Canada: ਅਰਪਨ ਲਿਖਾਰੀ ਸਭਾ ਦੀ ਮਾਸਿਕ ਮਿਲਣੀ ਬਾਬੂ ਰਜਬ ਅਲੀ ਨੂੰ ਸਮਰਪਿਤ ਰਹੀ
ਹਰਦਮ ਮਾਨ
ਕੈਲਗਰੀ, 13 ਅਗਸਤ 2026- ਅਰਪਨ ਲਿਖਾਰੀ ਸਭਾ ਦੀ ਅਗਸਤ ਮਹੀਨੇ ਦੀ ਮਾਸਿਕ ਮਿਲਣੀ ਕੋਸੋ ਹਾਲ ਵਿਖੇ ਹੋਈ। ਇਹ ਸਮਾਗਮ ਪੰਜਾਬੀ ਦੇ ਮਹਾਨ ਲੋਕ-ਕਵੀ ਬਾਬੂ ਰਜਬ ਅਲੀ ਖ਼ਾਨ ਦੀ 132ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਰਿਹਾ। ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਰਨੈਲ ਤੱਗੜ ਅਤੇ ਬੀਬੀ ਕਿਰਨਜੋਤ ਕੌਰ ਨੇ ਕੀਤੀ। ਸਮਾਗਮ ਦੇ ਆਰੰਭ ਵਿੱਚ ਸਭਾ ਦੇ ਮੈਂਬਰ ਲਖਵਿੰਦਰ ਜੌਹਲ ਦੇ ਨੌਜਵਾਨ ਸਪੁੱਤਰ ਸੁਖਦੀਪ ਜੌਹਲ ਦੀ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ।
ਸਕੱਤਰ ਦਰਸ਼ਨ ਸਿੰਘ ਬਰਾੜ ਨੇ ਸ਼ਹੀਦ ਊਧਮ ਸਿੰਘ ਨੂੰ ‘ਊਧਮ ਸਿੰਘ ਨੇ ਭਾਜੀ ਮੋੜੀ ਅਤਿਆਚਾਰਾਂ ਦੀ’ ਰਾਹੀਂ ਅਕੀਦਤ ਭੇਟ ਕੀਤੀ। ਸੋਹਣ ਸਿੰਘ ਭੁੱਚੋ, ਸੁਖਮੰਦਰ ਸਿੰਘ ਗਿੱਲ, ਜਤਿੰਦਰ ਕੈਂਥ ਅਤੇ ਡਾ. ਮਨਮੋਹਨ ਬਾਠ ਨੇ ਗੀਤਾਂ ਰਾਹੀਂ ਹਾਜ਼ਰੀ ਲੁਆਈ। ਗੁਰਚਰਨ ਸਿੰਘ ਹੇਅਰ ਨੇ ‘ਭੁੱਲੀਂ ਨਾ ਜਵਾਨੀਏਂ ਤੂੰ ਤੋਰ ਨੀਂ’ ਰਾਹੀਂ ਨੌਜਵਾਨੀ ਨੂੰ ਸੇਧ ਦਿੱਤੀ। ਸੁਰਿੰਦਰ ਗੀਤ ਨੇ ਆਪਣੀ ਕਵਿਤਾ ‘ਆਪਣੀ ਆਪਣੀ ਮਨ ਦੀ ਮਮਟੀ ਉੱਤੇ ਦੀਵੇ ਧਰੀਏ’ ਅਤੇ ਲਖਵਿੰਦਰ ਸਿੱਧੂ ਨੇ ‘ਹਿਜ਼ਰਾਂ ਦੇ ਪੰਧ ਨੇ ਲੰਮੇ’ ਪੇਸ਼ ਕੀਤੀ। ਜਰਨੈਲ ਤੱਗੜ ਅਤੇ ਸਰਵਣ ਸਿੰਘ ਸੰਧੂ ਨੇ ਵੀ ਵਿਚਾਰ ਸਾਂਝੇ ਕੀਤੇ।
ਮੁਖਿੰਦਰਪਾਲ ਸਿੰਘ ਉੱਪਲ ਨੇ ਪ੍ਰੋ. ਮੋਹਨ ਸਿੰਘ ਦੀ ਕਵਿਤਾ ‘ਜਵਾਨੀ’ ਦਮਦਾਰ ਆਵਾਜ਼ ਵਿੱਚ ਪੇਸ਼ ਕੀਤੀ। ਮੋਹਨ ਸਿੰਘ ਪਪਰਾਲਾ, ਤਾਜਬੀਰ ਸਿੰਘ ਅਤੇ ਚਰਨਦੀਪ ਕੌਰ ਨੇ ਕਵਿਤਾਵਾਂ ਅਤੇ ਜਸਵੀਰ ਸਿਹੋਤਾ ਨੇ ਦੋਹੇ ਸੁਣਾਏ। ਜ਼ੀਰ ਸਿੰਘ ਬਰਾੜ ਨੇ ਬਾਬੂ ਰਜਬ ਅਲੀ ਦੇ ਪਿੰਡ ਸਾਹੋਕੇ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ, ਜਦਕਿ ਮਾਸਟਰ ਹਰਭਜਨ ਸਿੰਘ ਨੇ ਗੁਰਨਾਮ ਸਿੰਘ ਤੀਰ ਦਾ ਵਿਅੰਗਮਈ ਲੇਖ ਪੜ੍ਹ ਕੇ ਹਾਸ-ਰਸ ਪੈਦਾ ਕੀਤਾ।
ਜੈ ਸਿੰਘ ਉੱਪਲ ਨੇ ਆਪਣੇ ਇਨਕਲਾਬੀ ਦੇਸ਼ਭਗਤ ਬਾਬਾ ਜੀ ਬਾਲ ਸਿੰਘ ਉੱਪਲ ਦੇ ਸੰਘਰਸ਼ਮਈ ਜੀਵਨ ਅਤੇ ਜੈਤੋ ਤੇ ਗੁਰੂ ਕੇ ਬਾਗ ਦੇ ਮੋਰਚਿਆਂ ਨਾਲ ਸਬੰਧਤ ਦੁਰਲੱਭ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ। ਜਸਵੰਤ ਸਿੰਘ ਸੇਖੋਂ ਨੇ ਡੋਲੀ ਛੰਦ ਰਾਹੀਂ 2015 ਦੇ ਪੰਜਾਬ ਹੜ੍ਹਾਂ ਦੀ ਦੁਖਦਾਈ ਦਾਸਤਾਨ ਪੇਸ਼ ਕੀਤੀ। ਸਰੂਪ ਸਿੰਘ ਮੰਡੇਰ ਨੇ ਕਵੀਸ਼ਰੀ ਦੇ ਰੰਗ ਵਿੱਚ ਤਰਜ਼ ਕਲੀ ਪੇਸ਼ ਕੀਤੀ।
ਬਾਬੂ ਰਜਬ ਅਲੀ ਨੂੰ ਸਮਰਪਿਤ ਕਵੀਸ਼ਰੀ ਵਿੱਚ ਜਗਦੇਵ ਸਿੱਧੂ ਨੇ ਆਪਣੀ ਕਵਿਤਾ ਪੇਸ਼ ਕੀਤੀ ਅਤੇ ਸਤਨਾਮ ਸਿੰਘ ਢਾਅ ਨੇ ਜੋਗਾ ਸਿੰਘ ਜੋਗੀ ਦੀ ਰਚੀ ਕਵੀਸ਼ਰੀ ਰਾਹੀਂ ਸਮਾਜਿਕ ਵਰਤਾਰੇ ਦੀ ਤਸਵੀਰ ਪੇਸ਼ ਕੀਤੀ। ਸੱਸੀ-ਪੁੰਨੂੰ ਦੀ ਪ੍ਰੇਮ-ਗਾਥਾ ਨਾਲ ਜੁੜੀ ਕਵੀਸ਼ਰੀ ਨੇ ਵੀ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਕਵੀਸ਼ਰਾਂ ਨੇ ਬੁਲੰਦ ਆਵਾਜ਼ ਵਿੱਚ ਪੇਸ਼ਕਾਰੀ ਕਰਕੇ ਅਲੋਪ ਹੋ ਰਹੀ ਕਵੀਸ਼ਰੀ ਕਲਾ ਨੂੰ ਸਾਂਭਣ ਦੀ ਵਚਨਬੱਧਤਾ ਪ੍ਰਗਟਾਈ।
ਤਰਲੋਕ ਸਿੰਘ ਚੁੱਘ ਨੇ ਚੁਟਕਲਿਆਂ ਰਾਹੀਂ ਹਾਸ-ਰਸ ਪੈਦਾ ਕੀਤਾ। ਬਲਕਾਰ ਸਿੰਘ ਦਿਉਲ, ਮਹਿੰਦਰ ਕੌਰ ਕਾਲੀਰਾਏ, ਸੁਖਦੇਵ ਕੌਰ ਢਾਅ, ਕਿਰਨਜੋਤ ਕੌਰ ਹੁੰਜਣ ਅਤੇ ਸਤਨਾਮ ਸ਼ੇਰਗਿੱਲ ਨੇ ਸਾਹਿਤਕ ਚਰਚਾ ਵਿੱਚ ਯੋਗਦਾਨ ਪਾਇਆ। ਅੰਤ ਵਿੱਚ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਮੂਹ ਪੇਸ਼ਕਾਰਾਂ ਦੀ ਸ਼ਲਾਘਾ ਕਰਦਿਆਂ ਭਰਵੀਂ ਹਾਜ਼ਰੀ ਲਈ ਸਾਰਿਆਂ ਦਾ ਧੰਨਵਾਦ ਕੀਤਾ।