ਬਿਜਲੀ ਸੰਕਟ ਡੂੰਘਾ :ਜ਼ਿਲ੍ਹਾ ਸਦਰ ਮੁਕਾਮਾਂ ’ਤੇ ਚਾਰ ਘੰਟੇ ਕੱਟ
ਚਰਨਜੀਤ ਭੁੱਲਰ
ਚੰਡੀਗੜ੍ਹ, 11 ਸਤੰਬਰ 2026 : ਤਾਪ ਬਿਜਲੀ ਘਰਾਂ ਤੋਂ ਬਿਜਲੀ ਪੈਦਾਵਾਰ ਦੀ ਕਟੌਤੀ ਵਜੋਂ ਪੰਜਾਬ ’ਚ ਬਿਜਲੀ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਲੰਘੇ ਕੱਲ੍ਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵੀ ਸਾਢੇ ਚਾਰ ਘੰਟੇ ਦੇ ਬਿਜਲੀ ਕੱਟ ਲੱਗੇ। ਲੰਮੇ ਅਰਸੇ ਮਗਰੋਂ ਪਹਿਲੀ ਵਾਰ ਹੈ ਕਿ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵੀ ਬਿਜਲੀ ਕੱਟ ਲਾਉਣੇ ਪਏ ਹਨ। ਬਿਜਲੀ ਕੱਟਾਂ ਕਾਰਨ ਜਿੱਥੇ ਲੋਕ ਸੜਕਾਂ ’ਤੇ ਉੱਤਰਨ ਲੱਗੇ ਹਨ, ਉੱਥੇ ਝੋਨੇ ਦੇ ਖੇਤ ਵੀ ਸੁੱਕਣ ਲੱਗੇ ਹਨ। ਪਾਵਰਕੌਮ ਦੇ ਅਧਿਕਾਰੀ ਭਲਕੇ ਸ਼ਨਿਚਰਵਾਰ ਤੱਕ ਬਿਜਲੀ ਸਪਲਾਈ ਆਮ ਹੋਣ ਦੀ ਗੱਲ ਆਖ ਰਹੇ ਹਨ। ਵੇਰਵਿਆਂ ਅਨੁਸਾਰ ਲੰਘੇ ਕੱਲ੍ਹ ਜ਼ਿਲ੍ਹਾ ਸਦਰ ਮੁਕਾਮਾਂ ’ਤੇ 4.30 ਘੰਟੇ ਦਾ ਬਿਜਲੀ ਕੱਟ ਲੱਗਿਆ ਜਦੋਂ ਕਿ ਘਰੇਲੂ ਬਿਜਲੀ ਦਾ ਕੱਟ ਸਵਾ ਚਾਰ ਘੰਟੇ ਲੱਗੇ। ਖੇਤੀ ਖੇਤਰ ਨੂੰ ਲੰਘੇ ਕੱਲ੍ਹ ਦਿਨ ਵੇਲੇ ਸਿਰਫ਼ ਛੇ ਘੰਟੇ ਹੀ ਬਿਜਲੀ ਮਿਲੀ ਜਦੋਂ ਕਿ ਗਰੁੱਪ ਤਿੰਨ ਵਾਲੇ ਬਿਜਲੀ ਖੇਤਾਂ ਨੂੰ ਸਿਰਫ਼ ਚਾਰ ਘੰਟੇ ਹੀ ਮਿਲੀ।
ਗਰੁੱਪ ਦੋ ’ਚ ਖੇਤੀ ਸੈਕਟਰ ਨੂੰ ਸਿਰਫ਼ 4.52 ਘੰਟੇ ਹੀ ਬਿਜਲੀ ਸਪਲਾਈ ਮਿਲੀ। ਇਸੇ ਤਰ੍ਹਾਂ ਸਨਅਤੀ ਖੇਤਰ ’ਚ ਲੰਘੇ ਕੱਲ੍ਹ ਕੋਈ ਕੱਟ ਨਹੀਂ ਲੱਗਿਆ ਪਰ ਅੱਜ ਦੇਰ ਸ਼ਾਮ ਲੁਧਿਆਣਾ ਦੀਆਂ ਸਨਅਤਾਂ ’ਚ ਮੁੜ ਬਿਜਲੀ ਕੱਟ ਲੱਗਣ ਦੀ ਖ਼ਬਰ ਮਿਲੀ ਹੈ। ਲੁਧਿਆਣਾ ਦੇ ਸਨਅਤਕਾਰ ਇਸ਼ਵਰ ਸਿੰਘ ਭੰਦੋਹਲ ਦਾ ਕਹਿਣਾ ਸੀ ਕਿ ਕੁਝ ਦਿਨ ਸਪਲਾਈ ਠੀਕ ਰਹਿਣ ਮਗਰੋਂ ਅੱਜ ਸਨਅਤਾਂ ’ਤੇ ਮੁੜ 8.10 ਵਜੇ ਤੋਂ ਬਿਜਲੀ ਕੱਟ ਲਗਾ ਦਿੱਤਾ ਹੈ। ਵੇਰਵਿਆਂ ਅਨੁਸਾਰ ਲੰਘੇ ਕੱਲ੍ਹ ਤਾਪ ਬਿਜਲੀ ਘਰਾਂ ਦੇ ਚਾਰ ਯੂਨਿਟ ਬੰਦ ਹੋ ਗਏ ਸਨ ਅਤੇ ਇਸ ਵੇਲੇ ਵੀ ਰਾਜਪੁਰਾ ਥਰਮਲ ਦਾ ਇੱਕ ਯੂਨਿਟ ਅਤੇ ਤਲਵੰਡੀ ਸਾਬੋ ਥਰਮਲ ਦਾ ਇੱਕ ਯੂਨਿਟ ਬੰਦ ਪਿਆ ਹੈ। ਰਾਜਪੁਰਾ ਤਾਪ ਬਿਜਲੀ ਘਰ ਕੋਲ ਤਾਂ ਸੱਤ ਦਿਨਾਂ ਦਾ ਕੋਲਾ ਹੀ ਬਚਿਆ ਹੈ ਜਦੋਂ ਕਿ ਤਲਵੰਡੀ ਸਾਬੋ ਤਾਪ ਬਿਜਲੀ ਘਰ ਕੋਲ ਚਾਰ ਦਿਨ ਦਾ ਹੀ ਸਟਾਕ ਰਹਿ ਗਿਆ ਹੈ।
ਜਾਣਕਾਰੀ ਅਨੁਸਾਰ ਰੋਪੜ ਥਰਮਲ ਤੋਂ ਬਿਜਲੀ ਦੀ ਪੈਦਾਵਾਰ ਕਰੀਬ 50 ਫ਼ੀਸਦੀ ਹੀ ਹੋ ਰਹੀ ਹੈ ਜਦੋਂ ਲਹਿਰਾ ਥਰਮਲ ਦੇ ਚਾਰੇ ਯੂਨਿਟ ਚੱਲ ਰਹੇ ਹਨ। ਗੋਇੰਦਵਾਲ ਤਾਪ ਬਿਜਲੀ ਘਰ ਤੋਂ 510 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਅੱਕੇ ਹੋਏ ਕਿਸਾਨਾਂ ਨੇ ਅੱਜ ਰਤੀਆ ਰੋਡ ’ਤੇ ਚੱਕਾ ਜਾਮ ਕਰ ਦਿੱਤਾ। ਇਸੇ ਤਰ੍ਹਾਂ ਮਾਨਸਾ-ਬਰਨਾਲਾ ਅਤੇ ਬਠਿੰਡਾ ਗੋਨਿਆਣਾ ਰੋਡ ਬੰਦ ਕੀਤੇ ਗਏ। ਫ਼ਤਿਹਗੜ੍ਹ ਪੰਜਤੂਰ ’ਚ ਲੰਘੀ ਰਾਤ ਗਰਿੱਡ ਘੇਰਿਆ ਗਿਆ। ਪਾਵਰਕੌਮ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਦਾ ਕਹਿਣਾ ਸੀ ਕਿ ਅਸਲ ’ਚ ਲੰਘੇ ਕੱਲ੍ਹ ਚਾਰ ਯੂਨਿਟ ਬੰਦ ਹੋਣ ਕਰ ਕੇ ਸਮੱਸਿਆ ਆਈ ਸੀ ਪਰ ਹੁਣ ਰਾਜਪੁਰਾ ਦਾ ਦੂਜਾ ਯੂਨਿਟ ਵੀ ਅੱਜ ਰਾਤ ਨੂੰ ਚੱਲ ਪਵੇਗਾ ਅਤੇ ਤਲਵੰਡੀ ਸਾਬੋ ਦਾ ਵੀ ਬੰਦ ਯੂਨਿਟ ਕੱਲ੍ਹ ਤੱਕ ਪੈਦਾਵਾਰ ’ਤੇ ਆ ਜਾਵੇਗਾ। ਸਮੁੱਚੇ ਦੇਸ਼ ’ਚ ਸੰਕਟ ਕਾਰਨ ਕੇਂਦਰੀ ਗਰਿੱਡ ’ਚੋਂ ਵੀ ਬਿਜਲੀ ਨਹੀਂ ਮਿਲ ਰਹੀ ਹੈ ਅਤੇ ਪੰਜਾਬ ’ਚ ਚਾਰ ਪੰਜ ਘੰਟੇ ਵਾਲਾ ਪੀਕ ਸਮਾਂ ਹੁਣ 14 ਘੰਟੇ ਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਬਿਜਲੀ ਸਪਲਾਈ ਠੀਕ ਹੋ ਜਾਵੇਗੀ।
- Download Babushahi App
-
-