ਗੰਨਾ ਮਿੱਲ ਚਾਲੂ ਕਰਨ ਬਾਰੇ ਪ੍ਰਸ਼ਾਸਨ ਦੀ ਢਿੱਲਮੱਠ ਤੋਂ ਕਿਸਾਨ ਨਾਰਾਜ਼
16 ਨਵੰਬਰ ਨੂੰ ਗੰਨਾ ਕਾਸ਼ਤਕਾਰਾਂ, ਮਿੱਲ ਵਰਕਰਾਂ ਤੇ ਕਿਸਾਨ ਜਥੇਬੰਦੀਆਂ ਦੀ ਮਿੱਲ ਵਿਖੇ ਹੋਵੇਗੀ ਅਹਿਮ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 11 ਨਵੰਬਰ 2026- ਨਵਾਂਸ਼ਹਿਰ, (ਪੱਤਰ ਪ੍ਰੇਰਕ): ਗੰਨੇ ਦੀ ਪਿੜਾਈ ਦਾ ਸੀਜ਼ਨ ਨੇੜੇ ਆਉਣ ਦੇ ਬਾਵਜੂਦ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਦੇ ਚਾਲੂ ਹੋਣ ਬਾਰੇ ਕੋਈ ਠੋਸ ਫ਼ੈਸਲਾ ਸਾਹਮਣੇ ਨਾ ਆਉਣ ਕਾਰਨ ਗੰਨਾ ਕਾਸ਼ਤਕਾਰਾਂ ਵਿੱਚ ਚਿੰਤਾ ਅਤੇ ਰੋਸ ਵਧਦਾ ਜਾ ਰਿਹਾ ਹੈ। ਇਸ ਗੰਭੀਰ ਮਾਮਲੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਾਲ ਮੁਲਾਕਾਤ ਕਰਕੇ ਮਿੱਲ ਨੂੰ ਤੁਰੰਤ ਚਾਲੂ ਕਰਵਾਉਣ ਦੀ ਮੰਗ ਉਠਾਈ।
ਵਫ਼ਦ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨੂੰ ਚਾਲੂ ਕਰਵਾਉਣ ਲਈ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਹਲਕੇ ਦੇ ਮੈਂਬਰ ਪਾਰਲੀਮੈਂਟ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਮਿੱਲ ਦੇ ਪਹਿਲੀ ਦਸੰਬਰ ਤੋਂ ਚਾਲੂ ਹੋਣ ਦੀ ਸੰਭਾਵਨਾ ਪ੍ਰਗਟਾਈ।
ਪਰ ਵਫ਼ਦ ਵਿੱਚ ਸ਼ਾਮਲ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਦੇ ਇਸ ਜਵਾਬ ’ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਗੰਨਾ ਪਿੜਾਈ ਦੇ ਸੀਜ਼ਨ ਵਰਗੇ ਅਹਿਮ ਮਾਮਲੇ ਨੂੰ ਪ੍ਰਸ਼ਾਸਨ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਮਿੱਲ ਨੂੰ ਚਾਲੂ ਕਰਨ ਲਈ ਕਿਸੇ ਠੋਸ ਕਾਰਵਾਈ, ਨਿਰਧਾਰਤ ਸਮਾਂ-ਸਾਰਣੀ ਜਾਂ ਫ਼ੈਸਲਾਕੁਨ ਕਦਮਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਸਿਰਫ਼ ਸੰਭਾਵਨਾ ਜਤਾਉਣ ਨਾਲ ਗੰਨਾ ਕਾਸ਼ਤਕਾਰਾਂ ਦੀਆਂ ਚਿੰਤਾਵਾਂ ਦੂਰ ਨਹੀਂ ਹੋ ਸਕਦੀਆਂ।
ਕਿਸਾਨ ਆਗੂਆਂ ਨੇ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੇ ਆਪਣੀ ਫ਼ਸਲ ਮਿੱਲ ਨੂੰ ਸਪਲਾਈ ਕਰਨ ਲਈ ਬਾਂਡ ਕਰਵਾਈ ਹੋਈ ਹੈ। ਇਸ ਲਈ ਪਿੜਾਈ ਸੀਜ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਕਿਸਾਨਾਂ ਲਈ ਗੰਭੀਰ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਿੱਲ ਨੂੰ ਬਿਨਾਂ ਕਿਸੇ ਹੋਰ ਦੇਰੀ ਤੋਂ ਚਾਲੂ ਕਰਨ ਲਈ ਪ੍ਰਸ਼ਾਸਨ ਠੋਸ ਕਦਮ ਚੁੱਕੇ ਅਤੇ ਬਾਂਡ ਕੀਤੇ ਗਏ ਸਮੁੱਚੇ ਗੰਨੇ ਦੀ ਪਿੜਾਈ ਯਕੀਨੀ ਬਣਾਈ ਜਾਵੇ।
ਵਫ਼ਦ ਨਾਲ ਮੁਲਾਕਾਤ ਉਪਰੰਤ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 16 ਨਵੰਬਰ ਨੂੰ ਸਵੇਰੇ ਠੀਕ 11 ਵਜੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿਖੇ ਗੰਨਾ ਕਾਸ਼ਤਕਾਰਾਂ, ਮਿੱਲ ਵਰਕਰਾਂ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਮਿੱਲ ਚਾਲੂ ਕਰਨ ਵਿੱਚ ਹੋ ਰਹੀ ਦੇਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਰਵੱਈਏ ਬਾਰੇ ਵਿਚਾਰ-ਵਟਾਂਦਰਾ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਸਮੂਹ ਗੰਨਾ ਕਾਸ਼ਤਕਾਰਾਂ, ਮਿੱਲ ਮੁਲਾਜ਼ਮਾਂ ਅਤੇ ਕਿਸਾਨ ਹਿਤੈਸ਼ੀ ਜਥੇਬੰਦੀਆਂ ਨੂੰ ਇਸ ਅਹਿਮ ਮੀਟਿੰਗ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਗੰਨੇ ਦੀ ਪਿੜਾਈ ਦਾ ਸੀਜ਼ਨ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਵਾਉਣ ਲਈ ਸਾਂਝੀ ਆਵਾਜ਼ ਬੁਲੰਦ ਕੀਤੀ ਜਾ ਸਕੇ।
ਇਸ ਵਫ਼ਦ ਵਿੱਚ ਸੁਰਿੰਦਰ ਸਿੰਘ ਬੈਂਸ, ਜਸਵਿੰਦਰ ਭੰਗਲ, ਕੁਲਦੀਪ ਦੌੜਕਾ, ਸੁਖਵਿੰਦਰ ਸਿੰਘ ਬੱਲੋਵਾਲ, ਹਰਵਿੰਦਰ ਚਾਹਲ, ਹਰਪ੍ਰਭ ਮਹਿਲ ਸਿੰਘ, ਤਰਸੇਮ ਸਿੰਘ ਬੈਂਸ, ਰਾਮ ਜੀ ਦਾਸ, ਗੁਰਦੇਵ ਸਿੰਘ ਸੁੱਜੋ ਸਮੇਤ ਹੋਰ ਕਿਸਾਨ ਆਗੂ ਸ਼ਾਮਲ ਸਨ।
- Download Babushahi App
-
-