ਹੈਮਿਲਟਨ ਸ਼ਹਿਰ ’ਚ ਭਾਰਤੀ ਮੂਲ ਦੇ ਸਚਿਨ ਧਮੀਜਾ ਦੀ ਦੁਕਾਨ ਨੂੰ ਈਰਖਾਲੂ ਵਪਾਰੀ ਬਣਾਇਆ ਨਿਸ਼ਾਨਾ
ਛੇ ਮਹੀਨੇ ਦੀ ਨਜ਼ਰਬੰਦੀ ਅਤੇ ਜੁਰਮਾਨਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 16 ਅਗਸਤ 2026:-ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ’ਚ ਵਪਾਰਕ ਈਰਖਾ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾਂਡਰੋਮੈਟ ਮਾਲਕ ਨੇ ਆਪਣੇ ਸਾਹਮਣੇ ਨਵੀਂ ਦੁਕਾਨ ਖੋਲ੍ਹਣ ਵਾਲੇ ਭਾਰਤੀ ਮੂਲ ਦੇ ਵਪਾਰੀ ਨੂੰ ਬੁਰੀ ਤਰ੍ਹਾਂ ਤੰਗ-ਪ੍ਰੇਸ਼ਾਨ ਕੀਤਾ, ਬਲੈਕਮੇਲ ਕੀਤਾ ਅਤੇ ਉਸ ਦੀ ਦੁਕਾਨ ’ਚ ਤੋੜ-ਫੋੜ ਕਰਵਾਈ। 35 ਸਾਲਾ ਟਿਮੋਥੀ ਰੇਮੰਡ ਜੈਫਸ ਨੇ ਆਪਣੇ ਵਪਾਰਕ ਮੁਕਾਬਲੇਬਾਜ਼ ਸਚਿਨ ਧਮੀਜਾ ਦੀ ਦੁਕਾਨ ’ਮੈਕਸਾਕਲੀਨ ਲਾਂਡਰੋਮੈਟ’ ਨੂੰ ਨੁਕਸਾਨ ਪਹੁੰਚਾਉਣ ਲਈ ਦੋ ਵਿਅਕਤੀਆਂ ਨੂੰ ਪੈਸੇ ਦੇ ਕੇ ਗੈਸ ਵਾਟਰ ਹੀਟਰ ਪੁਟਵਾ ਦਿੱਤੇ, ਜਿਸ ਨਾਲ ਪੂਰੀ ਰਾਤ ਗੈਸ ਲੀਕ ਹੁੰਦੀ ਰਹੀ ਅਤੇ ਵੱਡਾ ਧਮਾਕਾ ਹੋਣ ਦਾ ਖ਼ਤਰਾ ਬਣਿਆ ਰਿਹਾ। ਹੈਮਿਲਟਨ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ’ਚ ਜੈਫਸ ਨੂੰ ਚੋਰੀ, ਬਲੈਕਮੇਲਿੰਗ ਅਤੇ ਇਰਾਦਤਨ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਹੇਠ ਨੌਂ ਮਹੀਨੇ ਦੀ ਨਿਗਰਾਨੀ, ਛੇ ਮਹੀਨੇ ਦੀ ਕਮਿਊਨਿਟੀ ਡਿਟੈਂਸ਼ਨ, ਅਤੇ ਪੀੜਤ ਪਰਿਵਾਰ ਨੂੰ 4000 ਡਾਲਰ ਦਾ ਮੁਆਵਜ਼ਾ ਦੇਣ ਦੀ ਸਜ਼ਾ ਸੁਣਾਈ ਹੈ।
ਇਹ ਵਿਵਾਦ ਸਤੰਬਰ 2023 ’ਚ ਸ਼ੁਰੂ ਹੋਇਆ ਸੀ ਜਦੋਂ ਸਚਿਨ ਧਮੀਜਾ ਉਰਫ਼ ਆਨੰਦ ਨੇ ਹਿਲਕ੍ਰੈਸਟ ਦੇ ਕੈਂਬਰਿਜ ਰੋਡ ’ਤੇ ਆਪਣੀ ਲਾਂਡਰੋਮੈਟ ਦੁਕਾਨ ਖੋਲ੍ਹਣ ਦੀ ਤਿਆਰੀ ਸ਼ੁਰੂ ਕੀਤੀ। ਜੈਫਸ ਦੀ ਦੁਕਾਨ ਠੀਕ ਸੜਕ ਦੇ ਦੂਜੇ ਪਾਸੇ ਸੀ, ਜਿਸ ਕਾਰਨ ਉਹ ਬੌਖਲਾ ਗਿਆ। 6 ਅਕਤੂਬਰ 2023 ਨੂੰ ਜਦੋਂ ਸਚਿਨ ਨੇ ਜੈਫਸ ਨੂੰ ਆਪਣੀ ਦੁਕਾਨ ’ਚ ਆਉਣ ਤੋਂ ਰੋਕਣ ਦਾ ਨੋਟਿਸ ਦਿੱਤਾ ਤਾਂ ਜੈਫਸ ਨੇ ਧਮਕੀ ਦਿੱਤੀ ਕਿ ਜੇਕਰ ਦੁਕਾਨ ਖੋਲ੍ਹੀ ਗਈ ਤਾਂ ਉਹ ਇਸ ਨੂੰ ਤਬਾਹ ਕਰ ਦੇਵੇਗਾ। ਇਸ ਤੋਂ ਬਾਅਦ ਜੈਫਸ ਨੇ ਸਚਿਨ ਦੇ ਘਰ ਜਾ ਕੇ ਉਸ ਦੀ ਪਤਨੀ ਪੂਜਾ ਧਮੀਜਾ ਨੂੰ ਵੀ ਬੱਚਿਆਂ ਦੇ ਸਾਹਮਣੇ ਧਮਕਾਇਆ ਕਿ ਉਸ ਦੇ ਬਜ਼ਨਸ ਪਾਰਟਨਰ ਦੁਕਾਨ ਨੂੰ ਨੁਕਸਾਨ ਪਹੁੰਚਾਉਣਗੇ।
ਦੁਕਾਨ ਦੇ ਉਦਘਾਟਨ ਤੋਂ ਕੁਝ ਹੀ ਦਿਨਾਂ ਬਾਅਦ, 6 ਨਵੰਬਰ 2023 ਦੀ ਰਾਤ ਨੂੰ ਜੈਫਸ ਦੇ ਭੇਜੇ ਦੋ ਵਿਅਕਤੀ ਆਰੀ ਅਤੇ ਹਥੌੜੇ ਨਾਲ ਦੁਕਾਨ ਦੇ ਪਿੱਛੇ ਪਹੁੰਚੇ। ਉਨ੍ਹਾਂ ਨੇ ਗੈਸ ਪਾਈਪਾਂ ਵੱਢ ਕੇ ਦੋ ਮਹਿੰਗੇ ਹੀਟਰ ਉਖਾੜ ਲਏ, ਜਿਸ ਲਈ ਜੈਫਸ ਨੇ ਇੱਕ ਵਿਅਕਤੀ ਨੂੰ 250 ਡਾਲਰ ਦਿੱਤੇ ਸਨ। ਰਾਤ ਭਰ ਗੈਸ ਲੀਕ ਹੁੰਦੀ ਰਹੀ, ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਇਸ ਤੋਂ ਬਾਅਦ ਮਾਰਚ 2024 ’ਚ ਜੈਫਸ ਦੇ ਸਾਥੀ ਨੇ ਦੁਕਾਨ ਦੇ ਬਾਹਰ ਗ੍ਰਾਫਿਟੀ (ਗੰਦੇ ਚਿੱਤਰ) ਬਣਾ ਦਿੱਤੇ ਅਤੇ ਅਪ੍ਰੈਲ ’ਚ ਝੰਡਾ ਚੋਰੀ ਕਰ ਲਿਆ।
ਸੀਸੀਟੀਵੀ ਫੁਟੇਜ ’ਚ ਜੈਫਸ ਵਾਰ-ਵਾਰ ਦੁਕਾਨ ਦੇ ਬਾਹਰ ਗੇੜੇ ਮਾਰਦਾ, ਝਾਕਦਾ ਅਤੇ ਫੋਟੋਆਂ ਖਿੱਚਦਾ ਕੈਦ ਹੋਇਆ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ। ਅਦਾਲਤ ’ਚ ਜੱਜ ਕ੍ਰੇਟਨ ਨੇ ਵਕੀਲਾਂ ਨਾਲ ਬਹਿਸ ਤੋਂ ਬਾਅਦ ਜੈਫਸ ਲਈ ਰਾਤ ਦਾ ਕਰਫਿਊ ਅਤੇ ਕਮਿਊਨਿਟੀ ਡਿਟੈਂਸ਼ਨ ਤੈਅ ਕੀਤੀ ਤਾਂ ਜੋ ਉਹ ਆਪਣੇ ਕਾਰੋਬਾਰ ’ਤੇ ਧਿਆਨ ਦੇ ਸਕੇ ਪਰ ਰਾਤ ਨੂੰ ਬਾਹਰ ਨਾ ਨਿਕਲ ਸਕੇ। ਜੈਫਸ ਨੂੰ ਹਿੰਸਾ ਵਿਰੋਧੀ ਸੁਧਾਰ ਪ੍ਰੋਗਰਾਮ ’ਚ ਵੀ ਭਾਗ ਲੈਣ ਦੇ ਹੁਕਮ ਦਿੱਤੇ ਗਏ ਹਨ।