Canada 'ਚ ਪੰਜਾਬੀ ਮੁੰਡੇ ਦੀ ਮੌਤ
ਲੁਧਿਆਣਾ, 3 ਜੁਲਾਈ 2025 - ਲੁਧਿਆਣਾ ਦੇ ਪਿੰਡ ਦਾਦ ਦੇ 26 ਸਾਲਾ ਨੌਜਵਾਨ ਹਰਕਮਲ ਸਿੰਘ ਗਰੇਵਾਲ ਦੀ ਕੈਨੇਡਾ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਹਰਕਮਲ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਉੱਥੇ ਉਹ ਟੋਇੰਗ ਵੈਨ ਚਲਾਉਣ ਦਾ ਕੰਮ ਕਰਦਾ ਸੀ। ਬੀਤੀ ਰਾਤ ਹੀ ਪਰਿਵਾਰ ਨੂੰ ਉਸ ਦੀ ਮੌਤ ਦੀ ਖ਼ਬਰ ਮਿਲੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਹੀ ਰੋਟੀ ਖਾਣ ਤੋਂ ਬਾਅਦ ਹਰਕਮਲ ਸਿੰਘ ਗਰੇਵਾਲ ਨੂੰ ਹਾਰਟ ਅਟੈਕ ਆਇਆ ਹੈ। ਉਧਰ ਪਰਿਵਾਰਿਕ ਮੈਂਬਰਾਂ ਵਿੱਚ ਜਿੱਥੇ ਮਾਤਮ ਦਾ ਮਾਹੌਲ ਹੈ ,ਉੱਥੇ ਹੀ ਉਸ ਦੀ ਮ੍ਰਿਤਕ ਦੇਹ ਨੂੰ ਨੂੰ ਭਾਰਤ ਲਿਆਉਣ ਦੀ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ। ਉਸ ਦੇ ਪਰਿਵਾਰ ਵਿੱਚ ਇੱਕ ਭੈਣ ਅਤੇ ਇੱਕ ਭਰਾ ਹਨ। ਉਹਨਾਂ ਕਿਹਾ ਕਿ ਇਸ ਬਾਬਤ ਉਹਨਾਂ ਦਾ ਪਰਿਵਾਰ ਵੀ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਲੱਗਾ ਹੋਇਆ ਹੈ।
ਮ੍ਰਿਤਕ ਹਰਕਮਲ ਸਿੰਘ ਗਰੇਵਾਲ ਦੇ ਦਾਦਾ ਸਤਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੋਤਾ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ। ਹਰਕਮਲ ਸਿੰਘ ਉੱਥੇ ਡਰਾਈਵਰੀ ਕਰਦਾ ਸੀ ਅਤੇ ਬੀਤੀ ਰਾਤ ਹੀ ਉਸਦੀ ਮੌਤ ਦਾ ਪਤਾ ਚੱਲਿਆ ਹੈ। ਉਹਨਾਂ ਕਿਹਾ ਕਿ ਉਸਦੀ ਮੌਤ ਹਾਰਟ ਅਟੈਕ ਨਾਲ ਮੌਤ ਹੋਈ ਦੱਸੀ ਜਾ ਰਹੀ ਹੈ। ਹਾਲਾਂਕਿ ਪਰਿਵਾਰਿਕ ਮੈਂਬਰਾਂ ਨੇ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।