰ ਨੇ ਦੱਸਿਆ ਕਿ ਉਡਾਣ ਦੌਰਾਨ ਸਭ ਕੁਝ ਆਮ ਸੀ। ਅਚਾਨਕ ਕੋ-ਪਾਇਲਟ ਵੱਲੋਂ ਉਨ੍ਹਾਂ ’ਤੇ ਪਿੱਛੋਂ ਹਮਲਾ ਕੀਤਾ ਗਿਆ। ਸ਼ੁਰੂ ਵਿੱਚ ਉਨ੍ਹਾਂ ਨੂੰ ਲੱਗਿਆ ਕਿ ਸ਼ਾਇਦ ਜਹਾਜ਼ ਵਿੱਚ ਕੋਈ ਤਕਨੀਕੀ ਸਮੱਸਿਆ ਆ ਗਈ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਕੋ-ਪਾਇਲਟ ਦੇ ਹੱਥ ਵਿੱਚ ਚਾਕੂ ਸੀ। ਹਮਲੇ ਕਾਰਨ ਉਹ ਖੂਨ ਨਾਲ ਲਥਪਥ ਹੋ ਗਏ, ਜਦਕਿ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਜਾਣ ਲੱਗ ਪਿਆ।
ਕੈਪਟਨ ਨੇ ਦੱਸਿਆ ਕਿ ਉਨ੍ਹਾਂ ਨੇ ਐਮਰਜੈਂਸੀ ਸਿਗਨਲ ਭੇਜਣ ਤੋਂ ਬਾਅਦ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਅੰਦਰੋਂ ਦਰਵਾਜ਼ਾ ‘ਟਵਿਸਟ-ਟੂ-ਓਪਨ’ ਮਕੈਨਿਜ਼ਮ ਰਾਹੀਂ ਖੋਲ੍ਹਿਆ ਜਾ ਸਕਦਾ ਹੈ, ਜਦਕਿ ਬਾਹਰੋਂ ਇਸ ਨੂੰ ਕੋਡ ਰਾਹੀਂ ਖੋਲ੍ਹਿਆ ਜਾ ਸਕਦਾ ਹੈ। ਮੌਕਾ ਮਿਲਦਿਆਂ ਹੀ ਉਨ੍ਹਾਂ ਨੇ ਨੌਬ ਤੱਕ ਹੱਥ ਪਹੁੰਚਾਇਆ ਅਤੇ ਦਰਵਾਜ਼ਾ ਖੋਲ੍ਹ ਦਿੱਤਾ।
ਦਰਵਾਜ਼ੇ ’ਤੇ ਮੌਜੂਦ ਲੋਕਾਂ ਨੇ ਕਾਕਪਿਟ ਵਿੱਚ ਦਾਖਲ ਹੋ ਕੇ ਕੋ-ਪਾਇਲਟ ਨੂੰ ਕਾਬੂ ਕਰ ਲਿਆ। ਕੈਪਟਨ ਮੱਛਾਰ ਮੁਤਾਬਕ ਉਸ ਸਮੇਂ ਜਹਾਜ਼ 17 ਹਜ਼ਾਰ ਫੁੱਟ ਤੋਂ ਵੱਧ ਹੇਠਾਂ ਡਿੱਗ ਚੁੱਕਾ ਸੀ। ਫਲਾਈਟ ਵਿੱਚ 27 ਬੱਚਿਆਂ ਸਮੇਤ ਕੁੱਲ 174 ਯਾਤਰੀ ਸਵਾਰ ਸਨ। ਬਾਅਦ ਵਿੱਚ ਹੋਰ ਪਾਇਲਟਾਂ ਅਤੇ ਕਰੂ ਮੈਂਬਰਾਂ ਦੀ ਮਦਦ ਨਾਲ ਜਹਾਜ਼ ਦੀ ਸਾਊਦੀ ਅਰਬ ਦੇ ਤਬੁਕ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕੈਪਟਨ ਮੱਛਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ, ਜਦਕਿ ਇਸ ਤੋਂ ਬਾਅਦ ਕਰੂ ਮੈਂਬਰਾਂ ਅਤੇ ਯਾਤਰੀਆਂ ਨੇ ਵੀ ਹਾਲਾਤ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।