Political Special ਅਜਾਦੀ ਦਿਵਸ ਸਮਾਗਮਾਂ ਮੌਕੇ ਵਿਧਾਇਕ ਗਿੱਲ ਤੇ ਅਮਰਜੀਤ ਮਹਿਤਾ ’ਚ ਖੜਕਣ ਦੀ ਚਰਚਾ
ਅਸ਼ੋਕ ਵਰਮਾ
ਬਠਿੰਡਾ, 15 ਅਗਸਤ 2026 : ਅਜਾਦੀ ਦਿਵਸ ਸਮਾਗਮਾਂ ਮੌਕੇ ਅੱਜ ਬਠਿੰਡਾ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵਿਚਕਾਰ ਖੜਕਣ ਦੇ ਚਰਚੇ ਛਿੜ ਗਏ ਹਨ। ਹਾਲਾਂਕਿ ਇਸ ਮੌਕੇ ਕੌਮੀ ਝੰਡਾ ਲਹਿਰਾਉਣ ਲਈ ਆਏ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਬਠਿੰਡਾ ਦਿਹਾਤੀ ਹਲਕੇ ਦੇ ਵਿਧਾਇਕ ਅਮਿਤ ਰਤਨ ਨੇ ਸੂਝ ਬੂਝ ਅਤੇ ਦਖਲ ਨਾਲ ਕੋਈ ਵੱਡੀ ਖਹਿਬੜਬਾਜੀ ਤਾਂ ਟਾਲ ਦਿੱਤੀ ਪਰ ਅੱਜ ਦੀ ਤਲਖੀ ਨਾਲ ਸਿਆਸੀ ਮਹੌਲ ਗਰਮਾ ਗਿਆ ਹੈੇ। ਇਸ ਸਬੰਧ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ’ਚ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਇੱਕ ਦੂਸਰੇ ਵੱਲ ਕਨੱਖੀਆਂ ਨਜ਼ਰਾਂ ਨਾਲ ਝਾਕਦੇ ਦਿਖਾਈ ਦੇ ਰਹੇ ਹਨ। ਦਰਅਸਲ ਵੀਡੀਓ ਅਜਾਦੀ ਦਿਵਸ ਸਮਾਗਮ ਦੇ ਖਤਮ ਹੋਣ ਮੌਕੇ ਦੀ ਜਾਪਦੀ ਹੈ ਜਦੋਂ ਰਾਸ਼ਟਰੀ ਗਾਣ ਗਾਇਆ ਜਾਣਾ ਸੀ।
ਅੱਜ ਬਠਿੰਡਾ ਦੇ ਬਹੁਮੰਤਵੀ ਸਟੇਡੀਅਮ ’ਚ 80 ਵੇਂ ਅਜਾਦੀ ਦਿਵਸ ਸਬੰਧੀ ਸਮਾਗਮ ਰੱਖਿਆ ਗਿਆ ਸੀ ਜਿਸ ’ਚ ਵਜ਼ੀਰ ਹਰਦੀਪ ਸਿੰਘ ਮੁੰਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਇਸ ਸਮਾਗਮ ’ਚ ਸ਼ਹਿਰ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਸਮੇਤ ਸ਼ਹਿਰ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਸੀ ਜਿੰਨ੍ਹਾਂ ਵਿੱਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਹਲਕਾ ਵਿਧਾਇਕ ਜਗਰੂਪ ਗਿੱਲ ਵੀ ਸਨ। ਜਦੋਂ ਸਮਾਗਮ ’ਚ ਰਾਸ਼ਟਰੀ ਗਾਨ ਪੇਸ਼ ਕੀਤਾ ਜਾਣਾ ਸੀ ਤਾਂ ਵਿਧਾਇਕ ਗਿੱਲ ਅਤੇ ਅਮਰਜੀਤ ਮਹਿਤਾ ਵੀ ਨਾਲ ਨਾਲ ਖਲੋਤੇ ਸਨ। ਇਸ ਮੌਕੇ ਅਚਾਨਕ ਕੋਈ ਗੱਲ ਹੋਈ ਤਾਂ ਦੋਵੇਂ ਇੱਕ ਦੂਸਰੇ ਵੱਲ ਤਲਖ ਨਜ਼ਰਾਂ ਨਾਲ ਝਾਕਣ ਲੱਗ ਪਏ। ਸਥਿਤੀ ਨੂੰ ਭਾਂਪਦਿਆਂ ਮੰਤਰੀ ਮੁੰਡੀਆਂ ਨੇ ਜਨ ਗਨ ਮਨ ਦੇ ਬਹਾਨੇ ਪਾਸਾ ਕਰਵਾ ਦਿੱਤਾ। ਇਸ ਮੌਕੇ ਵਿਧਾਇਕ ਅਮਿਤ ਰਤਨ ਦੋਵਾਂ ਵਿਚਕਾਰ ਖਲੋ ਗਏ ਅਤੇ ਇਸੇ ਦੌਰਾਨ ਕਿਸੇ ਨੇ ਅਮਰਜੀਤ ਮਹਿਤਾ ਨੂੰ ਅਵਾਜ ਮਾਰਕੇ ਦੂਸਰੀ ਤਰਫ ਸੱਦ ਲਿਆ।
ਹੁਣ ਇਸ ਮਾਮਲੇ ਨੂੰ ਡੂੰਘਾਈ ਨਾਲ ਸਮਝਣ ਲਈ ਰਤਾ ਪਿਛੋਕੜ ਚਲਦੇ ਹਾਂ ਜੋ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੱਜ ਸ਼ਹਿਰ ਦੇ ਸਿਆਸੀ ਅਤੇ ਸਮਾਜਿਕ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ ਆਮ ਆਦਮੀ ਪਾਰਟੀ ਦੇ ਦੋਵਾਂ ਆਗੂਆਂ ਵਿਚਕਾਰ ਪਹਿਲੀ ਵਾਰ 2025 ’ਚ ਵਿਧਾਇਕ ਜਗਰੂਪ ਗਿੱਲ ਦੇ ਜੱਦੀ ਵਾਰਡ ਨੰਬਰ 48 ਦੀ ਜਿਮਨੀ ਚੋਣ ਮੌਕੇ ਆਪਸ ਵਿੱਚ ਤਲਖੀ ਬਣੀ ਸੀ। ਉਦੋਂ ਵਿਧਾਇਕ ਨੇ ਅਕਾਲੀ ਆਗੂ ਬਲਵਿੰਦਰ ਸਿੰਘ ਬਿੰਦਰ ਨੂੰ ‘ਆਪ’ ’ਚ ਸ਼ਾਮਲ ਕਰਕੇ ਪਾਰਟੀ ਟਿਕਟ ਦਿਵਾਈ ਸੀ। ਇਸੇ ਦੌਰਾਨ ਅਮਰਜੀਤ ਮਹਿਤਾ ਨੇ ਉਮੀਦਵਾਰ ਵਜੋਂ ਆਪਣੇ ਪੁੱਤਰ ਪਦਮਜੀਤ ਮਹਿਤਾ ਦਾ ਨਾਮ ਐਲਾਨ ਕਰਵਾ ਲਿਆ ਜਿੰਨ੍ਹਾਂ ਨੇ ਜਿੱਤਣ ਤੋਂ ਬਾਅਦ ਮੇਅਰ ਬਣਨ ’ਚ ਸਫਲਤਾ ਹਾਸਲ ਕਰ ਲਈ। ਉਸ ਵਕਤ ਵਿਧਾਇਕ ਜਗਰੂਪ ਗਿੱਲ ਵੱਲੋਂ ਬਲਵਿੰਦਰ ਸਿੰਘ ਦੇ ਹੱਕ ਵਿੱਚ ਅਤੇ ਪਦਮਜੀਤ ਮਹਿਤਾ ਖਿਲਾਫ ਡਟਣ ਕਾਰਨ ਦੋਵਾਂ ਵਿਚਕਾਰ 36 ਦਾ ਅੰਕੜਾ ਚਲਿਆ ਆ ਰਿਹਾ ਹੈ।
ਇਸ ਤੋਂ ਬਾਅਦ ਉਮੀਦ ਜਤਾਈ ਜਾ ਰਹੀ ਸੀ ਕਿ ਵਕਤ ਨਾਲ ਸਭ ਠੀਕ ਹੋ ਜਾਏਗਾ ਪਰ ਇਹ ਖਿਚਾਅ ਵਧਦਾ ਹੀ ਚਲਾ ਗਿਆ ਜਿਸ ਵਿੱਚ ਨਗਰ ਨਿਗਮ ਬਠਿੰਡਾ ਦੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ’ਚ ਅਮਰਜੀਤ ਮਹਿਤਾ ਦਾ ਦਬਦਬਾ ਹੋਣ ਨੇ ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਦਿੱਤਾ । ਜਿੰਨ੍ਹਾਂ ਆਗੂਆਂ ਨੇ ਉਮੀਦਵਾਰ ਬਣਨ ਲਈ ਦਾਅਵੇਦਾਰੀ ਵਿਧਾਇਕ ਕੋਲ ਪੇਸ਼ ਕੀਤੀ ਉਹ ਦਰਕਿਨਾਰ ਕਰ ਦਿੱਤੇ ਗਏ ਜਦੋਂਕਿ ਅਮਰਜੀਤ ਮਹਿਤਾ ਦੇ ਸਮੂਹ ਉਮੀਦਵਾਰਾਂ ਨੂੰ ਟਿਕਟਾਂ ਮਿਲ ਗਈਆਂ। ਇਹ ਦਰਾੜ ਉਦੋਂ ਹੋਰ ਵਧ ਗਈ ਜਦੋਂ ਨਗਰ ਨਿਗਮ ਚੋਣਾਂ ਦੌਰਾਨ ਵਿਧਾਇਕ ਗਿੱਲ ਦੇ ਕਈ ਖਾਸ ਬੰਦਿਆਂ ਨੂੰ ਅਮਰਜੀਤ ਮਹਿਤਾ ਨੇ ਆਪਣੇ ਨਾਲ ਮਿਲਾ ਲਿਆ । ਇਸੇ ਤਣਾਤਣੀ ਕਾਰਨ ਵਿਧਾਇਕ ਪਾਰਟੀ ਦੇ ਚੋਣ ਪ੍ਰਚਾਰ ਤੋਂ ਵੀ ਦੂਰ ਰਹੇ ਅਤੇ ਨਿਗਮ ਜਿੱਤ ਦੀ ਖੁਸ਼ੀ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਢੇ ਰੋਡ ਸ਼ੋਅ ਤੋਂ ਵੀ ਦੂਰੀ ਬਣਾਈ ਰੱਖੀ।
ਮਹਿਤਾ ਦਾ ਸਿਆਸੀ ਕੱਦ ਵਧਿਆ
ਨਗਰ ਨਿਗਮ ’ਚ ਤਿੰਨ ਦਰਜਨ ਕੌਂਸਲਰ ਜਿਤਾਉਣ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਮੇਅਰ ਲੜਕੇ ਦਾ ਸਿਆਸੀ ਕੱਦ ਹੋਰ ਵੀ ਵਧ ਗਿਆ ਹੈ। ਹੁਣ ਸਥਿਤੀ ਇਹ ਹੈ ਕਿ ਪ੍ਰਸ਼ਾਸ਼ਨਿਕ ਹਲਕਿਆਂ ’ਚ ਮਹਿਤਾ ਪ੍ਰੀਵਾਰ ਦੀ ਤੂਤੀ ਬੋਲ ਰਹੀ ਹੈ ਜਦੋਂਕਿ ਵਿਧਾਇਕ ਜਗਰੂਪ ਸਿੰਘ ਗਿੱਲ ਨੂੰ ਪ੍ਰਸ਼ਾਸ਼ਨ ਓਨਾਂ ਮਾਣ ਤਾਣ ਨਹੀਂ ਦਿੰਦਾ ਹੈ। ਹੁਣ ਤਾਂ ਵਿਧਾਇਕ ਗਿੱਲ ਸਰਕਾਰੀ ਪ੍ਰੋਗਰਾਮਾਂ ਵਿੱਚ ਵੀ ਕਦੇ ਕਦਾਈ ਦਿਖਦੇ ਹਨ ਜਦੋਂਕਿ ਮੇਅਰ ਪਦਮਜੀਤ ਮਹਿਤਾ ਦੇ ਪ੍ਰੈਸ ਬਿਆਨ ਤੱਕ ਜਿਲ੍ਹਾ ਲੋਕ ਸੰਪਰਕ ਵਿਭਾਗ ਜਾਰੀ ਕਰ ਰਿਹਾ ਹੈ। ਚੁੰਝ ਚਰਚਾ ਹੈ ਕਿ 2027 ’ਚ ਸ਼ਹਿਰੀ ਹਲਕੇ ਤੋਂ ਪਦਮਜੀਤ ਮਹਿਤਾ ਵਿਧਾਨ ਸਭਾ ਚੋਣ ਲੜਨਗੇ।
ਵਿਧਾਇਕ ਨੇ ਫੋਨ ਨਹੀਂ ਚੁੱਕਿਆ
ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਦੋ ਵਾਰ ਸੰਪਰਕ ਕਰਨ ’ਤੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਫੋਨ ਨਹੀਂ ਚੁੱਕਿਆ।
ਨਰਾਜ਼ ਹੋਏ ਤਾਂ ਮਨਾਵਾਂਗੇ : ਮਹਿਤਾ
ਇਸ ਮੌਕੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਅਮਰਜੀਤ ਮਹਿਤਾ ਦਾ ਕਹਿਣਾ ਸੀ ਕਿ ਵਿਧਾਇਕ ਗਿੱਲ ਆਮ ਆਦਮੀ ਪਾਰਟੀ ਪ੍ਰੀਵਾਰ ਦੇ ਮੈਂਬਰ ਹਨ ਇਸ ਲਈ ਜੇਕਰ ਉਨ੍ਹਾਂ ਨੂੰ ਕੋਈ ਨਰਾਜ਼ਗੀ ਹੋਈ ਤਾਂ ਮਨਾ ਲਿਆ ਜਾਏਗਾ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਨਰਾਜ਼ ਹੋਣ ਦੀ ਲੋੜ ਨਹੀਂ ਕਿਉਂਕਿ ਪਾਰਟੀ ਨੇ ਨਗਰ ਨਿਗਮ ਚੋਣਾਂ ਦੌਰਾਨ ਟਿਕਟਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਦਿੱਤੀਆਂ ਹਨ।
- Download Babushahi App
-
-