ਫਰਿਜ਼ਨੋ ਪੁਲਿਸ ਮੁਖੀ ਮਿੰਡੀ ਕਾਸਟੋ ਨੇ ਨੈਣਦੀਪ ਸਿੰਘ ਚੰਨ ਤੋਂ ਮੰਗੀ ਮੁਆਫ਼ੀ
ਨਸ਼ੀਲੇ ਪਦਾਰਥਾਂ ਦੀ ਜਾਂਚ ਰਿਪੋਰਟ ਆਈ ਨੈਗੇਟਿਵ, ਪੁਲਿਸ ਵਿਭਾਗ ਵੱਲੋਂ ਗੱਡੀ ਟੋਅ ਕਰਨ ਅਤੇ ਜ਼ਬਤ ਕਰਕੇ ਰੱਖਣ ਦੇ ਖਰਚੇ ਵਾਪਸ ਕਰਨ ਦਾ ਐਲਾਨ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ): ਫਰਿਜ਼ਨੋ ਸਿਟੀ ਕੌਂਸਲ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਉਮੀਦਵਾਰ ਨੈਣਦੀਪ ਸਿੰਘ ਚੰਨ ਦੀ ਗ੍ਰਿਫ਼ਤਾਰੀ ਨਾਲ ਜੁੜੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਫਰਿਜ਼ਨੋ ਪੁਲਿਸ ਮੁਖੀ ਮਿੰਡੀ ਕਾਸਟੋ ਨੇ ਮੰਗਲਵਾਰ ਰਾਤ ਐਲਾਨ ਕੀਤਾ ਕਿ ਨੈਣਦੀਪ ਸਿੰਘ ਚੰਨ ਦੀ ਟੌਕਸੀਕੋਲੋਜੀ ਰਿਪੋਰਟ ਵਿੱਚ ਕਿਸੇ ਵੀ ਨਸ਼ੀਲੇ ਪਦਾਰਥ ਦੀ ਮੌਜੂਦਗੀ ਨਹੀਂ ਪਾਈ ਗਈ।
ਜਾਣਕਾਰੀ ਮੁਤਾਬਕ ਪੁਲਿਸ ਮੁਖੀ ਮਿੰਡੀ ਕਾਸਟੋ ਨੇ ਦੱਸਿਆ ਕਿ ਉਨ੍ਹਾਂ ਨੇ ਨੈਣਦੀਪ ਸਿੰਘ ਚੰਨ ਨਾਲ ਖ਼ੁਦ ਫ਼ੋਨ 'ਤੇ ਗੱਲਬਾਤ ਕਰਕੇ ਗ੍ਰਿਫ਼ਤਾਰੀ ਕਾਰਨ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਅਤੇ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ।
ਇਸ ਦੇ ਨਾਲ ਹੀ ਪੁਲਿਸ ਮੁਖੀ ਨੇ ਇਹ ਵੀ ਐਲਾਨ ਕੀਤਾ ਕਿ ਪੁਲਿਸ ਵਿਭਾਗ ਵੱਲੋਂ ਨੈਣਦੀਪ ਸਿੰਘ ਚੰਨ ਦੀ ਗੱਡੀ ਨੂੰ ਟੋਅ ਕਰਨ ਅਤੇ ਜ਼ਬਤ ਕਰਕੇ ਰੱਖਣ ਦੇ ਸਬੰਧ ਵਿੱਚ ਲਏ ਗਏ ਖਰਚੇ ਵੀ ਵਾਪਸ ਕੀਤੇ ਜਾਣਗੇ।
ਇਸ ਘਟਨਾਕ੍ਰਮ ਤੋਂ ਬਾਅਦ ਨੈਣਦੀਪ ਸਿੰਘ ਚੰਨ ਦੀ ਗ੍ਰਿਫ਼ਤਾਰੀ ਅਤੇ ਇਸ ਨਾਲ ਜੁੜੀ ਪੁਲਿਸ ਕਾਰਵਾਈ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਨਸ਼ੀਲੇ ਪਦਾਰਥਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਉਣ ਅਤੇ ਪੁਲਿਸ ਮੁਖੀ ਵੱਲੋਂ ਮੁਆਫ਼ੀ ਮੰਗਣ ਦੀ ਖ਼ਬਰ ਨੂੰ ਇਸ ਮਾਮਲੇ ਵਿੱਚ ਅਹਿਮ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਨੇ ਵੀ ਨੈਣਦੀਪ ਸਿੰਘ ਤੋਂ ਮੁਆਫ਼ੀ ਮੰਗੀ ਹੈ। ਪੁਲਿਸ ਮੁਖੀ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਉਨ੍ਹਾਂ ਦੇ ਰਿਕਾਰਡ ਵਿੱਚ ਗ੍ਰਿਫ਼ਤਾਰੀ ਵਜੋਂ ਦਰਜ ਨਹੀਂ ਰੱਖਿਆ ਜਾਵੇਗਾ। ਦੂਜੇ ਪਾਸੇ ਨੈਣਦੀਪ ਸਿੰਘ ਨੇ ਮੁਆਫ਼ੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਘਟਨਾ ਕਾਰਨ ਉਨ੍ਹਾਂ ਦੇ ਅਕਸ ਨੂੰ ਪਹੁੰਚੇ ਨੁਕਸਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
- Download Babushahi App
-
-