Pakistan Breaking ਬਲੋਚਿਸਤਾਨ 'ਚ ਬੱਸ ਖੱਡ 'ਚ ਡਿੱਗਣ ਕਾਰਨ 40 ਜਣਿਆਂ ਦੀ ਮੌਤ, 8 ਗੰਭੀਰ ਜ਼ਖਮੀ
ਬਾਬੂ਼ਸ਼ਾਹੀ ਬਿਊਰੋ
ਇਸਲਾਮਾਬਾਦ, 3 ਜੁਲਾਈ (2026): ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ 40 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਲਗਭਗ 8 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿੱਚ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੀ ਸਰਹੱਦ 'ਤੇ ਵਾਪਰਿਆ, ਜਿੱਥੇ ਯਾਤਰੀਆਂ ਨਾਲ ਨੱਕੋ-ਨੱਕ ਭਰੀ ਇੱਕ ਬੱਸ ਬੇਕਾਬੂ ਹੋ ਕੇ ਸੜਕ ਤੋਂ ਪਲਟ ਗਈ ਅਤੇ ਡੂੰਘੀ ਖੱਡ ਵਿੱਚ ਜਾ ਡਿੱਗੀ। ਜਾਣਕਾਰੀ ਮੁਸਤਾਬਿਕ ਇਹ ਬੱਸ ਕਵੇਟਾ ਤੋਂ ਇਸਲਾਮਾਬਾਦ ਜਾ ਰਹੀ ਸੀ ਅਤੇ ਜਦੋਂ ਇਹ ਸ਼ੇਰਾਨੀ-ਜ਼ੋਬ ਹਾਈਵੇਅ 'ਤੇ ਦਾਨਸਰ ਖੇਤਰ ਦੇ ਕੋਲ ਪਹੁੰਚੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਈ।
ਬਲੋਚਿਸਤਾਨ ਸਰਕਾਰ ਦੇ ਬੁਲਾਰੇ ਸ਼ਾਹਿਦ ਰਿੰਡ ਨੇ ਇਸ ਮੰਦਭਾਗੀ ਘਟਨਾ ਦੀ ਪੁਸਟੀ ਕੀਤੀ ਹੈ। ਮੈਡੀਕਲ ਐਮਰਜੈਂਸੀ ਰਿਸਪਾਂਸ ਸੈਂਟਰ (MERC) ਦੀਆਂ ਟੀਮਾਂ ਨੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰਕੇ ਖੱਡ ਵਿੱਚੋਂ 40 ਲਾਸ਼ਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ, ਜਿਨ੍ਹਾਂ ਨੂੰ ਇਲਾਜ ਲਈ ਝੋਬ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਖ਼ਬਰ ਮਿਲਦੇ ਹੀ ਛੇ ਐਂਬੂਲੈਂਸਾਂ, 12 ਐਮਰਜੈਂਸੀ ਮੈਡੀਕਲ ਟੀਮਾਂ ਅਤੇ 10 ਹਲਕੇ ਟਰਾਂਸਪੋਰਟ ਵਾਹਨ ਮੌਕੇ 'ਤੇ ਰਾਹਤ ਕਾਰਜਾਂ ਲਈ ਪਹੁੰਚ ਗਏ ਸਨ। ਸ਼ੇਰਾਨੀ ਦੇ ਡਿਪਟੀ ਕਮਿਸ਼ਨਰ ਹਜ਼ਰਤ ਵਲੀ ਕੱਕਰ ਨੇ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਚਸ਼ਮਦੀਦਾਂ ਮੁਤਾਬਕ ਬੱਸ ਵਿੱਚ ਸਮਰੱਥਾ ਤੋਂ ਵੱਧ ਸਵਾਰੀਆਂ ਬੈਠੀਆਂ ਹੋਈਆਂ ਸਨ ਅਤੇ ਲੋਕ ਛੱਤ 'ਤੇ ਵੀ ਸਵਾਰ ਸਨ। ਸ਼ੁਰੂਆਤ ਵਿੱਚ ਬੱਸ ਵਿੱਚ ਸਿਰਫ਼ 36 ਯਾਤਰੀ ਸਨ, ਪਰ ਰਸਤੇ ਵਿੱਚ ਇੱਕ ਹੋਰ ਬੱਸ ਖਰਾਬ ਹੋਣ ਕਾਰਨ ਉਸ ਦੇ ਮੁਸਾਫਰਾਂ ਨੂੰ ਵੀ ਇਸੇ ਬੱਸ ਵਿੱਚ ਚੜ੍ਹਾ ਲਿਆ ਗਿਆ ਸੀ। ਬੱਸ ਦੇ ਓਵਰਲੋਡ ਹੋਣ ਨੂੰ ਹੀ ਇਸ ਭਿਆਨਕ ਹਾਦਸੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਬਚਾਅ ਕਾਰਜ ਵਿੱਚ ਸ਼ੇਰਾਨੀ ਦੇ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਕਰਮਚਾਰੀਆਂ, ਸਥਾਨਕ ਬਚਾਅ ਟੀਮਾਂ ਅਤੇ ਗੁਆਂਢੀ ਰਾਜ ਖੈਬਰ ਪਖਤੂਨਖਵਾ ਦੇ ਅਮਲੇ ਨੇ ਅਹਿਮ ਯੋਗਦਾਨ ਪਾਇਆ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫ਼ਰਾਜ਼ ਬੁਗਤੀ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ ਅਤੇ ਅਧਿਕਾਰੀਆਂ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।