ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਵਿਖੇ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 28 ਅਕਤੂਬਰ 2026 ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ (PSBTE) ਵੱਲੋਂ ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਸਹਿਯੋਗ ਨਾਲ ਪੈਨ ਕਲਾਸਿਕ ਹੋਟਲ, ਬਠਿੰਡਾ ਵਿਖੇ ਖੇਤਰੀ ਇੰਡਸਟਰੀ-ਅਕੈਡਮੀਆ ਕਨਕਲੇਵ-2026 ਦਾ ਆਯੋਜਨ ਕੀਤਾ ਗਿਆ। ਇਸ ਕਨਕਲੇਵ ਦਾ ਮੁੱਖ ਉਦੇਸ਼ ਤਕਨੀਕੀ ਸਿੱਖਿਆ ਨੂੰ ਉਦਯੋਗਾਂ ਦੀਆਂ ਬਦਲਦੀਆਂ ਲੋੜਾਂ ਅਨੁਸਾਰ ਢਾਲਣਾ, ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਤਾਲਮੇਲ ਮਜ਼ਬੂਤ ਕਰਨਾ ਅਤੇ ਵਿਦਿਆਰਥੀਆਂ ਲਈ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨਾ ਸੀ।
ਇਸ ਮੌਕੇ ਪੰਜਾਬ ਸਟੇਟ ਬੋਰਡ ਆਫ਼ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਦੇ ਚੇਅਰਮੈਨ ਪ੍ਰੋਫੈਸਰ (ਡਾ.) ਸੰਦੀਪ ਕੰਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਤੋਂ ਇਲਾਵਾ ਡਾ. ਭਾਰਤ ਨਰੇਸ਼ ਬਾਂਸਲ, ਡਾਇਰੈਕਟਰ (ਅਕਾਦਮਿਕ), PSBTE; ਸ਼੍ਰੀ ਸੰਜੀਵ ਗੋਇਲ, ਕੰਟਰੋਲਰ ਆਈ .ਟੀ. ਆਈ., PSBTE; ਅਤੇ ਸ਼੍ਰੀ ਵਿਜੇ ਕੁਮਾਰ, ਐਡਮਿਨ ਆਫੀਸਰ , PSBTE ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ਼੍ਰੀ ਗੁਰਤੇਜ ਸਿੰਘ, ਡਿਪਟੀ ਡਾਇਰੈਕਟਰ, ਰੁਜ਼ਗਾਰ ਉਤਪਤੀ ਵਿਭਾਗ ਅਤੇ ਬਠਿੰਡਾ ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਵੀ ਸਮਾਗਮ ਵਿੱਚ ਮੌਜੂਦ ਸਨ। ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੀ ਪ੍ਰਿੰਸੀਪਲ ਡਾ. ਅਨੁਜਾ ਪੁਪਨੇਜਾ ਨੇ ਸਮੂਹ ਪਤਵੰਤਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋਫੈਸਰ (ਡਾ.) ਸੰਦੀਪ ਕੰਸਲ ਨੇ ਕਿਹਾ ਕਿ ਤਕਨੀਕੀ ਸਿੱਖਿਆ ਨੂੰ ਤਕਨਾਲੋਜੀ ਵਿੱਚ ਹੋ ਰਹੇ ਤੇਜ਼ੀ ਨਾਲ ਬਦਲਾਅ ਅਤੇ ਰੁਜ਼ਗਾਰ ਦੇ ਬਦਲਦੇ ਰੁਝਾਨਾਂ ਦੇ ਅਨੁਸਾਰ ਲਗਾਤਾਰ ਵਿਕਸਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਲਈ ਸਿਧਾਂਤਕ ਗਿਆਨ ਦੇ ਨਾਲ-ਨਾਲ ਵਿਹਾਰਕ ਸਿਖਲਾਈ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਿੱਚ ਨਵੀਨਤਾ, ਸਮੱਸਿਆਵਾਂ ਦੇ ਹੱਲ ਦੀ ਯੋਗਤਾ ਅਤੇ ਪ੍ਰਭਾਵਸ਼ਾਲੀ ਸੰਚਾਰ ਹੁਨਰ ਵਿਕਸਿਤ ਕਰਨਾ ਵੀ ਬਹੁਤ ਜ਼ਰੂਰੀ ਹੈ।
ਡਾ. ਭਾਰਤ ਨਰੇਸ਼ ਬਾਂਸਲ, ਡਾਇਰੈਕਟਰ (ਅਕਾਦਮਿਕ), PSBTE ਨੇ ਤਕਨੀਕੀ ਸਿੱਖਿਆ ਦੇ ਅਕਾਦਮਿਕ ਮਿਆਰਾਂ ਨੂੰ ਮਜ਼ਬੂਤ ਕਰਨ ਅਤੇ ਪਾਠਕ੍ਰਮ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਢਾਲਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਨਿਯਮਤ ਅਕਾਦਮਿਕ ਸਮੀਖਿਆ, ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਸਿੱਖਿਆ ਸੰਸਥਾਵਾਂ ਤੇ ਉਦਯੋਗਾਂ ਵਿਚਕਾਰ ਬਿਹਤਰ ਤਾਲਮੇਲ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ, ਹੁਨਰ-ਆਧਾਰਿਤ ਸਿੱਖਿਆ ਅਤੇ ਉਦਯੋਗਾਂ ਨਾਲ ਸਬੰਧਤ ਪ੍ਰੋਜੈਕਟਾਂ ’ਤੇ ਕੰਮ ਕਰਨ ਦੇ ਮੌਕੇ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਉਹ ਭਵਿੱਖ ਵਿੱਚ ਸਫਲ ਕਰੀਅਰ ਬਣਾ ਸਕਣ।
ਇਸ ਕਨਕਲੇਵ ਵਿੱਚ ਵੱਖ-ਵੱਖ ਉਦਯੋਗਿਕ ਖੇਤਰਾਂ ਨਾਲ ਸਬੰਧਤ 35 ਤੋਂ ਵੱਧ ਉਦਯੋਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਨ੍ਹਾਂ ਵਿੱਚ HMEL ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ; ਬਠਿੰਡਾ ਕੈਮੀਕਲ ਲਿਮਟਿਡ; ਟ੍ਰਾਈਡੈਂਟ, ਬਰਨਾਲਾ; ਸਤੀਆ ਇੰਡਸਟਰੀਜ਼, ਸ਼੍ਰੀ ਮੁਕਤਸਰ ਸਾਹਿਬ; ਮਹਾ ਸ਼ਕਤੀ ਲਿਮਟਿਡ, ਬਠਿੰਡਾ; ਸਟੈਲਕੋ, ਰਾਮਪੁਰਾ ਫੂਲ, ਬਠਿੰਡਾ; ਜੇ.ਆਰ. ਟ੍ਰਾਂਸਫਾਰਮਰ, ਬਠਿੰਡਾ; ਐੱਮ.ਆਰ. ਇੰਡਸਟਰੀਜ਼, ਬਠਿੰਡਾ ਅਤੇ ਪੀ.ਆਰ. ਇੰਡਸਟਰੀਜ਼, ਬਠਿੰਡਾ ਪ੍ਰਮੁੱਖ ਸਨ।
ਉਦਯੋਗਾਂ ਦੇ ਨੁਮਾਇੰਦਿਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਉਦਯੋਗਿਕ ਖੇਤਰ ਵਿੱਚ ਹੋ ਰਹੇ ਬਦਲਾਅ, ਲੋੜੀਂਦੇ ਹੁਨਰਾਂ ਅਤੇ ਡਿਪਲੋਮਾ ਧਾਰਕਾਂ ਲਈ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਵਿਚਾਰ-ਵਟਾਂਦਰੇ ਦੌਰਾਨ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਪਾਠਕ੍ਰਮ ਵਿੱਚ ਸੋਧ, ਵਿਦਿਆਰਥੀਆਂ ਦੇ ਤਕਨੀਕੀ ਅਤੇ ਸਾਫਟ ਸਕਿੱਲਜ਼ ਵਿੱਚ ਸੁਧਾਰ, ਵਿਹਾਰਕ ਸਿਖਲਾਈ ਅਤੇ ਇੰਟਰਨਸ਼ਿਪ ਦੇ ਮੌਕਿਆਂ ਨੂੰ ਵਧਾਉਣ ਵਰਗੇ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਇਸ ਮੌਕੇ ਉਦਯੋਗਾਂ ਦੀ ਸਹਾਇਤਾ ਨਾਲ ਪ੍ਰੋਜੈਕਟ ਤਿਆਰ ਕਰਨ, ਉਦਯੋਗਿਕ ਦੌਰੇ ਕਰਵਾਉਣ, ਅਪ੍ਰੈਂਟਿਸਸ਼ਿਪ ਦੇ ਮੌਕੇ ਮੁਹੱਈਆ ਕਰਵਾਉਣ ਅਤੇ ਕੈਂਪਸ ਪਲੇਸਮੈਂਟਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ, ਤਾਂ ਜੋ ਵਿਦਿਆਰਥੀਆਂ ਨੂੰ ਅਸਲ ਕੰਮਕਾਜੀ ਮਾਹੌਲ ਦਾ ਤਜਰਬਾ ਮਿਲ ਸਕੇ ਅਤੇ ਉਨ੍ਹਾਂ ਦੀ ਰੁਜ਼ਗਾਰ ਪ੍ਰਾਪਤੀ ਦੀ ਸੰਭਾਵਨਾ ਵਧੇ।
ਕਨਕਲੇਵ ਵਿੱਚ ਸੰਤ ਬਾਬਾ ਅਤਰ ਸਿੰਘ ਸਰਕਾਰੀ ਪੌਲੀਟੈਕਨਿਕ ਕਾਲਜ, ਬਡਬਰ; ਸਰਕਾਰੀ ਪੌਲੀਟੈਕਨਿਕ ਕਾਲਜ, ਫਤੂਹੀ ਖੇੜਾ; ਸਰਕਾਰੀ ਪੌਲੀਟੈਕਨਿਕ ਕਾਲਜ, ਕੋਟਕਪੂਰਾ; ਸਰਕਾਰੀ ਪੌਲੀਟੈਕਨਿਕ ਕਾਲਜ, ਗੁਰੂ ਤੇਗ ਬਹਾਦਰ ਗੜ੍ਹ, ਮੋਗਾ; ਸਰਕਾਰੀ ਪੌਲੀਟੈਕਨਿਕ ਕਾਲਜ, ਬਰੇਟਾ ਅਤੇ ਸਰਕਾਰੀ ਪੌਲੀਟੈਕਨਿਕ ਕਾਲਜ, ਫਿਰੋਜ਼ਪੁਰ ਸਮੇਤ ਕਈ ਹੋਰ ਸਿੱਖਿਆ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਟੀ. ਪੀ. ਓ. ਨੇ ਵੀ ਸ਼ਮੂਲੀਅਤ ਕੀਤੀ।
ਇਹ ਕਨਕਲੇਵ ਤਕਨੀਕੀ ਸਿੱਖਿਆ ਸੰਸਥਾਵਾਂ, ਉਦਯੋਗਿਕ ਆਗੂਆਂ ਅਤੇ ਰੁਜ਼ਗਾਰ ਨਾਲ ਜੁੜੇ ਅਧਿਕਾਰੀਆਂ ਵਿਚਕਾਰ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਇੱਕ ਮਹੱਤਵਪੂਰਨ ਮੰਚ ਸਾਬਤ ਹੋਇਆ। ਸਮਾਗਮ ਦੇ ਅੰਤ ਵਿੱਚ ਤਕਨੀਕੀ ਸਿੱਖਿਆ ਨੂੰ ਹੋਰ ਉਦਯੋਗ-ਮੁਖੀ ਬਣਾਉਣ, ਸਿੱਖਿਆ ਸੰਸਥਾਵਾਂ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਲੋੜੀਂਦੇ ਹੁਨਰਾਂ, ਵਿਹਾਰਕ ਤਜਰਬੇ, ਇੰਟਰਨਸ਼ਿਪ ਅਤੇ ਬਿਹਤਰ ਰੁਜ਼ਗਾਰ ਮੌਕਿਆਂ ਰਾਹੀਂ ਆਤਮਨਿਰਭਰ ਬਣਾਉਣ ਲਈ ਸਾਂਝੀ ਵਚਨਬੱਧਤਾ ਪ੍ਰਗਟਾਈ ਗਈ।
- Download Babushahi App
-
-