ਕਾਂਗਰਸ ਹੀ ਲੋਕਤੰਤਰ ਦੀ ਅਸਲ ਕਾਤਲ, ਐੱਸਆਈਆਰ ’ਤੇ ਵੀ ਬੋਲ ਰਹੀ ਝੂਠ: ਬਰਿੰਦਰ ਸਚਦੇਵਾ
ਹੁਸ਼ਿਆਰਪੁਰ ਵਿੱਚ ‘ਲੋਕਤੰਤਰ ਬਚਾਓ–ਅਰਾਜਕਤਾ ਹਟਾਓ’ ਪੈਦਲ ਯਾਤਰਾ ਦੌਰਾਨ ਭਾਜਪਾ ਆਗੂਆਂ ’ਤੇ ਸਾਧੇ ਨਿਸ਼ਾਨੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਲੋਕਤੰਤਰ ਦੇ ਸੱਚੇ ਪਹਿਰੇਦਾਰ ਹਨ : ਬਰਿੰਦਰ ਸਚਦੇਵਾ
ਹੁਸ਼ਿਆਰਪੁਰ, 28 ਅਕਤੂਬਰ 2026- ਪੰਜਾਬ ਭਾਜਪਾ ਵੱਲੋਂ ਬੁੱਧਵਾਰ ਨੂੰ ਹੁਸ਼ਿਆਰਪੁਰ ਵਿੱਚ ‘ਲੋਕਤੰਤਰ ਬਚਾਓ–ਅਰਾਜਕਤਾ ਹਟਾਓ’ ਪੈਦਲ ਯਾਤਰਾ ਕੱਢੀ ਗਈ। ਇਸ ਮੌਕੇ ਪੰਜਾਬ ਭਾਜਪਾ ਦੇ ਸਹਿ-ਇੰਚਾਰਜ ਬਰਿੰਦਰ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅਰਾਜਕਤਾ ਫੈਲਾਉਣ ਅਤੇ ਲੋਕਤੰਤਰ ਦਾ ਕਤਲ ਕਰਨ ਦੇ ਦੋਸ਼ ਲਗਾ ਰਹੇ ਹਨ, ਜਦਕਿ ਲੋਕਤੰਤਰ ਦੀ ਅਸਲ ਕਾਤਲ ਖ਼ੁਦ ਕਾਂਗਰਸ ਪਾਰਟੀ ਹੈ। ਲੋਕਤੰਤਰ ਦੀ ਹੱਤਿਆ ਉਸ ਸਮੇਂ ਹੋਈ ਸੀ, ਜਦੋਂ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾਈ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਹੈ, ਉੱਥੇ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਇਹ ਕਾਂਗਰਸ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਜੇਕਰ ਲੋਕਤੰਤਰ ਦਾ ਕੋਈ ਸੱਚਾ ਪਹਿਰੇਦਾਰ ਹੈ, ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸੂਬਾ ਉੱਪ ਪ੍ਰਧਾਨ ਰਾਕੇਸ਼ ਰਾਠੌਰ, ਜਨਰਲ ਸਕੱਤਰ ਰਾਜੇਸ਼ ਬੱਗਾ, ਜਰਨਲ ਸਕੱਤਰ ਜੀਵਨ ਗਰਗ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਭਾਜਪਾ ਦੇ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਨਿਤਿਨ ਗੁਪਤਾ ਨੰਨੂੰ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ ਕਈ ਭਾਜਪਾ ਆਗੂ ਮੌਜੂਦ ਰਹੇ। ਪੈਦਲ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਕਾਂਗਰਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਨਾਕਾਮੀਆਂ ਦਾ ਠੀਕਰਾ ਚੋਣ ਕਮਿਸ਼ਨ ਸਿਰ
ਸਚਦੇਵਾ ਨੇ ਕਿਹਾ ਕਿ ਐੱਸਆਈਆਰ ਦੇ ਮੁੱਦੇ ’ਤੇ ਵੀ ਰਾਹੁਲ ਗਾਂਧੀ ਸਰਾਸਰ ਝੂਠ ਬੋਲ ਰਹੇ ਹਨ। ਅਸਲ ਵਿੱਚ ਉਹ ਆਪਣੀਆਂ ਨਾਕਾਮੀਆਂ ਦਾ ਠੀਕਰਾ ਚੋਣ ਕਮਿਸ਼ਨ ਅਤੇ ਐੱਸਆਈਆਰ ’ਤੇ ਭੰਨ ਰਹੇ ਹਨ। ਜੇਕਰ ਭਾਜਪਾ ਦੀ ਸਰਕਾਰ ਹੋਵੇ ਤਾਂ ਐੱਸਆਈਆਰ ਗ਼ਲਤ ਹੈ, ਪਰ ਪੰਜਾਬ, ਹਿਮਾਚਲ, ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਵਰਗੇ ਸੂਬਿਆਂ ਵਿੱਚ, ਜਿੱਥੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਦੀਆਂ ਸਰਕਾਰਾਂ ਹਨ, ਉੱਥੇ ਇਹੀ ਐੱਸਆਈਆਰ ਸਹੀ ਹੋ ਜਾਂਦੀ ਹੈ। ਇਹ ਕਾਂਗਰਸ ਦਾ ਦੋਗਲਾਪਣ ਹੈ।
ਪੰਜਾਬ ’ਚ ਲੋਕਤੰਤਰ ਨੂੰ ਖ਼ਤਰਾ
ਆਮ ਆਦਮੀ ਪਾਰਟੀ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਿੱਚ ਜੇਕਰ ਕਿਤੇ ਲੋਕਤੰਤਰ ਸਭ ਤੋਂ ਵੱਧ ਖ਼ਤਰੇ ਵਿੱਚ ਹੈ, ਤਾਂ ਉਹ ਪੰਜਾਬ ਹੈ। ਇੱਥੇ ਗਲੀ-ਗਲੀ ਨਸ਼ੇ ਵਿਕ ਰਹੇ ਹਨ ਕਿਉਂਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਨਿਕੰਮੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਵੀ ਬਦਤਰ ਹੋ ਚੁੱਕੀ ਹੈ। ਹਰ ਰੋਜ਼ ਕਤਲ ਹੋ ਰਹੇ ਹਨ ਅਤੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਇਸ ਲਈ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਵਾਸਤੇ ਭਗਵੰਤ ਮਾਨ ਸਰਕਾਰ ਨੂੰ ਇਸ ਵਾਰ ਸੱਤਾ ਤੋਂ ਬਾਹਰ ਕਰਨਾ ਲਾਜ਼ਮੀ ਹੈ।
ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ
ਇਸ ਮੌਕੇ ਬੋਲਦਿਆਂ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ, ਜਿਸ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇਸ਼ ਦੇ ਹਿੱਤ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਹਰ ਕਿਸੇ ਨੂੰ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਦਾ ਅਧਿਕਾਰ ਹੈ, ਪਰ ਇਸ ਅਧਿਕਾਰ ਦੀ ਆੜ ਵਿੱਚ ਅਰਾਜਕਤਾ ਫੈਲਾਉਣਾ ਅਤੇ ਲੋਕਤੰਤਰੀ ਮਰਿਆਦਾਵਾਂ ਨੂੰ ਭੰਗ ਕਰਨਾ ਗਲਤ ਹੈ।
ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਸਾਲ 1952 ਤੋਂ ਦੇਸ਼ ਵਿੱਚ ਲਗਾਤਾਰ ਚੋਣਾਂ ਹੁੰਦੀਆਂ ਆ ਰਹੀਆਂ ਹਨ ਅਤੇ ਲੋਕਾਂ ਦੇ ਫ਼ੈਸਲੇ ਅਨੁਸਾਰ ਸਰਕਾਰਾਂ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਲੋਕਾਂ ਦੇ ਫ਼ਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦੇ ਨਾਮ ’ਤੇ ਦੇਸ਼ ਦੀ ਸ਼ਾਂਤੀ ਅਤੇ ਲੋਕਤੰਤਰ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਤੋਂ ਬਚਣਾ ਚਾਹੀਦਾ ਹੈ। ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ‘ਲੋਕਤੰਤਰ ਬਚਾਓ, ਅਰਾਜਕਤਾ ਹਟਾਓ’ ਦਾ ਸੱਦਾ ਦੇਸ਼ ਵਿੱਚ ਲੋਕਤੰਤਰੀ ਮਰਿਆਦਾਵਾਂ ਦੀ ਰੱਖਿਆ ਲਈ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸੱਤਾ ਪਰਿਵਰਤਨ ਲਈ ਚੋਣਾਂ ਦਾ ਰਸਤਾ ਦਿਖਾਉਂਦਾ ਹੈ, ਨਾ ਕਿ ਸੜਕਾਂ ’ਤੇ ਭੀੜ ਇਕੱਠੀ ਕਰਕੇ ਸਰਕਾਰ ਬਦਲਣ ਦੀ ਕੋਸ਼ਿਸ਼ ਦਾ।
- Download Babushahi App
-
-