ਭਾਰਤ-ਕੈਨੇਡਾ ਸਬੰਧਾਂ ਵਿੱਚ ਸੁਧਾਰ ਦੋਵਾਂ ਦੇਸ਼ਾਂ ਅਤੇ ਲੋਕਾਂ ਦੇ ਹਿੱਤ ਵਿੱਚ: ਸਤਨਾਮ ਸਿੰਘ ਸੰਧੂ
ਹਰਦਮ ਮਾਨ
ਸਰੀ, 25 ਜੂਨ 2026 – ਭਾਰਤ ਦੇ ਰਾਜ ਸਭਾ ਮੈਂਬਰ, ਭਾਜਪਾ ਆਗੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਸਿਰਫ਼ ਕੂਟਨੀਤਕ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਪਰਿਵਾਰਕ ਸਾਂਝ ਨਾਲ ਜੁੜੇ ਹੋਏ ਹਨ। ਕੈਨੇਡਾ ਵਿੱਚ ਵਸਦਾ ਵੱਡਾ ਭਾਰਤੀ ਭਾਈਚਾਰਾ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ਪੁਲ ਦਾ ਕੰਮ ਕਰਦਾ ਹੈ ਅਤੇ ਰਿਸ਼ਤਿਆਂ ਵਿੱਚ ਆਈ ਕਿਸੇ ਵੀ ਤਣਾਅਪੂਰਨ ਸਥਿਤੀ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ ਉੱਤੇ ਪੈਂਦਾ ਹੈ।
ਕੈਨੇਡਾ-ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਸਰਕਾਰ ਵੱਲੋਂ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਯਤਨ ਉਤਸ਼ਾਹਜਨਕ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਉੱਚ ਪੱਧਰੀ ਦੌਰਿਆਂ ਅਤੇ ਵਧਦੇ ਸੰਵਾਦ ਨਾਲ ਦੋਵਾਂ ਦੇਸ਼ਾਂ ਦੇ ਸਮਾਜਿਕ ਅਤੇ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਿਸਾਨੀ, ਨੌਜਵਾਨੀ, ਵਾਤਾਵਰਣ ਅਤੇ ਪਾਣੀ ਪ੍ਰਦੂਸ਼ਣ ਵਰਗੀਆਂ ਚੁਣੌਤੀਆਂ ਦੇ ਹੱਲ ਲਈ ਸਾਂਝੇ ਉਪਰਾਲਿਆਂ ਦੀ ਲੋੜ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਦੇਸ਼ ਅਤੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਸੜਕਾਂ, ਰੇਲਵੇ ਅਤੇ ਹੋਰ ਪ੍ਰੋਜੈਕਟਾਂ ਲਈ ਕੀਤੇ ਗਏ ਨਿਵੇਸ਼ ਦਾ ਵੀ ਜ਼ਿਕਰ ਕੀਤਾ।
ਸਮਾਗਮ ਦੌਰਾਨ ਕੈਨੇਡਾ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਵੀ ਉਠਾਈ ਗਈ। ਜਗਰੂਪ ਸਿੰਘ ਖੇੜਾ ਵੱਲੋਂ ਇਸ ਸਬੰਧੀ ਸੌਂਪੇ ਮੰਗ ਪੱਤਰ ਨੂੰ ਸਵੀਕਾਰ ਕਰਦਿਆਂ ਸੰਧੂ ਨੇ ਭਰੋਸਾ ਦਿੱਤਾ ਕਿ ਉਹ ਇਹ ਮੰਗ ਭਾਰਤ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਾਉਣਗੇ ਅਤੇ ਇਸ ਮਾਮਲੇ ਦੇ ਹੱਲ ਲਈ ਯਤਨ ਕਰਨਗੇ।
ਇਸ ਤੋਂ ਪਹਿਲਾਂ ਕੈਨੇਡਾ-ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਭਾਰਤ-ਕੈਨੇਡਾ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਸਾਬਕਾ ਮੰਤਰੀ ਡਾ. ਗੁਲਜ਼ਾਰ ਸਿੰਘ ਚੀਮਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਤਾਜ਼ਾ ਸਿਆਸੀ ਘਟਨਾਕ੍ਰਮ ਸਹੀ ਦਿਸ਼ਾ ਵੱਲ ਕਦਮ ਹੈ ਅਤੇ ਪਰਵਾਸੀ ਪੰਜਾਬੀ ਭਾਰਤ ਅਤੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਦੇ ਹਮੇਸ਼ਾ ਹਮਾਇਤੀ ਰਹੇ ਹਨ। ਹਿੰਦੂ ਮੰਦਿਰ ਕਮੇਟੀ ਵੱਲੋਂ ਵਿਨੇ ਸ਼ਰਮਾ ਨੇ ਵੀ ਭਾਰਤੀ ਭਾਈਚਾਰੇ ਦੀ ਏਕਤਾ ਅਤੇ ਭਾਰਤ ਦੀ ਤਰੱਕੀ ਲਈ ਆਪਣੀਆਂ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਐਡਵੋਕੇਟ ਲਵਲੀਨ ਸਿੰਘ ਗਿੱਲ ਨੇ ਨਿਭਾਈ।
ਸਮਾਗਮ ਦੀ ਸ਼ੁਰੂਆਤ 23 ਜੂਨ 1985 ਦੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰੇ ਗਏ 329 ਯਾਤਰੀਆਂ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਮੌਕੇ ਕੈਨੇਡਾ-ਇੰਡੀਆ ਫਰੈਂਡਸ਼ਿਪ ਫਾਊਂਡੇਸ਼ਨ ਵੱਲੋਂ ਸਤਨਾਮ ਸਿੰਘ ਸੰਧੂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਢੇਸੀ, ਸਾਬਕਾ ਐਮ.ਪੀ. ਗੁਰਮੰਤ ਗਰੇਵਾਲ, ਬੂਟਾ ਸਿੰਘ ਢਿੱਲੋਂ, ਹਿੰਦੂ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਗੋਇਲ, ਵਨੀਤ ਅਗਰਵਾਲ, ਪਰਮਜੀਤ ਸਿੰਘ, ਹੈਰੀ ਕੂਨਰ, ਪ੍ਰੋ. ਗੁਰਦੇਵ ਸਿੰਘ, ਦਵਿੰਦਰ ਬੈਨੀਪਾਲ, ਹਰਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ, ਪੌਲ ਵੜੈਚ, ਡਾ. ਹਾਕਮ ਭੁੱਲਰ, ਡਾ. ਜਸਵੀਰ ਰੋਮਾਣਾ, ਡਾ. ਰਮਿੰਦਰ ਸਿੰਘ ਕੰਗ, ਜੁਗਰਾਜ ਸਿੰਘ ਗਰਚਾ, ਐਡਵੋਕੇਟ ਜਗਮੋਹਣ ਸਿੰਘ, ਤ੍ਰਿਪਤ ਅਟਵਾਲ, ਨਰਿੰਦਰ ਸਿੰਘ ਖੱਖ, ਬਿੱਲਾ ਸੰਧੂ, ਹਰਪ੍ਰੀਤ ਧਾਲੀਵਾਲ, ਗੁਰਪਾਲ ਲਿੱਟ, ਕ੍ਰਿਪਾਲ ਮਾਂਗਟ, ਜੋਧਾ ਚੱਕਰ, ਸਤਵਿੰਦਰ ਸਿੰਘ ਗਾਖਲ, ਹਰਦੇਵ ਸਿੰਘ ਗਰੇਵਾਲ, ਮਨਜਿੰਦਰ ਪੰਨੂੰ, ਜਰਨੈਲ ਸਿੰਘ ਖੰਡੋਲੀ, ਸੁਖਵਿੰਦਰ ਸਿੰਘ ਚੋਹਲਾ, ਮਹੇਸ਼ਇੰਦਰ ਮਾਂਗਟ ਅਤੇ ਬਲਦੇਵ ਭੰਮ ਹਾਜ਼ਰ ਸਨ।