ਪੰਜਾਬੀ ਨੌਜਵਾਨ ਦੱਖਣੀ ਕੋਰੀਆ 'ਚ ਅਗਵਾ; ਪਰਿਵਾਰ ਤੋਂ ਮੰਗੀ 25 ਲੱਖ ਦੀ ਫਰੌਤੀ
ਰਵਿੰਦਰ ਢਿੱਲੋਂ
ਖਮਾਣੋ, 11 ਅਪ੍ਰੈਲ 2026: ਖਮਾਣੋ ਨੇੜਲੇ ਪਿੰਡ ਲਖਣਪੁਰ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਅਗਵਾ ਕਰਨ ਅਤੇ ਉਸ ਦੇ ਪਰਿਵਾਰ ਤੋਂ ਲੱਖਾਂ ਰੁਪਏ ਦੀ ਫਰੌਤੀ ਮੰਗਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਅਗਵਾਕਾਰਾਂ ਵੱਲੋਂ ਨੌਜਵਾਨ 'ਤੇ ਤਸ਼ੱਦਦ ਕਰਦਿਆਂ ਦੀ ਵੀਡੀਓ ਕਾਲ ਦਿਖਾ ਕੇ ਪਰਿਵਾਰ ਨੂੰ ਡਰਾਇਆ ਜਾ ਰਿਹਾ ਹੈ।
ਪੀੜਤ ਨੌਜਵਾਨ ਹਰਬੰਸ ਸਿੰਘ ਉਰਫ ਹੰਸਾ ਦੀ ਪਤਨੀ ਸੰਜੀਵਨੀ ਕੌਰ ਨੇ ਦੱਸਿਆ ਕਿ ਉਸਦਾ ਪਤੀ ਖਮਾਣੋਂ ਵਿਖੇ ਹੇਅਰ ਡਰੈਸਰ ਦੀ ਦੁਕਾਨ ਚਲਾਉਂਦਾ ਸੀ। ਪਹਿਲਾਂ ਮਲੇਸ਼ੀਆ ਰਹਿਣ ਦੌਰਾਨ ਉਸ ਦੀ ਮੁਲਾਕਾਤ ਹਰਿਆਣਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਉਰਫ ਵਿੱਕੀ ਨਾਲ ਹੋਈ ਸੀ। ਵਿੱਕੀ ਨੇ ਹਰਬੰਸ ਨੂੰ 8 ਲੱਖ ਰੁਪਏ ਵਿੱਚ ਦੱਖਣੀ ਕੋਰੀਆ ਭੇਜਣ ਅਤੇ ਉੱਥੇ ਕਟਿੰਗ ਦੇ ਕੰਮ ਵਿੱਚ ਮੋਟੀ ਕਮਾਈ ਕਰਵਾਉਣ ਦਾ ਲਾਲਚ ਦਿੱਤਾ।
27 ਮਾਰਚ 2026 ਨੂੰ ਵੀਜ਼ਾ ਲੱਗਣ ਦੀ ਗੱਲ ਕਹਿ ਕੇ ਵਿੱਕੀ ਨੇ ਹਰਬੰਸ ਨੂੰ ਦਿੱਲੀ ਬੁਲਾਇਆ। 28 ਮਾਰਚ ਨੂੰ ਹਰਬੰਸ ਨੇ ਦਿੱਲੀ ਤੋਂ ਦੁਬਈ ਅਤੇ ਫਿਰ ਦੁਬਈ ਤੋਂ ਈਥੋਪੀਆ ਪਹੁੰਚਣ ਦੀ ਜਾਣਕਾਰੀ ਫੋਨ ਰਾਹੀਂ ਦਿੱਤੀ। ਪਰ ਈਥੋਪੀਆ ਪਹੁੰਚਣ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਅਤੇ ਪਰਿਵਾਰ ਨਾਲ ਸੰਪਰਕ ਟੁੱਟ ਗਿਆ।
30 ਮਾਰਚ ਨੂੰ ਸੰਜੀਵਨੀ ਕੌਰ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ਆਉਣੇ ਸ਼ੁਰੂ ਹੋਏ। ਅਗਵਾਕਾਰਾਂ ਨੇ ਪਹਿਲਾਂ 8 ਲੱਖ ਅਤੇ ਫਿਰ 31 ਮਾਰਚ ਨੂੰ ਵੀਡੀਓ ਕਾਲ ਰਾਹੀਂ ਹਰਬੰਸ ਨੂੰ ਬੰਦੀ ਬਣਾ ਕੇ ਉਸ 'ਤੇ ਤਸ਼ੱਦਦ ਕਰਦਿਆਂ ਦਿਖਾਇਆ। ਅਗਵਾਕਾਰਾਂ ਨੇ ਧਮਕੀ ਦਿੱਤੀ ਕਿ ਜੇਕਰ 25 ਲੱਖ ਰੁਪਏ ਨਾ ਦਿੱਤੇ ਗਏ ਤਾਂ ਹਰਬੰਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਸੰਜੀਵਨੀ ਕੌਰ ਦੀ ਸ਼ਿਕਾਇਤ 'ਤੇ ਖਮਾਣੋ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਰਿਆਣਾ ਦੇ ਸੁਰਿੰਦਰ ਸਿੰਘ ਉਰਫ ਵਿੱਕੀ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾ ਸਕੇ।