ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ‘ਕੈਗ ਬਰਾਈਟ ਮਾਈਂਡ’ ਮੈਗਜ਼ੀਨ ਦਾ ਦੂਜਾ ਅੰਕ ਰਿਲੀਜ਼
*ਕਾਲਜ ਦੇ ਸਾਬਕਾ ਵਿਦਿਆਰਥੀ ਵੱਲੋਂ ਪੰਜਾਬੀ ਮਾਂ ਬੋਲੀ ਵਿੱਚ ਮਿਆਰੀ ਮੈਗਜ਼ੀਨ ਸ਼ੁਰੂ ਕਰਨਾ ਮਾਣ ਵਾਲੀ ਗੱਲ — ਪ੍ਰਿੰ. ਮੈਡਮ ਜਸਬੀਰ ਕੌਰ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 21 ਸਤੰਬਰ, 2026: ਗੁਰੂ ਨਾਨਕ ਖਾਲਸਾ ਕਾਲਜ, ਸੁਲਤਾਨਪੁਰ ਲੋਧੀ ਵਿਖੇ ਅੱਜ ਪੰਜਾਬੀ ਮਾਂ ਬੋਲੀ, ਕਰੰਟ ਅਫੇਅਰਜ਼ ਅਤੇ ਜਨਰਲ ਨਾਲਿਜ਼ ਨੂੰ ਸਮਰਪਿਤ ਵਿਦਿਅਕ ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਦਾ ਦੂਜਾ ਅੰਕ ਰਿਲੀਜ਼ ਕੀਤਾ ਗਿਆ। ਮੈਗਜ਼ੀਨ ਦੇ ਸੰਪਾਦਕ ਅਤੇ ਕਾਲਜ ਦੇ ਸਾਬਕਾ ਵਿਦਿਆਰਥੀ ਸ. ਜਸਬੀਰ ਸਿੰਘ ਵਾਟਾਂਵਾਲੀਆ ਵੱਲੋਂ ਤਿਆਰ ਕੀਤੇ ਇਸ ਮੈਗਜ਼ੀਨ ਦਾ ਉਦੇਸ਼ ਵਿਦਿਆਰਥੀਆਂ ਨੂੰ ਗਿਆਨ-ਵਿਗਿਆਨ, ਦੇਸ਼-ਵਿਦੇਸ਼ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਵੱਖ-ਵੱਖ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਲੋੜੀਂਦੀ ਜਾਣਕਾਰੀ ਸਰਲ ਪੰਜਾਬੀ ਮਾਂ ਬੋਲੀ ਵਿੱਚ ਮੁਹੱਈਆ ਕਰਵਾਉਣਾ ਹੈ।
ਮੈਗਜ਼ੀਨ ਰਿਲੀਜ਼ ਮੌਕੇ ਗੁਰੂ ਨਾਨਕ ਖਾਲਸਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਨੇ ਕਿਹਾ ਕਿ ਇਹ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਇਸ ਦੇ ਸਾਬਕਾ ਵਿਦਿਆਰਥੀ ਜਸਬੀਰ ਸਿੰਘ ਵਾਟਾਂਵਾਲੀਆ ਨੇ ਪੰਜਾਬੀ ਮਾਂ ਬੋਲੀ ਰਾਹੀਂ ਵਿਦਿਆਰਥੀਆਂ ਨੂੰ ਕਰੰਟ ਅਫੇਅਰਜ਼ ਅਤੇ ਜਨਰਲ ਨਾਲਿਜ਼ ਨਾਲ ਜੋੜਨ ਵਾਲਾ ਮਿਆਰੀ ਮੈਗਜ਼ੀਨ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਵਿੱਚ ਕਰੰਟ ਅਫੇਅਰਜ਼ ਅਤੇ ਜੀ.ਕੇ. ਨੂੰ ਲੈ ਕੇ ਅਜਿਹੇ ਮੈਗਜ਼ੀਨ ਘੱਟ ਹੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਮਾਂ ਬੋਲੀ ਵਿੱਚ ਗਿਆਨ-ਵਿਗਿਆਨ ਨਾਲ ਸਬੰਧਤ ਇਹ ਮੈਗਜ਼ੀਨ ਪੰਜਾਬੀ ਪਿਛੋਕੜ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਲਾਹੇਵੰਦ ਹੈ।
ਮੈਗਜ਼ੀਨ ‘ਕੈਗ ਬਰਾਈਟ ਮਾਈਂਡ’ ਦੇ ਰਿਲੀਜ਼ ਸਮਾਗਮ ਮੌਕੇ ਜਸਬੀਰ ਵਾਟਾਂਵਾਲੀਆ ਨੇ ਵਿਸ਼ੇਸ਼ ਲੈਕਚਰ ਰਾਹੀਂ ਵੱਖ-ਵੱਖ ਕਲਾਸਾਂ ਅਤੇ ਵੱਖ-ਵੱਖ ਸਟਰੀਮਾਂ ਨਾਲ ਸਬੰਧਤ 50 ਤੋਂ ਵੱਧ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ *UPSC ਸਿਵਲ ਸਰਵਿਸਿਜ਼ ਪ੍ਰੀਖਿਆ ਦੀ ਤਿਆਰੀ ਕਿਵੇਂ ਕਰਨੀ ਹੈ, ਕੀ ਪੜ੍ਹਨਾ ਹੈ ਅਤੇ ਰੋਜ਼ਾਨਾ ਅਧਿਐਨ ਵਿੱਚ ਕਰੰਟ ਅਫੇਅਰਜ਼ ਅਤੇ ਜਨਰਲ ਨਾਲਿਜ਼ ਦੀ ਕੀ ਮਹੱਤਤਾ ਹੈ, ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਜਸਬੀਰ ਵਾਟਾਂਵਾਲੀਆ ਨੇ ਦੱਸਿਆ ਕਿ ‘ਕੈਗ ਬਰਾਈਟ ਮਾਈਂਡ’ ਸਿਰਫ਼ ਸਿਵਲ ਸਰਵਿਸਿਜ਼ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀ ਮੁਕਾਬਲੇ ਦੀ ਪ੍ਰੀਖਿਆ ਅਤੇ CUET ਸਮੇਤ ਵੱਖ-ਵੱਖ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਵੀ ਲਾਭਦਾਇਕ ਬਣਾਉਣ ਦਾ ਯਤਨ ਹੈ। ਮੈਗਜ਼ੀਨ ਵਿੱਚ ਕਰੰਟ ਅਫੇਅਰਜ਼, ਜਨਰਲ ਨਾਲਿਜ਼, ਪੰਜਾਬ ਵਿਸ਼ੇਸ਼, ਵਿਗਿਆਨ, ਵਾਤਾਵਰਨ, ਅਰਥਵਿਵਸਥਾ, ਖੇਡਾਂ, ਮਹੱਤਵਪੂਰਨ ਦਿਵਸ ਅਤੇ ਹੋਰ ਵਿਦਿਅਕ ਸਮੱਗਰੀ ਨੂੰ ਸਰਲ ਪੰਜਾਬੀ ਵਿੱਚ ਪੇਸ਼ ਕੀਤਾ ਜਾਂਦਾ ਹੈ।
ਸਮਾਗਮ ਦੇ ਸ਼ੁਰੂ ਵਿੱਚ ਸਟੇਜ ਦਾ ਸੰਚਾਲਨ ਕਰਦਿਆਂ ਮੈਡਮ ਰਾਜਦੀਪ ਕੌਰ ਜੋਸਨ ਨੇ ਸ. ਜਸਬੀਰ ਵਾਟਾਂਵਾਲੀਆ ਦੇ ਜੀਵਨ-ਸਫ਼ਰ, ਸਾਹਿਤਕ ਯੋਗਦਾਨ ਅਤੇ ਪੰਜਾਬੀ ਪੱਤਰਕਾਰੀ ਤੇ ਲੇਖਨ ਨਾਲ ਜੁੜੇ ਤਜਰਬੇ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ‘ਕੈਗ ਬਰਾਈਟ ਮਾਈਂਡ’ ਮੈਗਜ਼ੀਨ ਦੀ ਸ਼ੁਰੂਆਤ ਅਤੇ ਇਸ ਦੇ ਉਦੇਸ਼ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਨਿੱਜੀ ਤੌਰ ’ਤੇ ਕੀਤੇ ਜਾ ਰਹੇ ਅਜਿਹੇ ਯਤਨ ਵਿਦਿਆਰਥੀਆਂ ਨੂੰ ਪੜ੍ਹਨ ਅਤੇ ਗਿਆਨ ਹਾਸਲ ਕਰਨ ਲਈ ਪ੍ਰੇਰਿਤ ਕਰਦੇ ਹਨ।
ਸਮਾਗਮ ਦੌਰਾਨ ਕਾਲਜ ਦਾ ਮੁੱਖ ਸਟਾਫ਼ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ। ਇਸ ਮੌਕੇ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਬੀਰ ਕੌਰ ਅਤੇ ਖਾਲਸਾ ਕਾਲਜ ਦੇ ਸਮੂਹ ਸਟਾਫ਼ ਵੱਲੋਂ ਜਸਬੀਰ ਸਿੰਘ ਵਾਟਾਂਵਾਲੀਆ ਦਾ ਪੰਜਾਬੀ ਮਾਂ ਬੋਲੀ ਵਿੱਚ ਇਹ ਮਿਆਰੀ ਮੈਗਜ਼ੀਨ ਕੱਢਣ ’ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
- Download Babushahi App
-
-