ਦੀਵਾਲੀ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ! ਖੇਤਾਂ 'ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ਦਾ ਪਰਦਾਫ਼ਾਸ਼, 11 ਕਿੱਲੋ ਤੋਂ ਵੱਧ ਧਮਾਕਾਖੇਜ਼ ਸਮੱਗਰੀ ਬਰਾਮਦ
ਮਿਲਟਰੀ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਦੀ ਸਾਂਝੀ ਛਾਪੇਮਾਰੀ: ਅਮਲੋਹ ਦੇ ਪਿੰਡ ਸ਼ਾਹਪੁਰ 'ਚ ਚੱਲ ਰਹੇ ਬਾਰੂਦ ਦੇ ਕਾਰੋਬਾਰ ਦਾ ਪਰਦਾਫਾਸ਼, UP ਦਾ ਅਰੋਪੀ ਗ੍ਰਿਫ਼ਤਾਰ
ਬਿਨਾਂ ਲਾਇਸੈਂਸ ਤਿਆਰ ਕੀਤੇ ਜਾ ਰਹੇ ਸਨ ਪਟਾਕੇ: ਅਮਲੋਹ ਪੁਲਿਸ ਨੇ ਖੇਤਾਂ 'ਚੋਂ ਬਰਾਮਦ ਕੀਤੀ ਭਾਰੀ ਮਾਤਰਾ 'ਚ ਬਾਰੂਦ ਸਮੱਗਰੀ, ਐਕਸਪਲੋਸਿਵ ਐਕਟ ਤਹਿਤ ਮਾਮਲਾ ਦਰਜ
Ravinder Singh
ਫ਼ਤਿਹਗੜ੍ਹ ਸਾਹਿਬ / ਅਮਲੋਹ, 28 ਅਕਤੂਬਰ 2026: ਮਿਲਟਰੀ ਇੰਟੈਲੀਜੈਂਸ ਤੋਂ ਮਿਲੀ ਇੱਕ ਅਹਿਮ ਸੂਚਨਾ ਦੇ ਆਧਾਰ 'ਤੇ ਫ਼ਤਿਹਗੜ੍ਹ ਸਾਹਿਬ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਖੇਤਾਂ ਦੇ ਵਿਚਕਾਰ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਭਾਰੀ ਮਾਤਰਾ ਵਿੱਚ ਤਿਆਰ ਕੀਤੇ ਪਟਾਕੇ ਅਤੇ ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਲਗਭਗ 11 ਕਿੱਲੋ 660 ਗ੍ਰਾਮ ਧਮਾਕਾਖੇਜ਼ ਸਮੱਗਰੀ (ਬਾਰੂਦ) ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਮਿਲਟਰੀ ਇੰਟੈਲੀਜੈਂਸ ਲੁਧਿਆਣਾ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਲੋਹ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਵਿੱਚ ਖੇਤਾਂ ਦੇ ਵਿਚਕਾਰ ਬਣੇ ਇੱਕ ਸ਼ੈਲਰ ਦੇ ਕੋਲ ਗੈਰ-ਕਾਨੂੰਨੀ ਗੋਦਾਮ ਵਿੱਚ ਪਟਾਕੇ ਤਿਆਰ ਕੀਤੇ ਜਾ ਰਹੇ ਹਨ। ਸੂਚਨਾ ਮਿਲਦੇ ਹੀ ਅਮਲੋਹ ਥਾਣੇ ਦੀ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਦੇ ਨਾਲ ਮਿਲ ਕੇ ਦੱਸੇ ਗਏ ਸਥਾਨ 'ਤੇ ਤੁਰੰਤ ਛਾਪੇਮਾਰੀ ਕੀਤੀ।
ਥਾਣਾ ਅਮਲੋਹ ਦੇ ਐਸ.ਐਚ.ਓ. (SHO) ਗੁਰਵਿੰਦਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ 26 ਅਕਤੂਬਰ 2026 ਦੀ ਸ਼ਾਮ ਲਗਭਗ 6 ਵਜੇ ਲੁਧਿਆਣਾ ਮਿਲਟਰੀ ਇੰਟੈਲੀਜੈਂਸ ਤੋਂ ਪੱਕੀ ਇਤਲਾਹ ਮਿਲੀ ਸੀ। ਸੂਚਨਾ ਵਿੱਚ ਦੱਸਿਆ ਗਿਆ ਸੀ ਕਿ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੁਜ਼ੱਫ਼ਰਨਗਰ ਦੇ ਸ਼ਾਹਪੁਰ ਖੇਤਰ ਦੇ ਪਿੰਡ ਬਸੀ ਕਲਾਂ ਦਾ ਰਹਿਣ ਵਾਲਾ ਫੈਜ਼ਾਨ ਖ਼ਾਨ, ਪਿੰਡ ਸ਼ਾਹਪੁਰ ਵਿੱਚ ਦਲਜੀਤ ਕੌਰ ਨਾਮਕ ਔਰਤ ਦੇ ਖੇਤਾਂ ਵਿੱਚ ਬਣੇ ਗੋਦਾਮ ਨੂੰ ਕਿਰਾਏ 'ਤੇ ਲੈ ਕੇ ਬਿਨਾਂ ਕਿਸੇ ਲਾਇਸੈਂਸ ਜਾਂ ਪਰਮਿਟ ਦੇ ਪਟਾਕੇ ਤਿਆਰ ਕਰ ਰਿਹਾ ਹੈ।
ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਗੋਦਾਮ ਵਿੱਚ ਭਾਰੀ ਮਾਤਰਾ ਵਿੱਚ ਬਾਰੂਦ ਅਤੇ ਹੋਰ ਕੱਚਾ ਮਾਲ ਰੱਖਿਆ ਗਿਆ ਸੀ, ਜਿਸ ਨਾਲ ਪਟਾਕੇ ਤਿਆਰ ਕਰਕੇ ਅੱਗੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕੀਤੇ ਜਾਣੇ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਦੋਂ ਜਾਂਚ ਕੀਤੀ ਤਾਂ ਅਰੋਪੀ ਫੈਜ਼ਾਨ ਖ਼ਾਨ ਕੋਲ ਪਟਾਕੇ ਬਣਾਉਣ ਜਾਂ ਬਾਰੂਦ ਰੱਖਣ ਦਾ ਕੋਈ ਵੀ ਕਾਨੂੰਨੀ ਲਾਇਸੈਂਸ ਜਾਂ ਸਰਕਾਰੀ ਪਰਮਿਟ ਨਹੀਂ ਮਿਲਿਆ।
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੌਕੇ ਤੋਂ 11 ਕਿੱਲੋ 660 ਗ੍ਰਾਮ ਧਮਾਕਾਖੇਜ਼ ਸਮੱਗਰੀ ਅਤੇ ਪਟਾਕੇ ਬਣਾਉਣ ਦਾ ਹੋਰ ਸਾਮਾਨ ਜ਼ਬਤ ਕਰ ਲਿਆ। ਅਰੋਪੀ ਫੈਜ਼ਾਨ ਖ਼ਾਨ ਦੇ ਖ਼ਿਲਾਫ਼ ਐਕਸਪਲੋਸਿਵ ਐਕਟ (ਧਮਾਕਾਖੇਜ਼ ਪਦਾਰਥ ਐਕਟ), 1884 ਦੀ ਧਾਰਾ 9-ਬੀ(1)(ਏ) ਅਤੇ 9-ਬੀ(2) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਰਿਹਾਇਸ਼ੀ ਅਤੇ ਖੇਤੀਬਾੜੀ ਵਾਲੇ ਖੇਤਰ ਦੇ ਵਿਚਕਾਰ ਇਸ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਬਾਰੂਦ ਇਕੱਠਾ ਕਰਨ ਅਤੇ ਪਟਾਕੇ ਬਣਾਉਣ ਦੇ ਮਾਮਲੇ ਨੂੰ ਸੁਰੱਖਿਆ ਏਜੰਸੀਆਂ ਨੇ ਗੰਭੀਰਤਾ ਨਾਲ ਲਿਆ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਜੁੱਟ ਗਈਆਂ ਹਨ।
ਤਫ਼ਤੀਸ਼ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਰੋਪੀ ਫੈਜ਼ਾਨ ਖ਼ਾਨ ਇਹ ਕੰਮ ਕਦੋਂ ਤੋਂ ਕਰ ਰਿਹਾ ਸੀ, ਉਸ ਨੂੰ ਬਾਰੂਦ ਅਤੇ ਹੋਰ ਧਮਾਕਾਖੇਜ਼ ਸਮੱਗਰੀ ਕਿੱਥੋਂ ਮਿਲ ਰਹੀ ਸੀ? ਪੁਲਿਸ ਅਧਿਕਾਰੀਆਂ ਅਨੁਸਾਰ ਜਲਦ ਹੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
- Download Babushahi App
-
-