ਪਾਕਿਸਤਾਨ 'ਚ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਹੋਣ ਦੇ ਬਾਵਜੂਦ ਭਾਰਤ ਆਉਣ ਤੋਂ ਰੋਕਿਆ; ਫੈਸਲਾਬਾਦ ਏਅਰਪੋਰਟ 'ਤੇ ਮੰਗਿਆ NOC
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਇਸਲਾਮਾਬਾਦ, 11 ਸਤੰਬਰ, 2026: ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਤੋਂ ਭਾਰਤ ਆ ਰਹੇ 104 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਅਤੇ ਪਾਸਪੋਰਟ ਵਰਗੇ ਵੈਧ ਦਸਤਾਵੇਜ਼ ਹੋਣ ਦੇ ਬਾਵਜੂਦ ਫੈਸਲਾਬਾਦ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ। ਪਾਕਿਸਤਾਨੀ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਆਖਰੀ ਸਮੇਂ 'ਤੇ ਇਤਰਾਜ਼ਹੀਣਤਾ ਪ੍ਰਮਾਣ ਪੱਤਰ (NOC) ਦੀ ਮੰਗ ਕੀਤੇ ਜਾਣ ਕਾਰਨ ਸ਼ਰਧਾਲੂਆਂ ਨੂੰ ਸ਼ਾਰਜਾਹ ਜਾਣ ਵਾਲੀ ਉਡਾਣ 'ਚ ਚੜ੍ਹਨ ਤੋਂ ਰੋਕਿਆ ਗਿਆ, ਜਿਸ ਨਾਲ ਉਨ੍ਹਾਂ ਦੀ ਭਾਰਤ ਯਾਤਰਾ ਖ਼ਤਰੇ ਵਿੱਚ ਪੈ ਗਈ ਹੈ।
ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿੱਧੀਆਂ ਉਡਾਣਾਂ ਨਾ ਹੋਣ ਅਤੇ ਅਟਾਰੀ-ਵਾਹਗਾ ਸਰਹੱਦ ਦਾ ਜ਼ਮੀਨੀ ਰਸਤਾ ਬੰਦ ਹੋਣ ਕਾਰਨ ਇਹ ਸ਼ਰਧਾਲੂ ਤੀਜੇ ਦੇਸ਼ ਸ਼ਾਰਜਾਹ ਰਾਹੀਂ ਦਿੱਲੀ ਪਹੁੰਚਣ ਵਾਲੇ ਸਨ। ਇਨ੍ਹਾਂ ਸਾਰੇ ਯਾਤਰੀਆਂ ਨੇ ਸ਼ੁੱਕਰਵਾਰ ਦੁਪਹਿਰ 2:10 ਵਜੇ ਸ਼ਾਰਜਾਹ ਲਈ ਰਵਾਨਾ ਹੋਣਾ ਸੀ ਅਤੇ ਅੱਗੇ ਦਿੱਲੀ ਦੀ ਫਲਾਈਟ ਫੜਨੀ ਸੀ, ਜਿਸ ਦੀਆਂ ਟਿਕਟਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਸਨ।
ਸਮੂਹ ਦੇ ਆਗੂ ਪਪਿੰਦਰ ਸਿੰਘ ਅਤੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਕੋਈ ਵੀ ਸਰਕਾਰੀ ਨੌਕਰੀ ਵਿੱਚ ਨਹੀਂ ਹੈ ਅਤੇ ਨਾ ਹੀ ਸਰਕਾਰ ਨਾਲ ਜੁੜਿਆ ਹੋਇਆ ਹੈ, ਇਸ ਲਈ ਆਮ ਨਾਗਰਿਕਾਂ ਲਈ ਐੱਨ.ਓ.ਸੀ. ਦੀ ਮੰਗ ਕਰਨਾ ਬਿਲਕੁਲ ਬੇਬੁਨਿਆਦ ਹੈ। ਹਵਾਈ ਅੱਡੇ ਤੋਂ ਵਾਇਰਲ ਹੋਈ ਵੀਡੀਓ ਵਿੱਚ ਵੀ ਸ਼ਰਧਾਲੂਆਂ ਨੇ ਇਸ ਅਚਾਨਕ ਲਾਈ ਗਈ ਪਾਬੰਦੀ 'ਤੇ ਸਵਾਲ ਚੁੱਕੇ ਹਨ। ਅਚਾਨਕ ਰੋਕੇ ਜਾਣ ਕਾਰਨ ਸ਼ਰਧਾਲੂਆਂ ਨੂੰ ਭਾਰੀ ਵਿੱਤੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ।
- Download Babushahi App
-
-