ਸੋਨੀਆ ਗਾਂਧੀ ਦੀ ਕਿਤਾਬ ਪਰਿਵਾਰ ਤੇ ਕਾਂਗਰਸ ਦੇ 1984 ਦੇ ਪਾਪਾਂ 'ਤੇ ਪਰਦਾ ਪਾਉਣ ਦੀ ਨਾਕਾਮ ਕੋਸ਼ਿਸ਼: ਕੇਵਲ ਢਿੱਲੋਂ
1984 ਦੇ ਪੀੜਤਾਂ ਨੂੰ ਮੁਕੰਮਲ ਇਨਸਾਫ਼ ਤੇ ਕਾਂਗਰਸ ਦੀ ਮੁਆਫ਼ੀ ਤੋਂ ਬਿਨਾਂ ਪੰਜਾਬ ਵਿੱਚ 'ਇਨਸਾਫ਼ ਯਾਤਰਾ' ਦਾ ਕੀ ਅਰਥ?: ਕੇਵਲ ਸਿੰਘ ਢਿੱਲੋਂ
42 ਸਾਲਾਂ ਬਾਅਦ ਮਗਰਮੱਛ ਦੇ ਹੰਝੂਆਂ ਨਾਲ ਸਾਕਾ ਨੀਲਾ ਤਾਰਾ ਤੇ ਸਿੱਖ ਕਤਲੇਆਮ ਦਾ ਇਤਿਹਾਸ ਨਹੀਂ ਬਦਲਿਆ ਜਾ ਸਕਦਾ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ, 11 ਨਵੰਬਰ 2026- ਭਾਜਪਾ ਪੰਜਾਬ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਨੇ ਸੋਨੀਆ ਗਾਂਧੀ ਦੀ ਨਵੀਂ ਕਿਤਾਬ ('ਬਿਲੌਂਗਿੰਗ: ਏ ਜਰਨੀ ਆਫ਼ ਲਵ') ਵਿੱਚ ਇੰਦਰਾ ਗਾਂਧੀ ਅਤੇ ਜੂਨ 1984 ਦੇ ਸਾਕਾ ਨੀਲਾ ਤਾਰਾ ਬਾਰੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹ 42 ਸਾਲਾਂ ਬਾਅਦ ਗਾਂਧੀ ਪਰਿਵਾਰ ਤੇ ਕਾਂਗਰਸ ਦੇ ਪਾਪਾਂ ਨੂੰ ਢਕਣ ਦੀ ਸਿਆਸੀ ਚਾਲ ਹੈ।
ਸਾਕਾ ਨੀਲਾ ਤਾਰਾ ਬਾਰੇ ਹੰਝੂਆਂ ਦੇ ਦਾਅਵਿਆਂ ਨਾਲ ਸੱਚ ਨਹੀਂ ਲੁਕ ਸਕਦਾ
ਸ. ਢਿੱਲੋਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਦੀ ਫੁਟੇਜ ਦੇਖ ਕੇ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ "ਦਰਦ ਤੇ ਪਛਤਾਵੇ ਦੇ ਹੰਝੂ" ਹੋਣ ਦਾ ਸੋਨੀਆ ਗਾਂਧੀ ਦਾ ਦਾਅਵਾ ਸਿੱਖ ਪੰਥ ਦੇ ਜ਼ਖ਼ਮਾਂ 'ਤੇ ਲੂਣ ਛਿੜਕਣਾ ਹੈ। ਜੇ ਪਛਤਾਵਾ ਸੀ, ਤਾਂ ਦਹਾਕਿਆਂ ਤੱਕ ਸੱਚ ਕਿਉਂ ਲੁਕਾਇਆ ਗਿਆ? ਉਨ੍ਹਾਂ ਕਿਹਾ ਕਿ ਸੋਨੀਆ ਖ਼ੁਦ ਮੰਨਦੇ ਹਨ ਕਿ ਪੰਜਾਬ ਕਾਂਗਰਸ ਦੇ ਧੜਿਆਂ ਨੇ ਆਪਸੀ ਲੜਾਈ ਲਈ ਹਾਲਾਤ ਵਿਗਾੜੇ, ਪਰ ਫਿਰ ਵੀ ਫ਼ੌਜੀ ਕਾਰਵਾਈ ਨੂੰ "ਮਜਬੂਰੀ" ਦੱਸ ਕੇ ਪਰਿਵਾਰ ਤੇ ਪਾਰਟੀ ਨੂੰ ਬਰੀ ਕਰ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ-ਤੋਪਾਂ ਵਾਲੇ ਹਮਲੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਸਿਰਫ਼ "ਸ਼ਰਮਨਾਕ ਅਧਿਆਇ" ਕਹਿ ਕੇ ਜ਼ਿੰਮੇਵਾਰੀ ਨਹੀਂ ਟਾਲੀ ਜਾ ਸਕਦੀ।
1984 ਦੇ ਇਨਸਾਫ਼ ਅਤੇ ਮੁਆਫ਼ੀ ਤੋਂ ਬਿਨਾਂ 'ਇਨਸਾਫ਼ ਯਾਤਰਾ' ਨਿਰਅਰਥ
ਕਾਂਗਰਸ ਦੀ 'ਪੰਜਾਬ ਮੰਗਦਾ ਇਨਸਾਫ਼' ਮੁਹਿੰਮ ਅਤੇ 'ਇਨਸਾਫ਼ ਯਾਤਰਾ' (ਸਾਈਕਲ ਯਾਤਰਾ) 'ਤੇ ਵਰ੍ਹਦਿਆਂ ਸ. ਢਿੱਲੋਂ ਨੇ ਕਿਹਾ ਕਿ 1984 ਦੇ ਹਜ਼ਾਰਾਂ ਬੇਕਸੂਰ ਸਿੱਖਾਂ ਦੇ ਖ਼ੂਨ ਨਾਲ ਰੰਗੀ ਕਾਂਗਰਸ ਦੇ ਮੂੰਹੋਂ ਪੰਜਾਬ ਵਿੱਚ "ਇਨਸਾਫ਼" ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਸਵਾਲ ਕੀਤਾ ਕਿ 1984 ਦੇ ਪੀੜਤਾਂ ਨੂੰ ਮੁਕੰਮਲ ਇਨਸਾਫ਼ ਅਤੇ ਕਾਂਗਰਸ ਵੱਲੋਂ ਆਪਣੇ ਗੁਨਾਹਾਂ ਦੀ ਜਨਤਕ ਮਾਫ਼ੀ ਤੋਂ ਬਿਨਾਂ ਪੰਜਾਬ ਵਿੱਚ 'ਇਨਸਾਫ਼ ਯਾਤਰਾ' ਦਾ ਕੀ ਅਰਥ ਹੈ? ਦਹਾਕਿਆਂ ਤੱਕ ਕਾਂਗਰਸੀ ਸਰਕਾਰਾਂ ਨੇ ਦੋਸ਼ੀਆਂ ਨੂੰ ਬਚਾਇਆ ਤੇ ਕਲੀਨ ਚਿੱਟਾਂ ਦਿੱਤੀਆਂ, ਜਦਕਿ 2014 ਤੋਂ ਬਾਅਦ ਮੋਦੀ ਸਰਕਾਰ ਦੀ ਐੱਸ.ਆਈ.ਟੀ. ਸਦਕਾ ਹੀ ਸੱਜਣ ਕੁਮਾਰ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਅਤੇ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਤੈਅ ਹੋ ਸਕੇ। ਭਾਜਪਾ ਪ੍ਰਧਾਨ ਨੇ ਮੰਗ ਕੀਤੀ ਕਿ ਗਾਂਧੀ ਪਰਿਵਾਰ ਤੇ ਕਾਂਗਰਸ ਲੀਡਰਸ਼ਿਪ ਕਿਤਾਬਾਂ ਤੇ ਯਾਤਰਾਵਾਂ ਦੇ ਡਰਾਮੇ ਦੀ ਬਜਾਏ 1984 ਦੇ ਪਾਪਾਂ ਲਈ ਪੰਜਾਬ ਤੇ ਸਿੱਖ ਪੰਥ ਤੋਂ ਬਿਨਾਂ ਸ਼ਰਤ ਮਾਫ਼ੀ ਮੰਗੇ ਅਤੇ ਇਨਸਾਫ਼ ਰੋਕਣ ਦੀ ਜਵਾਬਦੇਹੀ ਕਬੂਲੇ।
- Download Babushahi App
-
-