ਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਕਨੇਡਾ’ ਦੀ ਵੀਡੀਓ ਕੈਨੇਡਾ ਪਲੇਸ ਵੈਨਕੂਵਰ ਵਿਖੇ ਲੋਕ ਅਰਪਣ
ਹਰਦਮ ਮਾਨ
ਸਰੀ, 28 ਜੂਨ 2026-ਗਾਇਕ ਅਤੇ ਗੀਤਕਾਰ ਹਰਨੇਕ ਰਾਣਾ ਦਾ ਨਵਾਂ ਗੀਤ ‘ਦੇਸ ਹੈ ਕਨੇਡਾ ਮੇਰਾ ਦੁਨੀਆ ਤੋਂ ਸੋਹਣਾ ਏ’ ਇਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਬੀਤੇ ਦਿਨੀਂ ‘ਹਰਨੇਕ ਰਾਣਾ ਇੰਟਰਟੇਨਮੈਂਟ’ ਵੱਲੋਂ ਵੈਨਕੂਵਰ ਦੇ ਪ੍ਰਸਿੱਧ ਸਥਾਨ ‘ਕੈਨੇਡਾ ਪਲੇਸ’ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਗੀਤ ਦੀ ਵੀਡੀਓ ਰਿਲੀਜ਼ ਕੀਤੀ ਗਈ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਵੀਡੀਓ ਲਾਂਚਿੰਗ ਦੌਰਾਨ ਮਾਹੌਲ ਉਸ ਵੇਲੇ ਬੇਹੱਦ ਖੁਸ਼ਗਵਾਰ ਹੋ ਗਿਆ ਜਦੋਂ ਪੰਜਾਬੀ ਸੰਗੀਤ ਦੀਆਂ ਧੁਨਾਂ ’ਤੇ ਪੰਜਾਬੀਆਂ ਦੇ ਨਾਲ-ਨਾਲ ਗ਼ੈਰ-ਪੰਜਾਬੀ ਲੋਕਾਂ ਨੇ ਵੀ ਰਲ ਕੇ ਭੰਗੜਾ ਪਾਇਆ। ਹਾਜ਼ਰ ਦਰਸ਼ਕਾਂ ਨੇ ਹਰਨੇਕ ਰਾਣਾ ਨੂੰ ਪਿਆਰ ਅਤੇ ਸਤਿਕਾਰ ਦਿੰਦਿਆਂ ਹੱਥਾਂ ’ਤੇ ਚੁੱਕ ਲਿਆ।
ਦੱਸਣਯੋਗ ਹੈ ਕਿ ਇਹ ਗੀਤ ਹਰਨੇਕ ਰਾਣਾ ਦੀ ਨਵੀਂ ਸੰਗੀਤਕ ਐਲਬਮ ‘ਸੋਚ’ ਦਾ ਹਿੱਸਾ ਹੈ, ਜਿਸ ਨੂੰ ਪਿਛਲੇ ਦਿਨੀਂ ਐਬਸਫੋਰਡ ਵਿਖੇ ਲੱਗੇ ‘ਵਿਰਸੇ ਦੇ ਸ਼ੌਕੀਨ’ ਮੇਲੇ ਦੌਰਾਨ ਰਿਲੀਜ਼ ਕੀਤਾ ਗਿਆ ਸੀ। ਇਸ ਐਲਬਮ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਸੋਚ’ ਐਲਬਮ ਦੇ ਸਾਰੇ ਗੀਤ ਜਿੱਥੇ ਭਰਪੂਰ ਮਨੋਰੰਜਨ ਕਰਦੇ ਹਨ, ਉੱਥੇ ਹੀ ਸਮਾਜ ਅਤੇ ਜ਼ਿੰਦਗੀ ਦੇ ਵੱਖ-ਵੱਖ ਗੰਭੀਰ ਪਹਿਲੂਆਂ ਵੱਲ ਵੀ ਇਸ਼ਾਰਾ ਕਰਦੇ ਹਨ। ਇਸ ਐਲਬਮ ਦੇ ਸਾਰੇ 8 ਗੀਤ ਖ਼ੁਦ ਹਰਨੇਕ ਰਾਣਾ ਨੇ ਆਪਣੀ ਕਲਮ ਨਾਲ ਸ਼ਬਦਾਂ ਵਿੱਚ ਪਰੋਏ ਹਨ ਅਤੇ ਉਨ੍ਹਾਂ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ।
ਇਸ ਮੌਕੇ ਗਾਇਕ ਹਰਨੇਕ ਰਾਣਾ ਨੇ ਸਮੂਹ ਸੰਗੀਤ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਪਹਿਲੇ ਗੀਤਾਂ ਦੀ ਤਰ੍ਹਾਂ ਹੀ ਸੁਣਨ-ਦੇਖਣ ਵਾਲੇ ਸੱਜਣ ਉਨ੍ਹਾਂ ਦੀ ਇਸ ਨਵੀਂ ਸੰਗੀਤਕ ਕੋਸ਼ਿਸ਼ ਨੂੰ ਵੀ ਆਪਣਾ ਭਰਪੂਰ ਪਿਆਰ, ਆਸ਼ੀਰਵਾਦ ਅਤੇ ਸਹਿਯੋਗ ਬਖ਼ਸ਼ਣਗੇ।