ਇਨਸਾਫ਼ ਦੀ ਲੜਾਈ: ਪ੍ਰਵਾਸੀਆਂ ’ਤੇ ਜ਼ੁਲਮ ਬਰਦਾਸ਼ਤ ਨਹੀਂ!
ਤਨਖਾਹ ਵਿਵਾਦ ਦਾ ਖ਼ੌਫ਼ਨਾਕ ਨਤੀਜਾ, ਕਬਾਬ ਦੀ ਦੁਕਾਨ ’ਤੇ ਕੰਮ ਕਰਦਾ ਪ੍ਰਵਾਸੀ ਬੇਰਹਿਮੀ ਨਾਲ ਕੁੱਟਿਆ, ਹਮਲਾਵਰ ਗ੍ਰਿਫ਼ਤਾਰ
-ਰੋਸ ਮੁਜ਼ਾਹਰਾ 5 ਜੁਲਾਈ ਨੂੰ ਹੈਂਡਰਸਨ ਵਿਖੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 03 ਜੁਲਾਈ 2025-ਇੱਕ ਪ੍ਰਵਾਸੀ ਕਾਮਾ ਜੋ ਕਿ ਕਬਾਬ ਦੁਕਾਨ ’ਤੇ ਕੰਮ ਕਰਦਾ ਸੀ, ਦੇ ਤਨਖਾਹ ਵਿਵਾਦ ਨੂੰ ਲੈ ਕੇ ਕਥਿਤ ਤੌਰ ’ਤੇ ਲੰਬੇ ਸਮੇਂ ਤੱਕ ਕੁੱਟਿਆ ਗਿਆ, ਜਿਸ ਤੋਂ ਬਾਅਦ ਉਹ ਭੱਜ ਕੇ ਇੱਕ ਝਾੜੀ ਵਿੱਚ ਲੁਕ ਗਿਆ। ਪੁਲਿਸ ਨੇ ਇਸ ਦੋਸ਼ ਵਿਚ ਹਮਲਾਵਰ ਨੂੰ ਗਿ੍ਰਫਤਾਰ ਕਰ ਲਿਆ ਹੈ। ਪੀੜਤ ਸਤਨਾਮ ਸਿੰਘ (27) ਨੂੰ ਹਮਲੇ ਤੋਂ ਬਾਅਦ ਔਕਲੈਂਡ ਸਿਟੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਸਰਜਰੀ ਤੋਂ ਬਾਅਦ ਉਹ ਕੁਝ ਠੀਕ ਹੋ ਰਿਹਾ ਹੈ। ਪੀੜਤ ਸਤਨਾਮ ਸਿੰਘ ਡਾਕੂ ਕਬਾਬ ਕੋਲ 2023 ਤੋਂ ਮਾਨਤਾ ਪ੍ਰਾਪਤ ਵੀਜ਼ੇ ਉਤੇ ਕੰਮ ਕਰ ਰਿਹਾ ਸੀ। ਉਸ ਰਾਤ ਉਸਦੀ ਸ਼ਿਫਟ ਰਾਤ 7 ਤੋਂ 2 ਵਜੇ ਤੱਕ ਸੀ। ਮਾਲਕਾਂ ਨੇ ਉਸਨੂੰ ਕਿਹਾ ਕਿ ਪਿੱਛੇ ਆ ਗੱਲ ਕਰਨੀ ਆ।
ਸੋਮਵਾਰ ਅੱਧੀ ਰਾਤ 12.30 ਵਜੇ ਵਾਪਰੀ ਇਸ ਘਟਨਾ ਦੇ ਸਬੰਧ ਵਿੱਚ ਇੱਕ 26 ਸਾਲਾ ਵਿਅਕਤੀ ’ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਵੇਟੇਮਾਟਾ ਕ੍ਰਾਈਮ ਸਕੁਐਡ ਨੇ ਤਲਾਸ਼ੀ ਵਾਰੰਟ ਲਾਗੂ ਕੀਤੇ ਅਤੇ ਗ੍ਰਿਫ਼ਤਾਰੀ ਕੀਤੀ।” ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਅਗਲੇ ਹਫ਼ਤੇ 8 ਜੁਲਾਈ ਨੂੰ ਵਾਇਟਾਕਰੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਮਾਈਗ੍ਰੇਂਟ ਵਰਕਰਜ਼ ਐਸੋਸੀਏਸ਼ਨ ਦੀ ਪ੍ਰਧਾਨ ਸ੍ਰੀਮਤੀ ਅਨੂ ਕਲੋਟੀ ਨੇ ਹੈਰਾਲਡ ਨੂੰ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਟੀਮ ਸਤਨਾਮ ਸਿੰਘ ਦਾ ਸਮਰਥਨ ਕਰ ਰਹੀ ਹੈ, ਕਿਹਾ ਕਿ ਉਸਨੂੰ ਕਥਿਤ ਤੌਰ ’ਤੇ 10 ਹਫ਼ਤਿਆਂ ਤੋਂ ਤਨਖਾਹ ਨਹੀਂ ਮਿਲੀ ਸੀ। ਕਈ ਵਿਅਕਤੀਆਂ ਦੇ ਸਮੂਹ ਦੁਆਰਾ ਕਥਿਤ ਤੌਰ ’ਤੇ ਉਸਨੂੰ ਕੁੱਟਿਆ ਗਿਆ। ਕੁੱਟਣ ਵੇਲੇ ਵੇਲਣੇ ਅਤੇ ਕਬਾਬ ਸੀਖ ਦੀ ਵਰਤੋਂ ਕੀਤੀ ਗਈ।
ਮਾਈਗ੍ਰੇਂਟ ਰਾਈਟਸ ਨੈੱਟਵਰਕ ਦੇ ਸ. ਸ਼ੇਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਦਿਨਾਂ ਤੋਂ ਪੀੜਤ ਨੂੰ ਹਸਪਤਾਲ ਮਿਲ ਕੇ ਆਏ ਹਨ। ਪੀੜਤ ਸਤਨਾਮ ਸਿੰਘ ਦੀ ਲੱਤ ਵਿੱਚ ਤਿੰਨ ਫਰੈਕਚਰ ਹੋਏ ਹਨ, ਉਸਦੀ ਛਾਤੀ ਅਤੇ ਚਿਹਰੇ ’ਤੇ ਬਹੁਤ ਸੱਟਾਂ ਹਨ, ਉਸਦੀ ਸੱਜੀ ਅੱਖ ਦੇ ਹੇਠਾਂ ਇੱਕ ਕੱਟ ਹੈ, ਅਤੇ ਉਸਦੀ ਇੱਕ ਉਂਗਲ ਦਾ ਆਪਰੇਸ਼ਨ ਹੋਣ ਦੀ ਸੰਭਾਵਨਾ ਹੈ। ਇਹ ਦਰਦਨਾਕ ਘਟਨਾ ਲਗਭਗ ਤਿੰਨ ਘੰਟੇ ਚੱਲੀ ਜਿਸ ਤੋਂ ਬਾਅਦ ਪੀੜਤ ਬਚ ਨਿਕਲਿਆ ਅਤੇ ਨੇੜੇ ਦੀਆਂ ਝਾੜੀਆਂ ਵਿੱਚ ਲੁਕ ਗਿਆ। ਸ਼ੇਰ ਸਿੰਘ ਨੇ ਦੱਸਿਆ ਕਿ ਇੱਕ ਸਫਾਈ ਕਰਮੀ ਨੇ ਉਸਨੂੰ 2.30 ਵਜੇ ਸੜਕ ’ਤੇ ਡਿਗਿਆ ਵੇਖਿਆ। ਫਿਰ 3 ਵਜੇ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਇਸ ਕੇਸ ਵਿਚ ਸ਼ਾਮਿਲ ਹੋਈ। ਸਤਨਾਮ ਸਿੰਘ ਪੰਜਾਬ ਤੋਂ ਆਉਣ ਤੋਂ ਬਾਅਦ ਦੋ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਸੀ। ਉਸਨੂੰ ਆਪਣੀਆਂ ਸੱਟਾਂ ਤੋਂ ਠੀਕ ਹੋਣ ਵਿੱਚ ਕੁਝ ਮਹੀਨੇ ਲੱਗਣਗੇ। ਸਰੀਰਕ ਤੌਰ ’ਤੇ ਇਹ ਲੰਬੀ ਰਿਕਵਰੀ ਹੋਵੇਗੀ। ਉਹ ਬਿਸਤਰ ’ਤੇ ਪਿਆ ਹੈ, ਅਤੇ ਉਸਦੀ ਇੱਕ ਲੱਤ ਉੱਪਰ ਤੋਂ ਹੇਠਾਂ ਤੱਕ ਟੁੱਟ ਗਈ ਹੈ।
ਰੋਸ ਮੁਜ਼ਾਹਰਾ 5 ਜੁਲਾਈ ਨੂੰ: ਪੀੜਤ ਸਤਨਾਮ ਸਿੰਘ ਦੇ ਹੱਕ ਵਿਚ ਮਾਈਗ੍ਰਾਂਟ ਵਰਕਰ ਐਸੋਸੀਏਸ਼ਨ ਵੱਲੋਂ 5 ਜੁਲਾਈ ਨੂੰ ਦੁਪਹਿਰ 12 ਵਜੇ 346 ਗ੍ਰੇਟ ਸਾਊਥ ਰੋਡ ਹੇਂਡਰਸਨ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।