350 ਸਾਲਾ ਸ਼ਹੀਦੀ ਸਮਾਗਮ
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸ ਦੀਆ ਪਰ ਸਿਰਰੁ ਨ ਦੀਆ॥
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਦਾ ਸਨਮਾਨ
-ਅੱਜ ਰਾਤ ਆਖਰੀ ਦੀਵਾਨ ਸਮੇਂ ਸੰਗਤ ਦਾ ਭਾਰੀ ਇਕੱਠ
-ਪਾਖੰਡੀ ਬਾਬਿਆਂ ਨੂੰ ਛੱਡ ਸੱਚੇ ਸ਼ਬਦ ਗੁਰੂ ਨਾਲ ਜੁੜਨ ਦੀ ਅਪੀਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 19 ਸਤੰਬਰ 2025- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਕੁੱਲ ਦਨੀਆ ਦੇ ਵਿਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੀ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਤਿੰਨ ਹੋਰ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਨੂੰ ਵੀ ਉਨ੍ਹਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਕਿ ਗੁਰੂ ਸਾਹਿਬ ਡੋਲ ਜਾਣ। ਇਸ ਅਦੁੱਤੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਇਤਿਹਾਸ ਨਾਲ ਸਾਂਝ ਪਾਉਣ ਵਾਸਤੇ ‘ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ’ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ 13 ਤੋਂ 19 ਸਤੰਬਰ ਤੱਕ ਰੱਖੇ ਗਏ ਹਨ। ਇਨ੍ਹਾਂ ਸਮਾਗਮਾਂ ਵਿਚ ਧਰਮ-ਇਤਿਹਾਸ ਦੇ ਨਾਲ ਜੋੜਨ ਦੇ ਲਈ ਭਾਈ ਸਰਬਜੀਤ ਸਿੰਘ ਧੂੰਦਾ ਵਿਸ਼ੇਸ਼ ਤੌਰ ਉਤੇ ਪਹੁੰਦੇ ਸਨ। ਅੱਜ ਉਨ੍ਹੰਾਂ ਦਾ ਇਸ ਗੁਰਦੁਆਰਾ ਸਾਹਿਬ ਵਿਖੇ ਆਖਰੀ ਦੀਵਾਨ ਸੀ। ਦੀਵਾਨ ਦੀ ਸਮਾਪਤੀ ਉਪਰੰਤ ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਸਤਿਕਾਰ ਵਜੋਂ ਇਕ ਲੋਈ ਭੇਟ ਕੀਤੀ ਗਈ ਅਤੇ ਹੋਰ ਮਾਨ-ਸਨਮਾਨ ਕੀਤਾ ਗਿਆ। ਸ. ਗੁਰਿੰਦਰ ਸਿੰਘ ਸ਼ਾਦੀਪੁਰ ਹੋਰਾਂ ਸਮੂਹ ਸੰਗਤ ਦਾ ਅਤੇ ਭਾਈ ਸਾਹਿਬ ਦਾ ਇਨ੍ਹਾਂ ਵਿਸ਼ੇਸ਼ ਦੀਵਾਨਾਂ ਦੇ ਲਈ ਇਥੇ ਪਹੁੰਚਣ ਦਾ ਧੰਨਵਾਦ ਕੀਤਾ।
ਅੱਜ ਦੇ ਦੀਵਾਨ ਵਿਚ ਭਾਰੀ ਗਿਣਤੀ ਦੇ ਵਿਚ ਸੰਗਤ ਜੁੜੀ ਸੀ। ਹਜ਼ੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਦਦੇਹਰ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕੀਤਾ। ਭਾਈ ਸਰਬਜੀਤ ਸਿੰਘ ਧੂੰਦਾ ਹੋਰਾਂ ਇਸ ਮੌਕੇ ਉਨ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਉਤੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਨੂੰ ਕੇਂਦਰ ਬਿੰਦੂ ਦੇ ਵਿਚ ਰੱਖਦਿਆਂ ਉਨ੍ਹੰਾਂ ਜਿੱਥੇ ਇਤਿਹਾਸਕ ਤੱਥਾਂ, ਗੁਰੂ ਸਾਹਿਬਾਂ ਦੀ 10 ਸਾਲਾਂ ਵਿਚ ਹੋਈਆਂ ਤਿੰਨ ਗਿ੍ਰਫਤਾਰੀਆਂ, ਮੌਕੇ ਦੀ ਹਕੂਮਤ ਦੇ ਨਾਲ ਵਿਚਾਰ ਰੱਖਣ ਦੀ ਦਲੇਰੀ, ਆਪਣੇ ਪਰਿਵਾਰ ਤੋਂ ਦੂਰ ਰਹਿ ਮਨੁੱਖਤਾ ਦੀ ਸੇਵਾ ਸਮੇਤ ਬਹੁਤ ਸਾਰੇ ਹਲੂਣਾ ਦਿੰਦੇ ਵਿਸ਼ਿਆਂ ਨੂੰ ਛੂਹਿਆ । ਬਜ਼ੁਰਗਾਂ ਦਾ ਮਾਨ-ਸਨਮਾਨ, ਬੱਚਿਆਂ ਦੇ ਨਾਂਅ ਸਿੱਖੀ ਦੀ ਝਲਕ ਵਾਲੇ ਅਤੇ ਇਸ ਜਨਮ ਨੂੰ ਚੰਗੇ ਪਾਸੇ ਲਾਉਣ ਦਾ ਸਾਰਥਿਕ ਸੁਨੇਹਾ ਛੱਡਦਿਆਂ ਉਨ੍ਹਾਂ ਸਮੁੱਚੀ ਸੰਗਤ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।