ਦੇਸ਼ ਦੀ ਸੇਵਾ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਜਵਾਨਾਂ ਦੀ ਰਹੀ ਵੱਡੀ ਭੂਮਿਕਾ- ਹਰਜੋਤ ਬੈਂਸ
ਆਈ.ਟੀ.ਬੀ.ਪੀ. ਦੇ ਡੀ.ਆਈ.ਜੀ. ਪਰਮਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਕੈਬਨਿਟ ਮੰਤਰੀ ਹਰਜੋਤ ਬੈਂਸ, ਪੁਲਿਸ ਪ੍ਰਸ਼ਾਸਨ ਅਤੇ ਆਈ.ਟੀ.ਬੀ.ਪੀ. ਅਧਿਕਾਰੀਆਂ ਵੱਲੋਂ ਸ਼ਰਧਾਂਜਲੀ
ਚਰਨ ਗੰਗਾ ਸ਼ਮਸ਼ਾਨਘਾਟ ਵਿਖੇ ਆਈ.ਟੀ.ਬੀ.ਪੀ. ਦੇ ਜਵਾਨਾਂ ਨੇ ਦਿੱਤੀ ਸਲਾਮੀ
ਮਨਪ੍ਰੀਤ ਸਿੰਘ
ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ 16 ਅਗਸਤ:
ਬੀਤੀ ਕੱਲ 15 ਅਗਸਤ ਨੂੰ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਇੰਡੋ-ਤਿੱਬਤੀਅਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.)ਦੇ ਡੀ.ਆਈ.ਜੀ. ਪਰਮਿੰਦਰ ਸਿੰਘ ਨੂੰ ਅੱਜ ਉਨ੍ਹਾਂ ਦੇ ਜੱਦੀ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੈਂਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ। ਚਰਨ ਗੰਗਾ ਸ਼ਮਸ਼ਾਨਘਾਟ ਵਿਖੇ ਹੋਏ ਅੰਤਿਮ ਸੰਸਕਾਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਦੇ ਅਧਿਕਾਰੀਆਂ, ਆਈ.ਟੀ.ਬੀ.ਪੀ. ਦੇ ਸੀਨੀਅਰ ਅਧਿਕਾਰੀਆਂ, ਜਵਾਨਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਾਮਲ ਹੋ ਕੇ ਸਵ.ਪਰਮਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਆਈ.ਟੀ.ਬੀ.ਪੀ. ਦੇ ਜਵਾਨਾਂ ਵੱਲੋਂ ਪੂਰੇ ਸਨਮਾਨ ਨਾਲ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ।
ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਦੇਸ਼ ਦੀ ਸੇਵਾ ਅਤੇ ਸੁਰੱਖਿਆ ਵਿੱਚ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਨੌਜਵਾਨਾਂ ਦੀ ਹਮੇਸ਼ਾ ਵੱਡੀ ਭੂਮਿਕਾ ਰਹੀ ਹੈ। ਇਸ ਇਲਾਕੇ ਦੇ ਅਨੇਕਾਂ ਨੌਜਵਾਨ ਦੇਸ਼ ਦੀਆਂ ਵੱਖ-ਵੱਖ ਸੁਰੱਖਿਆ ਅਤੇ ਰੱਖਿਆ ਫੋਰਸਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਕਈ ਉੱਚ ਅਹੁਦਿਆਂ ’ਤੇ ਪਹੁੰਚ ਕੇ ਇਲਾਕੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦੀ ਸੇਵਾ ਕਰ ਰਹੀ ਕੋਈ ਮਹਾਨ ਸ਼ਖਸੀਅਤ ਅਚਾਨਕ ਸਾਡੇ ਤੋਂ ਵਿਛੜ ਜਾਂਦੀ ਹੈ ਤਾਂ ਇਸ ਦੁੱਖ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੁੰਦਾ ਹੈ। ਬੈਂਸ ਨੇ ਕਿਹਾ ਕਿ ਸਵ.ਪਰਮਿੰਦਰ ਸਿੰਘ ਸਾਡੇ ਇਲਾਕੇ ਦਾ ਮਾਣ ਸਨ ਅਤੇ ਉਨ੍ਹਾਂ ਦੀ ਸਮਰਪਿਤ ਸੇਵਾ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਰਹੇਗੀ।
ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 54 ਸਾਲਾ ਸਵ.ਪਰਮਿੰਦਰ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਵਿਦਿਆਰਥੀ ਰਹੇ ਸਨ ਅਤੇ ਇੱਕ ਅਗਾਂਹਵਧੂ, ਮਿਹਨਤੀ ਅਤੇ ਸਮਰਪਿਤ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ। ਉਹ ਇਸ ਸਮੇਂ ਆਈ.ਟੀ.ਬੀ.ਪੀ. ਵਿੱਚ ਡੀ.ਆਈ.ਜੀ. ਦੇ ਅਹੁਦੇ ’ਤੇ ਸ੍ਰੀਨਗਰ ਵਿਖੇ ਤਾਇਨਾਤ ਸਨ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਸਹਾਰਨਪੁਰ ਨੇੜੇ ਦੇਹਰਾਦੂਨ-ਪੰਚਕੂਲਾ ਕੌਮੀ ਮਾਰਗ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਰਵੀ ਸ਼ੰਕਰ ਦੀ ਮੌਤ ਹੋ ਗਈ। ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਰਕਾਰ ਅਤੇ ਸਮੁੱਚਾ ਇਲਾਕਾ ਪਰਿਵਾਰ ਦੇ ਨਾਲ ਖੜ੍ਹਾ ਹੈ। ਉਨ੍ਹਾਂ ਨੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਬਖਸ਼ਣ ਲਈ ਅਰਦਾਸ ਕੀਤੀ।
ਸੰਸਕਾਰ ਮੌਕੇ ਆਈ.ਟੀ.ਬੀ.ਪੀ. ਦੇ ਸੀਨੀਅਰ ਅਧਿਕਾਰੀਆਂ ਅਤੇ ਜਵਾਨਾਂ ਨੇ ਆਪਣੇ ਸਾਥੀ ਅਧਿਕਾਰੀ ਦੀ ਸ਼ਹਾਦਤ ਵਰਗੀ ਸਮਰਪਿਤ ਸੇਵਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਸਵ.ਪਰਮਿੰਦਰ ਸਿੰਘ ਦੀ ਮ੍ਰਿਤਕ ਦੇਹ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਾਹੌਲ ਗਮਗੀਨ ਰਿਹਾ ਅਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਇਲਾਕਾ ਵਾਸੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਸਵ.ਪਰਮਿੰਦਰ ਸਿੰਘ ਵੱਲੋਂ ਦੇਸ਼ ਦੀ ਸੁਰੱਖਿਆ ਅਤੇ ਸੇਵਾ ਲਈ ਨਿਭਾਈਆਂ ਗਈਆਂ ਜ਼ਿੰਮੇਵਾਰੀਆਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।
ਇਸ ਮੌਕੇ ਡਾ.ਅਰੁਣ ਸਭਰਵਾਲ ਆਈ.ਜੀ, ਮਨੂੰ ਮਹਾਜਨ ਆਈ.ਜੀ, ਅਸ਼ਵਨੀ ਡੋਗਰਾ ਆਈ.ਜੀ, ਮੋਹਿਤ ਚਾਵਲਾ ਡੀ.ਆਈ.ਜੀ, ਵਿਜੇ ਦੇਸ਼ਵਾਲ ਡੀ.ਆਈ.ਜੀ, ਪ੍ਰਿੰ.ਜਸਵੀਰ ਸਿੰਘ, ਅਰਵਿੰਦ ਮੀਨਾ ਐਸ.ਪੀ, ਸੁਖਪਾਲ ਸਿੰਘ ਐਸ.ਡੀ.ਐਮ, ਜਸ਼ਨਦੀਪ ਸਿੰਘ ਡੀ.ਐਸ.ਪੀ, ਜਤਿਨ ਕਪੂਰ ਥਾਣਾ ਮੁਖੀ, ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ ਰੂਪਨਗਰ, ਤਜਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।
- Download Babushahi App
-
-