US Breaking: ਟਰੰਪ ਵਿਰੁੱਧ 50 ਸ਼ਹਿਰਾਂ 'ਚ ਪ੍ਰਦਰਸ਼ਨ! ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ
ਸ਼ਿੰਗਟਨ/ਨਿਊਯਾਰਕ 29 ਮਾਰਚ, 2026: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਹੀ ਦੇਸ਼ ਵਿੱਚ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੇ ਲਗਭਗ 50 ਸ਼ਹਿਰਾਂ ਵਿੱਚ ਹਜ਼ਾਰਾਂ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਟਰੰਪ ਦੀਆਂ ਨੀਤੀਆਂ ਵਿਰੁੱਧ ‘ਨੋ ਕਿੰਗਜ਼’ (No Kings) ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਲੋਕ ਖ਼ਾਸ ਕਰਕੇ ਵਧਦੀ ਮਹਿੰਗਾਈ, ਇਮੀਗ੍ਰੇਸ਼ਨ ਨੀਤੀਆਂ ਅਤੇ ਇਰਾਨ ਵਿਰੁੱਧ ਜੰਗ ਦੀਆਂ ਸੰਭਾਵਨਾਵਾਂ ਤੋਂ ਨਾਰਾਜ਼ ਹਨ।
ਵਿਸ਼ਾਲ ਮਾਰਚ ਅਤੇ ਰੈਲੀਆਂ
CNN ਦੀ ਰਿਪੋਰਟ ਅਨੁਸਾਰ, ਬੀਤੇ ਦਿਨ ਅਮਰੀਕਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਵਿਸ਼ਾਲ ਮਾਰਚ ਕੱਢੇ ਗਏ। ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵਾਂ ਰਾਜਾਂ ਵਿੱਚ ਲੋਕਾਂ ਨੇ ਤਖ਼ਤੀਆਂ ਲਹਿਰਾ ਕੇ ਅਤੇ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੁੱਖ ਮੰਗ ਹੈ ਕਿ ਇਰਾਨ ਵਿਰੁੱਧ ਜੰਗ ਰੋਕੀ ਜਾਵੇ ਤਾਂ ਜੋ ਦੇਸ਼ ਵਿੱਚ ਮਹਿੰਗਾਈ ਨੂੰ ਨੱਥ ਪਾਈ ਜਾ ਸਕੇ।
ਪ੍ਰਦਰਸ਼ਨਕਾਰੀਆਂ ਨੇ ਨਿਊਯਾਰਕ ਸਿਟੀ ਦੇ ਮਿਡਟਾਊਨ ਮੈਨਹੱਟਨ ਵਿੱਚ ਮਾਰਚ ਕੱਢਿਆ, ਜਿੱਥੇ ਇਮੀਗ੍ਰੇਸ਼ਨ ਨੀਤੀਆਂ ਅਤੇ ਇਰਾਨ ਨਾਲ ਟਕਰਾਅ ਵਿਰੁੱਧ ਬੈਨਰ ਲਹਿਰਾਏ ਗਏ।
ਸੈਨ ਫਰਾਂਸਿਸਕੋ ਦੇ ਐਮਬਾਰਕਾਡੇਰੋ ਪਲਾਜ਼ਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਮਾਰਚ ਵਿੱਚ ਯੂਕਰੇਨੀ ਲੋਕਾਂ ਅਤੇ ਟ੍ਰਾਂਸਜੈਂਡਰਾਂ ਦੇ ਅਧਿਕਾਰਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਚੁੱਕਿਆ ਗਿਆ। ਮਿਨੀਸੋਟਾ ਦੇ ਸੇਂਟ ਪਾਲ ਵਿੱਚ ਇੱਕ ਵੱਡੀ ਰੈਲੀ ਕੀਤੀ ਗਈ, ਜਿਸ ਵਿੱਚ ਮਸ਼ਹੂਰ ਰੌਕ ਸਟਾਰ ਬਰੂਸ ਸਪ੍ਰਿੰਗਸਟੀਨ ਨੇ ਵੀ ਸ਼ਿਰਕਤ ਕੀਤੀ।
ਇਮੀਗ੍ਰੇਸ਼ਨ ਨੀਤੀ ਵਾਪਸ ਲੈਣ ਦੀ ਮੰਗ
ਰੈਲੀ ਦੌਰਾਨ ਬਰੂਸ ਸਪ੍ਰਿੰਗਸਟੀਨ ਨੇ ਐਲੇਕਸ ਪ੍ਰੀਟੀ ਅਤੇ ਰੇਨੀ ਗੁਡ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਦੀ ਇਸੇ ਸਾਲ ਜਨਵਰੀ ਵਿੱਚ ਇਮੀਗ੍ਰੇਸ਼ਨ ਏਜੰਟਾਂ ਹੱਥੋਂ ਮੌਤ ਹੋ ਗਈ ਸੀ।
ਮਿਨੀਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਵੀ ਟਰੰਪ ਸਰਕਾਰ ਦੀਆਂ ਕਾਰਵਾਈਆਂ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਵ੍ਹਾਈਟ ਹਾਊਸ 'ਤੇ ਤਨਜ਼ ਕੱਸਦਿਆਂ ਕਿਹਾ ਕਿ ਤਾਨਾਸ਼ਾਹ ਬਣਨ ਦੀ ਚਾਅ ਰੱਖਣ ਵਾਲੇ ਲੋਕਾਂ ਨੂੰ ਮਿਨੀਸੋਟਾ ਦਾ ਨੁਕਸਾਨ ਨਹੀਂ ਕਰਨ ਦਿੱਤਾ ਜਾਵੇਗਾ।