ਭਗਵੰਤ ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ; "ਪਰਮਾਤਮਾ ਨਾਲ ਧੋਖਾ ਕਰਨ ਵਾਲਾ ਕਦੇ ਸੁਖੀ ਵੱਸਦਾ ਨਹੀਂ"
ਚੰਡੀਗੜ੍ਹ, 10 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਤਿੱਖਾ ਹਮਲਾ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ 'ਤੇ ਝੂਠ ਬੋਲਣ ਵਾਲਿਆਂ ਦਾ ਅੰਤ ਮਾੜਾ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ 2 ਦਸੰਬਰ ਦੇ ਫੈਸਲੇ ਨੂੰ ਸਾਜ਼ਿਸ਼ ਦੱਸ ਰਹੇ ਹਨ, ਤਾਂ ਉਹ ਇਸ ਨੂੰ ਸਾਬਤ ਕਰਨ। ਜੇਕਰ ਉਹ ਸਾਬਤ ਨਹੀਂ ਕਰ ਸਕਦੇ, ਤਾਂ ਉਨ੍ਹਾਂ ਨੂੰ ਦੁਬਾਰਾ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਕਿਹਾ, "ਰੱਬ ਦੀ ਚੱਕੀ ਚੱਲਦੀ ਹੌਲੀ ਹੈ, ਪਰ ਪੀਂਹਦੀ ਬਹੁਤ ਬਰੀਕ ਹੈ।" ਉਨ੍ਹਾਂ ਕਿਹਾ ਕਿ ਜਿਸ ਨੇ ਵੀ ਅਕਾਲ ਤਖ਼ਤ ਸਾਹਿਬ ਨਾਲ ਸਾਜ਼ਿਸ਼ ਕੀਤੀ ਹੈ ਜਾਂ ਉੱਥੇ ਝੂਠ ਬੋਲਿਆ ਹੈ, ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਹੀ ਲੋਕਾਂ ਦੀ ਕਚਹਿਰੀ ਵਿੱਚ ਬੁਰੀ ਤਰ੍ਹਾਂ ਹਾਰ ਚੁੱਕਾ ਹੈ ਅਤੇ ਹੁਣ ਪਰਮਾਤਮਾ ਦੀ ਕਚਹਿਰੀ ਵਿੱਚ ਫੈਸਲੇ ਹੋਣ ਦੀ ਵਾਰੀ ਹੈ।
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਭਾਵੇਂ ਉਹ ਸਿੱਧੇ ਤੌਰ 'ਤੇ ਧਾਰਮਿਕ ਮਾਮਲਿਆਂ ਵਿੱਚ ਦਖਲ ਨਹੀਂ ਦਿੰਦੇ, ਪਰ ਉਹ ਇਹ ਜ਼ਰੂਰ ਮੰਨਦੇ ਹਨ ਕਿ ਜੋ ਕੋਈ ਵੀ ਧਰਮ ਜਾਂ ਪਰਮਾਤਮਾ ਨਾਲ ਧੋਖਾ ਕਰਦਾ ਹੈ, ਉਹ ਕਦੇ ਸੁਖੀ ਨਹੀਂ ਰਹਿ ਸਕਦਾ। ਉਨ੍ਹਾਂ ਅਨੁਸਾਰ ਲੋਕ ਸਭ ਜਾਣਦੇ ਹਨ ਕਿ ਕੌਣ ਸੱਚਾ ਹੈ ਅਤੇ ਕੌਣ ਝੂਠਾ?
- Download Babushahi App
-
-