ਧਰਨਾਕਾਰੀ ਜਥੇਬੰਦੀਆਂ ਦੇਣਗੀਆਂ ਮੁੱਖ ਮੰਤਰੀ ਨੂੰ ਮੰਗ ਪੱਤਰ! ਜਗਰਾਓਂ ਥਾਣੇ ਮੂਹਰੇ ਧਰਨਾ ਜਾਰੀ
ਜਗਰਾਓਂ 28 ਅਕਤੂਬਰ ( ਦੀਪਕ ਜੈਨ ) ਤੱਤਕਾਲੀ ਥਾਣਾਮੁਖੀ ਅਤੇ ਚੌਂਕੀ ਇੰਚਾਰਜ ਦੇ ਅੱਤਿਆਚਾਰਾਂ ਖਿਲਾਫ ਥਾਣੇ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਲਗਾਈ ਬੈਠੀਆਂ ਜਨਤਕ ਜੱਥੇਬੰਦੀਆਂ ਅੱਜ ਨੇੜਲੇ ਪਿੰਡ ਕਮਾਲਪੁਰਾ ਪਹੁੰਚ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਪੱਤਰ ਦੇ ਕੇ ਇਨਸਾਫ ਦੀ ਮੰਗ ਕਰਨਗੀਆਂ। ਨਿਰਮਲ ਸਿੰਘ ਧਾਲੀਵਾਲ ਤਹਿਸੀਲ ਸਕੱਤਰ ਦਿਹਾਤੀ ਮਜ਼ਦੂਰ ਸਭਾ, ਭਰਪੂਰ ਸਿੰਘ ਛੱਜਾਵਾਲ ਪ੍ਰਧਾਨ, ਮਜ਼ਦੂਰ ਸੰਘਰਸ਼ ਕਮੇਟੀ , ਜਸਪ੍ਰੀਤ ਸਿੰਘ ਢੋਲਣ ਪ੍ਰਧਾਨ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਪ੍ਰੈੱਸ ਜਾਣਕਾਰੀ ਦਿੰਦਿਆਂ ਦੱਸਿਆ ਕਿ
ਪੁਲਿਸ ਅੱਤਿਆਚਾਰਾਂ ਤੋਂ ਪੀੜ੍ਹਤ ਪਿਛਲੇ ਪੌਣੇ ਪੰਜ ਸਾਲਾਂ ਤੋਂ ਜਗਰਾਓਂ ਥਾਣੇ ਮੂਹਰੇ ਅਣਮਿੱਥੇ ਸਮੇਂ ਦਾ ਧਰਨਾ ਲਗਾਈ ਬੈਠੇ ਹਨ। ਉਨ੍ਹਾਂ ਦੱਸਿਆ ਕਿ ਮੰਗ ਕੀਤੀ ਜਾਵੇਗੀ ਕਿ ਧਰਨਾਕਾਰੀ ਪੀੜ੍ਹਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਪੀੜਤਾ ਮਨਪ੍ਰੀਤ ਕੌਰ ਦੇ ਪਰਿਵਾਰ ਦੀ ਇੱਕ ਲੜਕੀ ਆਤਮਹੱਤਿਆ ਕਰ ਗਈ ਸੀ, ਪੀੜ੍ਹਤ ਮਾਤਾ ਸੁਰਿੰਦਰ ਕੌਰ ਦੀ ਲੜਕੀ ਕੁਲਵੰਤ ਕੌਰ ਨੂੰ ਤੱਤਕਾਲੀ ਕਥਿਤ ਥਾਣਾਮੁਖੀ ਗੁਰਿੰਦਰ ਬੱਲ ਅਤੇ ਏਐਸਆਈ ਰਾਜਵੀਰ ਨੇ ਕਰੰਟ ਲਗਾਕੇ ਮਾਰ ਦਿੱਤਾ ਸੀ ਅਤੇ ਇਨਸਾਫ਼ ਮੰਗਦੇ ਹੋਏ, ਇੱਕ ਫੌਜੀ ਪੁੱਤਰ ਦੀ ਧਰਨੇ ਵਿੱਚ ਮੌਤ ਹੋ ਗਈ ਅਤੇ ਤਿੰਨ ਹੋਰ ਧਰਨਾਕਾਰੀ ਸਮਰਥਕਾਂ ਦੀ ਮੌਤ ਵੀ ਧਰਨੇ ਵਿੱਚ ਹੋ ਚੁੱਕੀ ਹੈ ਪਰ ਅਜੇ ਤੱਕ ਪੀੜ੍ਹਤ ਪਰਿਵਾਰ ਇਨਸਾਫ ਤੋਂ ਵਾਂਝੇ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਤੋਂ ਪੁਰਜ਼ੋਰ ਮੰਗ ਕੀਤੀ ਜਾਵੇਗੀ ਕਿ ਪੀੜ੍ਹਤਾ ਮਨਪ੍ਰੀਤ ਕੌਰ 'ਤੇ ਨਜਾਇਜ਼ ਹਿਰਾਸਤ 'ਚ ਅੱਤਿਆਚਾਰਾਂ ਸਬੰਧੀ ਐਫਆਈਆਰ ਦਰਜ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ। ਇਥੇ ਇਹ ਦੱਸਣਾ ਵਾਜਿਬ ਹੋਵੇਗਾ ਕਿ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਇਹ ਧਰਨਾ ਲਗਵਾਉਣ ਵਿਚ ਮੋਹਰੀ ਸੀ ਅਤੇ ਧਰਨੇ ਵਿਚੋਂ ਹੀ ਮੁੱਖ ਮੰਤਰੀ ਦੇ ਨਾਂ ਖ਼ੂਨ ਨਾਲ਼ ਲਿਖਿਆ "ਖ਼ਤ" ਨਿਆਂ ਹਿੱਤ ਮੁੱਖ ਮੰਤਰੀ ਤੱਕ ਪਹੁੰਚਾਣ ਲਈ ਲਿਆ ਸੀ ਅਤੇ ਪੁਲਿਸ ਅੱਤਿਆਚਾਰਾਂ ਸਬੰਧੀ ਪੰਜਾਬ ਵਿਧਾਨ ਸਭਾ ਵਿੱਚ ਹਲਕੇ ਦਾ ਇਹ ਗੰਭੀਰ ਮੁੱਦਾ ਪੂਰੇ ਜ਼ੋਰ ਸੋਰ ਨਾਲ਼ ਉਠਾਇਆ ਸੀ।
- Download Babushahi App
-
-