USA: ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਜੂਨ 8 ਨੂੰ
ਹਰਦਮ ਮਾਨ
ਹੇਵਰਡ, 3 ਜੂਨ 2025- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ 8 ਜੂਨ (ਐਤਵਾਰ) ਨੂੰ ਦੁਪਹਿਰ 12 ਵਜੇ ‘ਸੈਫਾਇਰ ਬੈਂਕੁਇਟ ਹਾਲ’ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ ਜਿਸ ਵਿੱਚ ਉੱਘੀ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਕੀਤੀ ਜਾਏਗੀ।
ਇਹ ਜਾਣਕਾਰੀ ਦਿੰਦਿਆਂ ਵਿਪਸਾਅ ਦੇ ਜਨਰਲ ਸਕੱਤਰ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਹੈ ਕਿ ਸੁਰਜੀਤ ਸਖੀ ਪੰਜਾਬੀ ਗ਼ਜ਼ਲ ਅਤੇ ਸ਼ਾਇਰੀ ਵਿੱਚ ਪ੍ਰਮੁੱਖ ਨਾਮ ਹੈ। ਉਹ ਪੰਜਾਬੀ ਸ਼ਾਇਰੀ ਦੀਆਂ ਕਈ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾ ਚੁੱਕੇ ਹਨ ਪਰ ਇਹ ਨਵੀਂ ਕਿਤਾਬ ਵਾਰਤਕ ਨਿਬੰਧਾਂ ਦੀ ਹੈ ਜਿਸ ਵਿੱਚ ਪੰਜਾਬੀ ਕਾਵਿ ਜਗਤ ਦੀਆਂ 12 ਨਾਮਵਰ ਸ਼ਾਇਰਾਂ ਦੀ ਸਖ਼ਸ਼ੀਅਤ ਅਤੇ ਉਹਨਾਂ ਦੀ ਸ਼ਾਇਰੀ ਬਾਰੇ ਲੇਖ ਹਨ। ਸੁਰਜੀਤ ਸਖੀ ਨੂੰ ਸਾਹਿਤਕ ਸਫਰ ਦੌਰਾਨ ਕਿਤਾਬ ਵਿੱਚ ਸ਼ਾਮਲ ਇਹਨਾਂ ਸ਼ਾਇਰਾਂ ਅਤੇ ਉਹਨਾਂ ਦੀ ਸ਼ਾਇਰੀ ਦੇ ਅੰਗ-ਸੰਗ ਵਿਚਰਨ ਦਾ ਮੌਕਾ ਮਿਲਿਆ ਹੈ ਜਿਸ ਦੇ ਆਧਾਰ ‘ਤੇ ਉਹਨਾਂ ਬਾਰੇ ਗੱਲ ਚਲਦੀ ਰੱਖਣ ਦਾ ਸਾਹਸ ਕਰਦਿਆਂ ਖ਼ੂਬਸੂਰਤ ਵਾਰਤਕ ਦੀ ਸਿਰਜਣਾ ਕੀਤੀ ਹੈ ਜਿਸ ਵਿੱਚ ਪ੍ਰਸੰਸਾ ਅਤੇ ਆਲੋਚਨਾ ਦੀ ਰਲੀ ਮਿਲੀ ਮਹਿਕ ਸ਼ਾਮਲ ਹੈ।
ਇਸ ਕਿਤਾਬ ਵਿੱਚ ਸਰਵ ਸ੍ਰੀ ਸੁਰਜੀਤ ਪਾਤਰ, ਗੁਰਭਜਨ ਗਿੱਲ, ਵਿਜੇ ਵਿਵੇਕ, ਸੁਖਵਿੰਦਰ ਅੰਮ੍ਰਿਤ, ਸੁਰਿੰਦਰ ਸੀਰਤ, ਸੁਖਵਿੰਦਰ ਕੰਬੋਜ, ਹਰਜਿੰਦਰ ਕੰਗ, ਸੁਰਿੰਦਰ ਸੋਹਲ, ਜਸਵਿੰਦਰ, ਕੁਲਵਿੰਦਰ, ਗੁਰਤੇਜ ਕੋਹਾਰਵਾਲਾ ਅਤੇ ਚਰਨਜੀਤ ਸਿੰਘ ਪੰਨੂ ਬਾਰੇ ਲੇਖ ਸ਼ਾਮਲ ਹਨ। ਬੈਠਕ ਦੇ ਅੰਤ ਵਿੱਚ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਹਾਜਰ ਸ਼ਾਇਰ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕਰਨਗੇ।