ਪੰਜਾਬ ਦੇ ਹੱਕਾਂ ਲਈ 500 ਨਿਡਰ ਨੌਜਵਾਨ ਤਿਆਰ ਕਰੇਗੀ ਮਿਸਲ ਸਤਲੁਜ ਪਾਰਟੀ: ਅਜੇਪਾਲ ਸਿੰਘ ਬਰਾੜ
ਨਕੋਦਰ 16 ਅਗਸਤ, 2026
ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਨੂੰ ਮੁੜ ਵਿਕਾਸ, ਖੁਸ਼ਹਾਲੀ ਅਤੇ ਸਵੈ-ਮਾਣ ਦੇ ਰਾਹ ’ਤੇ ਲਿਆਉਣ ਲਈ ਸਿਰਫ਼ ਸੱਤਾ ਬਦਲਣ ਦੀ ਨਹੀਂ, ਸਗੋਂ ਸੋਚ ਅਤੇ ਲੀਡਰਸ਼ਿਪ ਬਦਲਣ ਦੀ ਲੋੜ ਹੈ। ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਪਾਰਟੀ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਘੱਟੋ-ਘੱਟ 500 ਅਜਿਹੇ ਨਿਡਰ ਅਤੇ ਸਮਰੱਥ ਨੌਜਵਾਨ ਤਿਆਰ ਕਰੇਗੀ, ਜੋ ਪੰਜਾਬ ਦੇ ਇਤਿਹਾਸ, ਅਰਥਚਾਰੇ, ਸੰਵਿਧਾਨਕ ਅਧਿਕਾਰਾਂ, ਸੱਭਿਆਚਾਰ ਅਤੇ ਸਮਾਜਿਕ ਚੁਣੌਤੀਆਂ ਦੀ ਡੂੰਘੀ ਸਮਝ ਰੱਖਦੇ ਹੋਣ ਅਤੇ ਪੰਜਾਬ ਦੇ ਹੱਕਾਂ ਲਈ ਹਰ ਮੰਚ ’ਤੇ ਬੇਝਿਜਕ ਆਵਾਜ਼ ਬੁਲੰਦ ਕਰ ਸਕਣ।
ਨਕੋਦਰ ਵਿਖੇ ਚੜ੍ਹਦੀ ਕਲਾ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਿਰਫ਼ ਚੋਣਾਂ ਵੇਲੇ ਯਾਦ ਕਰਨ ਵਾਲੀ ਰਾਜਨੀਤੀ ਹੁਣ ਨਹੀਂ ਚੱਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ, ਜਵਾਨੀ, ਰੁਜ਼ਗਾਰ, ਖੇਤੀਬਾੜੀ, ਉਦਯੋਗ, ਆਰਥਿਕਤਾ ਅਤੇ ਸੱਭਿਆਚਾਰ ਨਾਲ ਜੁੜੇ ਮੁੱਦਿਆਂ ’ਤੇ ਸਪੱਸ਼ਟ ਨੀਤੀ ਅਤੇ ਦ੍ਰਿੜ੍ਹ ਇਰਾਦੇ ਨਾਲ ਕੰਮ ਕਰਨਾ ਪਵੇਗਾ।
ਸ. ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਦਾ ਮੰਤਵ ਕੇਵਲ ਸੱਤਾ ਹਾਸਲ ਕਰਨਾ ਨਹੀਂ, ਬਲਕਿ ਪੰਜਾਬ ਦੇ ਲੋਕਾਂ ਵਿੱਚੋਂ ਅਜਿਹੀ ਲੋਕ-ਅਧਾਰਿਤ ਲੀਡਰਸ਼ਿਪ ਖੜ੍ਹੀ ਕਰਨਾ ਹੈ ਜੋ ਕਿਸੇ ਦੇ ਦਬਾਅ ਜਾਂ ਸਿਆਸੀ ਲਾਭ ਦੀ ਬਜਾਏ ਪੰਜਾਬ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖੇ। ਉਨ੍ਹਾਂ ਕਿਹਾ ਕਿ ਜਿਹੜੀ ਕੌਮ ਆਪਣੀ ਜਵਾਨੀ ਨੂੰ ਦਿਸ਼ਾ ਨਹੀਂ ਦਿੰਦੀ, ਉਹ ਆਪਣਾ ਭਵਿੱਖ ਦੂਜਿਆਂ ਦੇ ਹੱਥਾਂ ਵਿੱਚ ਸੋਂਪ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਮੌਕਿਆਂ ਦੀ ਲੋੜ ਹੈ, ਕਿਸਾਨਾਂ ਨੂੰ ਮਜ਼ਬੂਤ ਆਰਥਿਕਤਾ ਦੀ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਸਨਮਾਨ ਅਤੇ ਸੁਰੱਖਿਆ ਦੀ ਅਤੇ ਪੰਜਾਬ ਨੂੰ ਆਪਣੇ ਕੁਦਰਤੀ ਸਰੋਤਾਂ ਤੇ ਅਧਿਕਾਰਾਂ ਦੀ ਰਾਖੀ ਲਈ ਮਜ਼ਬੂਤ ਆਵਾਜ਼ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਇਸੇ ਸੋਚ ਨੂੰ ਲੋਕ ਲਹਿਰ ਵਿੱਚ ਬਦਲਣ ਲਈ ਕੰਮ ਕਰ ਰਹੀ ਹੈ।
ਉਨ੍ਹਾਂ ਨੌਜਵਾਨਾਂ, ਮੁਲਾਜ਼ਮਾਂ, ਕਿਸਾਨਾਂ, ਮਹਿਲਾਵਾਂ ਅਤੇ ਪੰਜਾਬ-ਹਿਤੈਸ਼ੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਨ ਅਤੇ ਪੰਜਾਬ ਦੇ ਭਵਿੱਖ ਨੂੰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ।
ਇਸ ਮੌਕੇ ਵੱਡੀ ਗਿਣਤੀ ਵਿੱਚ ਮਿਸਲ ਸਤਲੁਜ ਦੇ ਵਰਕਰਾਂ ਨੇ ਚੜ੍ਹਦੀ ਕਲਾ ਰੈਲੀ ਵਿੱਚ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਮਾਨ ਸਿੰਘ ਕਿੱਲੀ, ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਮਿਸਲ ਸਤਲੁਜ, ਦਵਿੰਦਰ ਸਿੰਘ ਸੰਘੋਵਾਲ, ਹਲਕਾ ਇੰਚਾਰਜ ਨਕੋਦਰ ਅਤੇ ਤੇਜਵਿੰਦਰ ਸਿੰਘ ਮਾਂਗਟ, ਹਲਕਾ ਇੰਚਾਰਜ ਬਲਾਚੌਰ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।
- Download Babushahi App
-
-