ਪਾਕਿਸਤਾਨ ਵਿੱਚ ਭੂਚਾਲ ਦੇ ਲਗਾਤਾਰ 2 ਝਟਕਿਆਂ ਨਾਲ ਲੋਕਾਂ ਵਿਚ ਡਰ
ਇਸਲਾਮਾਬਾਦ/ਨਵੀਂ ਦਿੱਲੀ, 27 ਜੂਨ:
ਵੈਨੇਜ਼ੁਏਲਾ ਅਤੇ ਜਾਪਾਨ ਤੋਂ ਬਾਅਦ ਹੁਣ ਗੁਆਂਢੀ ਦੇਸ਼ ਪਾਕਿਸਤਾਨ (Pakistan) ਵਿੱਚ ਭੂਚਾਲ ਦੇ ਲਗਾਤਾਰ ਝਟਕਿਆਂ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਸ਼ਨੀਵਾਰ ਸਵੇਰੇ 6:00 ਤੋਂ 9:00 ਵਜੇ ਦੇ ਵਿਚਕਾਰ ਮਹਿਜ਼ ਤਿੰਨ ਘੰਟਿਆਂ ਦੇ ਅੰਦਰ ਪਾਕਿਸਤਾਨ ਦੀ ਧਰਤੀ ਦੋ ਵਾਰ ਜ਼ੋਰਦਾਰ ਤਰੀਕੇ ਨਾਲ ਕੰਬੀ। ਇਸ ਦੌਰਾਨ ਸਭ ਤੋਂ ਸ਼ਕਤੀਸ਼ਾਲੀ ਝਟਕੇ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਮਾਪੀ ਗਈ ਹੈ। ਲਗਾਤਾਰ ਆ ਰਹੇ ਇਨ੍ਹਾਂ ਭੂਚਾਲਾਂ ਕਾਰਨ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹਫੜਾ-ਦਫੜੀ ਮਚ ਗਈ, ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।
3 ਘੰਟਿਆਂ ਵਿੱਚ ਦੋ ਵਾਰ ਆਇਆ ਭੂਚਾਲ, ਬਰਖਾਨ ਸੀ ਕੇਂਦਰ
ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ (EMSC) ਅਤੇ ਰਾਇਟਰਜ਼ (Reuters) ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿੱਚ ਸ਼ਨੀਵਾਰ ਸਵੇਰੇ ਪਹਿਲਾ ਝਟਕਾ ਸਵੇਰੇ 6:15 ਵਜੇ (4.3 ਤੀਬਰਤਾ) ਅਤੇ ਦੂਜਾ ਵੱਡਾ ਝਟਕਾ ਸਵੇਰੇ 8:36 ਵਜੇ (5.5 ਤੀਬਰਤਾ) ਮਹਿਸੂਸ ਕੀਤਾ ਗਿਆ। ਭੂਚਾਲ ਦਾ ਮੁੱਖ ਕੇਂਦਰ (Epicenter) ਬਲੋਚਿਸਤਾਨ ਸੂਬੇ ਦੇ ਬਰਖਾਨ ਸ਼ਹਿਰ ਤੋਂ ਲਗਭਗ 63 ਕਿਲੋਮੀਟਰ ਦੂਰ ਜ਼ਮੀਨ ਦੇ ਅੰਦਰ 35 ਕਿਲੋਮੀਟਰ (22 ਮੀਲ) ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੁੰਦੇ ਹੀ ਲੋਕ ਸੁਰੱਖਿਆ ਲਈ ਆਪਣੇ ਘਰਾਂ ਅਤੇ ਬਹੁ-ਮੰਜ਼ਿਲਾਂ ਇਮਾਰਤਾਂ ਤੋਂ ਬਾਹਰ ਖੁੱਲ੍ਹੇ ਆਸਮਾਨ ਵੱਲ ਭੱਜੇ।