ਮੋਹਨਜੀਤ ਸਿੰਘ ਸ਼ੇਰੋਂ ਅਤੇ ਗੁਲਜ਼ਾਰ ਸਿੰਘ ਮਾਮਲੇ ’ਤੇ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ
ਪੁਲਿਸ ਜਬਰ ਅਤੇ ਸਰਕਾਰੀ ਜੁਬਾਨਬੰਦੀ ਵਿਰੁੱਧ ਲੋਕਾਂ ਨੇ ਬੁਲੰਦ ਕੀਤੀ ਆਵਾਜ਼
ਅਸ਼ੋਕ ਵਰਮਾ
ਰਾਮਪੁਰਾ ਫੂਲ , 12 ਸਤੰਬਰ 2026 :ਰਾਮਪੁਰਾ ਫੂਲ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਮੋਹਨਜੀਤ ਸਿੰਘ ਸ਼ੇਰੋਂ ਦੀ ਪੁਲਿਸ ਵੱਲੋਂ ਕੀਤੀ ਗਈ ਵਹਿਸ਼ੀਆਣਾ ਕੁੱਟਮਾਰ ਅਤੇ ਪਿੰਡ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਦੇ ਮਾਮਲੇ ਨੂੰ ਲੈ ਕੇ ਅੱਜ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ, ਅਧਿਆਪਕਾਂ ਅਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।ਜਥੇਬੰਦੀਆਂ ਨੇ ਐਲਾਨ ਕੀਤਾ ਕਿ ਲੋਕਾਂ ਦੇ ਜਮਹੂਰੀ ਹੱਕਾਂ, ਨਸ਼ਿਆਂ ਦੇ ਖਾਤਮੇ ਅਤੇ ਸਰਕਾਰੀ ਜਬਰ ਵਿਰੁੱਧ ਇਹ ਸਾਂਝੀ ਆਵਾਜ਼ ਅੱਗੇ ਵੀ ਜਾਰੀ ਰਹੇਗੀ।ਇਸ ਮੌਕੇ ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਸ਼ੇਰੋਂ ਵੱਲੋਂ ਕਾਲੀ ਝੰਡੀ ਦਿਖਾ ਕੇ ਸਰਕਾਰ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣਾ ਉਸਦਾ ਜਮਹੂਰੀ ਹੱਕ ਸੀ, ਪਰ ਇਸਦੇ ਜਵਾਬ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਥਿਤ ਵਹਿਸ਼ੀਆਣਾ ਕੁੱਟਮਾਰ ਅਤੇ ਤਸ਼ੱਦਦ ਬੇਹੱਦ ਨਿੰਦਣਯੋਗ ਹੈ। ਆਗੂਆਂ ਨੇ ਮੋਹਨਜੀਤ ਸਿੰਘ ਵੱਲੋਂ ਲਗਾਏ ਗਏ ਤਸ਼ੱਦਦ ਦੇ ਦੋਸ਼ਾਂ ਦੀ ਅਦਾਲਤੀ ਜਾਂਚ ਅਤੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਪਿੰਡ ਤੂਰ ਵਣਜਾਰਾ ਦੇ ਗੁਲਜ਼ਾਰ ਸਿੰਘ ਵੱਲੋਂ ਆਪਣੇ ਨਸ਼ੇ ਦੀ ਲਪੇਟ ਵਿੱਚ ਆਏ ਪੁੱਤਰ ਨੂੰ ਬਚਾਉਣ ਲਈ ਸਰਕਾਰ ਦੇ ਨੁਮਾਇੰਦੇ ਕੋਲ ਗੁਹਾਰ ਲਗਾਉਣ ਅਤੇ ਉਸ ਨਾਲ ਕਥਿਤ ਤੌਰ ’ਤੇ ਕੀਤੇ ਗਏ ਅਪਮਾਨਜਨਕ ਵਿਵਹਾਰ ਤੋਂ ਬਾਅਦ ਉਸ ਵੱਲੋਂ ਆਤਮਹੱਤਿਆ ਕਰ ਲੈਣ ਦੀ ਘਟਨਾ ਵੀ ਗੰਭੀਰ ਜਾਂਚ ਦੀ ਮੰਗ ਕਰਦੀ ਹੈ।ਆਗੂਆਂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਦੇ ਦਾਅਵੇ ਕਰਨ ਵਾਲੀ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਉਠਾਉਣ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਬਜਾਏ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਲੋਕਾਂ ਦੀ ਆਵਾਜ਼ ਨੂੰ ਪੁਲਿਸੀ ਜਬਰ ਨਾਲ ਚੁੱਪ ਨਹੀਂ ਕਰਵਾਇਆ ਜਾ ਸਕਦਾ।ਆਗੂਆਂ ਨੇ ਕਿਹਾ ਕਿ ਅੱਜ ਦਾ ਰੋਸ ਮਾਰਚ ਇਹ ਸੁਨੇਹਾ ਦਿੰਦਾ ਹੈ ਕਿ ਜਬਰ ਅਤੇ ਜੁਬਾਨਬੰਦੀ ਵਿਰੁੱਧ ਲੋਕ ਆਪਣੀ ਜਥੇਬੰਦਕ ਤਾਕਤ ਨਾਲ ਆਵਾਜ਼ ਬੁਲੰਦ ਕਰਨਗੇ। ਲੋਕਤੰਤਰ ਵਿੱਚ ਵਿਰੋਧ ਕਰਨ ਅਤੇ ਸਵਾਲ ਪੁੱਛਣ ਦੇ ਹੱਕ ਦੀ ਰਾਖੀ ਲਈ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ।
ਰੋਸ ਮਾਰਚ ਵਿੱਚ ਸੁਖਦੇਵ ਸਿੰਘ ਪਾਂਧੀ, ਅਵਤਾਰ ਸਿੰਘ ਤੇ ਭੋਲਾ ਸਧਾਣਾ (ਜਮਹੂਰੀ ਅਧਿਕਾਰ ਸਭਾ), ਗੁਰਦੀਪ ਰਾਮਪੁਰਾ (ਬੀਕੇਯੂ ਏਕਤਾ ਡਕੌਂਦਾ ਧਨੇਰ), ਗਗਨ ਗਰੋਵਰ, ਬੰਤ ਸਿੰਘ ਭੂੰਦੜ ਤੇ ਜਗਦੇਵ ਸਿੰਘ (ਤਰਕਸ਼ੀਲ ਸੁਸਾਇਟੀ), ਕਰਮਜੀਤ ਸਿੰਘ ਸਿੱਧੂ (ਇਮਪਲਾਈਜ ਸੰਘਰਸ਼ ਯੂਨੀਅਨ ਪਾਵਰਕਾਮ) ਵਿਕਾਸ ਗਰਗ (ਡੈਮੋਕ੍ਰੈਟਿਕ ਟੀਚਰਜ਼ ਫਰੰਟ), ਅੰਗਰੇਜ ਸਿੰਘ (ਟੈਕਨੀਕਲ ਸਰਵਿਸ ਯੂਨੀਅਨ), ਅਮ੍ਰਿਤਪਾਲ ਮਾੜੀ (ਵਾਟਰ ਸਪਲਾਈ), ਸੁਖਦੇਵ ਸਿੰਘ ਜਵੰਦਾ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ), ਸੁਖਦੀਪ ਸਿੰਘ (ਲੋਕ ਸ਼ਭਿਆਚਾਰ ਮੰਚ), ਕੁਲਦੀਪ ਸਿੰਘ (ਪੈਨਸ਼ਨ ਐਸੋਸੀਏਸ਼ਨ), ਡਾਕਟਰ ਜਗਤਾਰ ਫੂਲ ਤੇ ਨਿਰਮਲ ਸਿੰਘ (ਮੈਡੀਕਲ ਪ੍ਰੈਕਟੀਸ਼ਨਰ), ਜਗਦੇਵ ਸਿੰਘ (ਮਿਊਨਸੀਪਲ ਵਰਕਰ ਯੂਨੀਅਨ), ਜੋਰਾ ਸਿੰਘ ਨਸਰਾਲੀ (ਖੇਤ ਮਜ਼ਦੂਰ ਯੂਨੀਅਨ), ਕੁਲਵੰਤ ਸਿੰਘ ਸੇਲਬਰਾਹ (ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ), ਜਗਦੀਸ਼ ਸਿੰਘ (ਬੀਕੇਯੂ ਏਕਤਾ ਡਕੌਂਦਾ) ਹਾਜ਼ਰ ਸਨ।
- Download Babushahi App
-
-