Canada News: ਸਰੀ ਦੇ ਗੁਰਦੁਆਰਾ ਸਾਹਿਬ 'ਚ ਹੰਗਾਮਾ; ਚੱਲੀਆਂ ਕਿਰਪਾਨਾਂ, ਪੁਲਿਸ ਨੇ ਸੰਭਾਲਿਆ ਮੋਰਚਾ
ਸਰੀ, ਕੈਨੇਡਾ, 2 ਅਪ੍ਰੈਲ 2026- ਕੈਨੇਡਾ ਦੇ ਸਰੀ ਸਥਿਤ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ (ਸਕਾਟ ਰੋਡ) ਵਿਖੇ ਉਸ ਵੇਲੇ ਬੇਹੱਦ ਸ਼ਰਮਨਾਕ ਸਥਿਤੀ ਪੈਦਾ ਹੋ ਗਈ, ਜਦੋਂ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਨੂੰ ਲੈ ਕੇ ਬੁਲਾਈ ਗਈ ਇੱਕ ਮੀਟਿੰਗ ਹਿੰਸਕ ਜੰਗ ਦੇ ਮੈਦਾਨ ਵਿੱਚ ਬਦਲ ਗਈ। ਗੱਲ ਗਾਲੀ-ਗਲੋਚ ਤੋਂ ਸ਼ੁਰੂ ਹੋ ਕੇ ਇੱਕ-ਦੂਜੇ 'ਤੇ ਕਿਰਪਾਨਾਂ ਚੱਲਣ ਤੱਕ ਪਹੁੰਚ ਗਈ।
ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ, ਤਾਂ ਸਥਾਨਕ ਪੁਲਿਸ ਨੂੰ ਤੁਰੰਤ ਮੌਕੇ 'ਤੇ ਬੁਲਾਉਣਾ ਪਿਆ। ਪੁਲਿਸ ਦੀ ਮੁਸਤੈਦੀ ਕਾਰਨ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ, ਪਰ ਇਸ ਘਟਨਾ ਨੇ ਸਥਾਨਕ ਸਿੱਖ ਭਾਈਚਾਰੇ ਦੇ ਅਕਸ ਨੂੰ ਵੱਡੀ ਸੱਟ ਮਾਰੀ ਹੈ।
ਆਮ ਅਮਨਪਸੰਦ ਸਿੱਖ ਸੰਗਤ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਨਿਰਾਸ਼ਾ ਹੈ। ਦੋਸ਼ ਲਾਇਆ ਜਾ ਰਿਹਾ ਹੈ ਕਿ ਗੋਲਕ ਅਤੇ ਮੁਜ਼ਾਹਰਿਆਂ ਲਈ ਇਕੱਠੇ ਕੀਤੇ ਜਾਣ ਵਾਲੇ ਫੰਡਾਂ ਦੇ ਲਾਲਚ ਵਿੱਚ ਕੁਝ ਅਖੌਤੀ ਆਗੂ ਗੁਰੂ ਘਰ ਦੀ ਪਵਿੱਤਰਤਾ ਨੂੰ ਭੁੱਲ ਚੁੱਕੇ ਹਨ। ਅਜਿਹੇ ਕਲੇਸ਼ ਕਾਰਨ ਹੀ ਸ਼ਰਧਾਲੂ ਹੁਣ ਗੁਰੂ ਘਰਾਂ ਤੋਂ ਦੂਰ ਹੋ ਰਹੇ ਹਨ।
ਇਸ ਘਟਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਕਾਰਨ ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।