Big Breaking: '2029 ਤੱਕ ਪੰਜਾਬ ਨੂੰ ਚਿੱਟਾ ਮੁਕਤ ਕਰਾਂਗੇ, ਸਾਨੂੰ ਇੱਕ ਮੌਕਾ ਦਿਓ'- ਅਮਿਤ ਸ਼ਾਹ ਦਾ ਵੱਡਾ ਬਿਆਨ (ਵੇਖੋ ਵੀਡੀਓ)
"ਪੰਜਾਬ ਦੀਆਂ ਮਾਵਾਂ-ਭੈਣਾਂ ਸਾਥ ਦੇਣ, ਅਸੀਂ ਨਸ਼ੇ ਦੀ ਜੜ੍ਹ ਵੱਢਾਂਗੇ"– ਜਲੰਧਰ 'ਚ ਨਸ਼ਾ ਵਿਰੋਧੀ ਈਵੈਂਟ ਦੌਰਾਨ ਅਮਿਤ ਸ਼ਾਹ ਦੀ ਅਪੀਲ
Babushahi Network
ਜਲੰਧਰ/ਚੰਡੀਗੜ੍ਹ, 30 ਸਤੰਬਰ 2026- ਜਲੰਧਰ ਵਿਖੇ ਨਸ਼ਾ ਮੁਕਤ ਪੰਜਾਬ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 31 ਦਸੰਬਰ 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਬਾਰੇ ਵੱਡਾ ਬਿਆਨ ਦਿੱਤਾ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਦਾ ਦੇਸ਼ ਦੀ ਤਰੱਕੀ ਅਤੇ ਸੁਰੱਖਿਆ ਵਿੱਚ ਹਮੇਸ਼ਾ ਦੋ ਵੱਡਾ ਯੋਗਦਾਨ ਰਿਹਾ ਹੈ। ਪਹਿਲਾ ਜਦੋਂ ਵੀ ਦੇਸ਼ ਨੂੰ ਅਨਾਜ ਦੀ ਲੋੜ ਪਈ, ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰਾਂ ਨੂੰ ਭਰਿਆ। ਦੂਜਾ, ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਤੋਂ ਬਾਅਦ, ਜਦੋਂ ਵੀ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਦੀ ਗੱਲ ਆਈ, ਪੰਜਾਬ ਦੇ ਨੌਜਵਾਨਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਅਮਿਤ ਸ਼ਾਹ ਨੇ ਕਿਹਾ, "ਮੈਂ ਪੰਜਾਬ ਦੀਆਂ ਉਨ੍ਹਾਂ ਮਾਵਾਂ ਦੇ ਚਰਨਾਂ ਵਿੱਚ ਸੀਸ ਝੁਕਾਉਂਦਾ ਹਾਂ ਜਿਨ੍ਹਾਂ ਨੇ ਅਜਿਹੇ ਸੂਰਬੀਰ ਪੁੱਤਾਂ ਨੂੰ ਜਨਮ ਦਿੱਤਾ।"
ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਦਿਆਂ ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਸਰਕਾਰ ਦੀਆਂ ਨਾਕਾਮੀਆਂ ਕਾਰਨ ਰਾਜ ਵਿੱਚ 'ਚਿੱਟੇ' ਦਾ ਕਾਰੋਬਾਰ ਸ਼ਰੇਆਮ ਫੈਲ ਰਿਹਾ ਹੈ। ਹਾਲਾਂਕਿ ਪੰਜਾਬ ਵਿੱਚ ਕਿਸਾਨੀ, ਉਦਯੋਗ, ਕਾਨੂੰਨ ਵਿਵਸਥਾ ਅਤੇ ਮਹਿਲਾ ਸੁਰੱਖਿਆ ਵਰਗੇ ਕਈ ਅਹਿਮ ਮੁੱਦੇ ਹਨ, ਪਰ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਚੋਣਾਂ ਸਿਰਫ਼ 'ਨਸ਼ਾ ਮੁਕਤ ਪੰਜਾਬ' ਦੇ ਮੁੱਦੇ 'ਤੇ ਲੜੇਗੀ।
ਉਨ੍ਹਾਂ ਪਠਾਨਕੋਟ ਤੋਂ ਸ਼ੁਰੂ ਹੋ ਕੇ 13 ਦਿਨਾਂ ਵਿੱਚ 17 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਵਾਲੀ ਯਾਤਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਲੰਧਰ ਵਿਖੇ ਇਸ ਦਾ ਸਮਾਪਨ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਦਲਦਲ 'ਚੋਂ ਕੱਢਣ ਦੀ ਇੱਕ ਸ਼ੁਰੂਆਤ ਹੈ। ਉਨ੍ਹਾਂ ਕਿਹਾ, "ਅਸੀਂ ਜੋ ਵਾਅਦਾ ਕਰਦੇ ਹਾਂ, ਉਸ ਨੂੰ ਪੂਰਾ ਕਰਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅਸੀਂ ਕਸ਼ਮੀਰ 'ਚੋਂ ਧਾਰਾ 370 ਹਟਾ ਕੇ ਅੱਤਵਾਦ ਦਾ ਖਾਤਮਾ ਕੀਤਾ, ਅਤੇ ਹੁਣ ਸਾਡਾ ਅਗਲਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ।" ਉਨ੍ਹਾਂ ਸਵਾਲ ਕੀਤਾ ਕਿ ਜੇਕਰ ਪੂਰੇ ਦੇਸ਼ ਵਿੱਚ ਡਰੱਗਜ਼ ਵਿਰੁੱਧ ਸਖ਼ਤੀ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ?
ਆਪਣੀਆਂ ਰੈਲੀਆਂ ਦੇ ਤਜ਼ਰਬੇ ਸਾਂਝੇ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਹ ਉਨ੍ਹਾਂ ਪਰਿਵਾਰਾਂ ਨੂੰ ਮਿਲੇ ਹਨ, ਜਿਨ੍ਹਾਂ ਨੇ ਨਸ਼ੇ ਕਾਰਨ ਆਪਣੇ ਜਵਾਨ ਪੁੱਤ ਖੋਹ ਦਿੱਤੇ ਹਨ। ਮਾਵਾਂ ਰੋ-ਰੋ ਕੇ ਅਪੀਲ ਕਰਦੀਆਂ ਹਨ ਕਿ ਉਨ੍ਹਾਂ ਦੇ ਬੱਚੇ ਤਾਂ ਚਲੇ ਗਏ, ਪਰ ਬਾਕੀਆਂ ਦੇ ਬੱਚਿਆਂ ਨੂੰ ਬਚਾਇਆ ਜਾਵੇ। ਉਨ੍ਹਾਂ ਆਪ ਸਰਕਾਰ 'ਤੇ ਵਾਅਦਾਖਿਲਾਫੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦਿਆਂ ਕਈ ਘੁਟਾਲਿਆਂ ਦਾ ਜ਼ਿਕਰ ਕੀਤਾ, ਜਿਵੇਂ ਕਿ ਮੀਡੀਆ ਇਸ਼ਤਿਹਾਰ ਘੁਟਾਲਾ, ਸਮਾਰਟ ਸਿਟੀ ਘੁਟਾਲਾ, ਟਰੱਕ ਯੂਨੀਅਨ ਘੁਟਾਲਾ ਅਤੇ 'ਪੰਜੀਰੀ' ਘੁਟਾਲਾ। ਉਨ੍ਹਾਂ ਕਿਹਾ ਕਿ AAP ਸਰਕਾਰ ਨੇ 16,000 ਵਿਲੇਜ ਕਲੀਨਿਕ ਅਤੇ 16 ਮੈਡੀਕਲ ਕਾਲਜ ਬਣਾਉਣ ਦੇ ਦਾਅਵੇ ਕੀਤੇ ਸਨ, ਪਰ ਅਸਲ ਵਿੱਚ ਕੁਝ ਨਹੀਂ ਕੀਤਾ ਗਿਆ। ਕਿਸਾਨਾਂ ਨੂੰ ਐੱਮ.ਐੱਸ.ਪੀ. (MSP) ਦੇਣ ਦੇ ਵਾਅਦੇ ਵੀ ਅਧੂਰੇ ਰਹੇ, ਜਦਕਿ ਗੁਆਂਢੀ ਰਾਜ ਹਰਿਆਣਾ ਸਾਰੀਆਂ ਫਸਲਾਂ 'ਤੇ ਐੱਮ.ਐੱਸ.ਪੀ. ਦੇ ਰਿਹਾ ਹੈ।
ਅਮਿਤ ਸ਼ਾਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਸੱਚਮੁੱਚ ਨਸ਼ਾ ਖਤਮ ਕੀਤਾ ਹੁੰਦਾ ਤਾਂ ਜਨਤਾ ਉਨ੍ਹਾਂ ਨੂੰ ਮਾਫ਼ ਕਰ ਦਿੰਦੀ, ਪਰ ਉਨ੍ਹਾਂ ਦੇ ਰਾਜ ਵਿੱਚ ਇਹ ਕਾਰੋਬਾਰ ਹੋਰ ਵਧਿਆ ਹੈ। ਸ਼ਾਹ ਨੇ ਕਿਹਾ, "ਸਾਡਾ ਸੰਕਲਪ ਹੈ ਕਿ ਅਸੀਂ ਪੰਜਾਬ ਵਿੱਚ ਇੱਕ ਗ੍ਰਾਮ ਵੀ ਨਸ਼ਾ ਵਿਕਣ ਨਹੀਂ ਦਿਆਂਗੇ ਅਤੇ ਨਾ ਹੀ ਪੰਜਾਬ ਦੀ ਧਰਤੀ ਤੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਨਸ਼ਾ ਜਾਣ ਦਿਆਂਗੇ। ਇਹ ਮੁਹਿੰਮ ਕਿਸੇ ਸਿਆਸੀ ਫਾਇਦੇ ਲਈ ਨਹੀਂ, ਸਗੋਂ ਪੰਜਾਬ ਦੀ ਜਵਾਨੀ ਅਤੇ ਭਵਿੱਖ ਨੂੰ ਬਚਾਉਣ ਲਈ ਹੈ।"
ਅੰਤ ਵਿੱਚ, ਉਨ੍ਹਾਂ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਅਤੇ ਨੌਜਵਾਨਾਂ ਨੂੰ ਭਾਰਤੀ ਜਨਤਾ ਪਾਰਟੀ ਅਤੇ PM ਨਰਿੰਦਰ ਮੋਦੀ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਦੇਸ਼ 'ਚੋਂ ਨਕਸਲਵਾਦ ਅਤੇ ਅੱਤਵਾਦ ਦਾ ਸਫਾਇਆ ਕੀਤਾ ਗਿਆ ਹੈ, ਉਸੇ ਤਰ੍ਹਾਂ ਪੰਜਾਬ 'ਚੋਂ ਵੀ ਨਸ਼ੇ ਦੀ ਬੁਰਾਈ ਨੂੰ ਜੜ੍ਹੋਂ ਉਖਾੜ ਦਿੱਤਾ ਜਾਵੇਗਾ। ਉਨ੍ਹਾਂ ਆਪਣੇ ਭਾਸ਼ਣ ਦੌਰਾਨ ਮੰਚ 'ਤੇ ਮੌਜੂਦ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਰਾਜ ਸਭਾ ਮੈਂਬਰ ਤਰੁਣ ਚੁੱਘ, ਰਾਜ ਸਭਾ ਮੈਂਬਰ ਹਰਭਜਨ ਸਿੰਘ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਇਕਬਾਲ ਸਿੰਘ ਲਾਲਪੁਰਾ, ਮਨਪ੍ਰੀਤ ਸਿੰਘ ਬਾਦਲ, MLA ਅਸ਼ਵਨੀ ਸ਼ਰਮਾ, ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ, ਰਾਣਾ ਗੁਰਮੀਤ ਸਿੰਘ ਸੋਢੀ, ਮਨੋਰੰਜਨ ਕਾਲੀਆ, ਮਹਾਰਾਣੀ ਪਰਨੀਤ ਕੌਰ, ਅਵਿਨਾਸ਼ ਰਾਏ ਖੰਨਾ, ਸੋਮ ਪ੍ਰਕਾਸ਼, ਰਾਘਵ ਚੱਢਾ, ਅਮਨਜੋਤ ਕੌਰ, ਚਰਨਜੀਤ ਸਿੰਘ ਅਟਵਾਲ, ਰਵਨੀਤ ਸਿੰਘ ਬਿੱਟੂ, ਅਸ਼ੋਕ ਕੁਮਾਰ ਮਿੱਤਲ, ਸੁਸ਼ੀਲ ਕੁਮਾਰ ਰਿੰਕੂ, ਸਮੇਤ ਸਾਰੇ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ।
- Download Babushahi App
-
-