ਬਿਨਾਂ ਵਰੰਟ ਦੇ ਘਰ ਵਿੱਚ ਵੜ ਕੇ ਘਰ ਦੀ ਤਲਾਸ਼ੀ ਲੈਣ ਵਾਲੇ ਮੁਲਾਜ਼ਮਾਂ ਨੂੰ ਅਦਾਲਤ ਨੇ ਸੁਣਾਈ ਸਜ਼ਾ
ਰੋਹਿਤ ਗੁਪਤਾ
ਗੁਰਦਾਸਪੁਰ 11 ਸਤੰਬਰ
ਸਾਲ 2017 ਦੇ ਪੰਜਾਬ ਦੇ ਜਿਲਾ ਗੁਰਦਾਸਪੁਰ ਵਿੱਚ ਮਗਰਾਲਾ ਦੀਨਾ ਨਗਰ ਦੇ ਇੱਕ ਬਹੁ-ਚਰਚਿਤ ਮਾਮਲੇ ਵਿੱਚ ਲਗਭਗ 9 ਸਾਲਾਂ ਦੀ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਅਖੀਰ ਇੱਕ ਪਰਿਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਮਾਨਯੋਗ ਕੋਰਟ ਦਾ ਇਹ ਫੈਸਲਾ ਇੱਕ ਵਾਰ ਮੁੜ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
21 ਦਸੰਬਰ 2017 ਨੂੰ ਪਿੰਡ ਮਗਰਾਲਾ ਦੇ ਵਸਨੀਕ ਸਵਰਗੀ ਰਿਟਾਇਰਡ ਮਾਸਟਰ , ਸ਼ਾਸਤਰੀ
ਬਚਨ ਸਿੰਘ ਰਾਣਾ ਜੀ ਦੇ ਘਰ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ 5-6 ਹੋਰ ਵਿਅਕਤੀ ਬਿਨਾਂ ਕਿਸੇ ਵਰੰਟ ਦੇ ਘਰ ਵਿੱਚ ਘੁਸੇ ਅਤੇ ਘਰ ਵਿੱਚ ਵੱਖ ਵੱਖ ਕਮਰਿਆਂ ਵਿੱਚ ਜਾ ਕੇ ਸਮਾਨ ਨੂੰ ਬਿਖੇਰਦੇ ਹੋਏ ਤਲਾਸ਼ੀ ਲੈਣ ਲੱਗੇ। ਜਦੋਂ ਮਾਸਟਰ ਜੀ ਨੇ ਇਸ ਤਲਾਸ਼ੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਉਹਨਾਂ ਨਾਲ ਵੀ ਬਦਸਲੂਕੀ ਕੀਤੀ। ਇਸ ਬਾਰੇ ਜਦੋਂ ਮਾਸਟਰ ਜੀ ਦੇ ਵੱਡੇ ਪੁੱਤਰ ਡਾਕਟਰ ਇੰਦਰਜੀਤ ਸਿੰਘ ਰਾਣਾ ਜੋ ਕਿ ਕਮਿਊਨਿਟੀ ਹੈਲਥ ਸੈਂਟਰ ਸਿੰਘੋਵਾਲ ਦੀਨਾਨਗਰ ਵਿੱਚ ਬਤੌਰ ਮੈਡੀਕਲ ਅਫਸਰ ਕੰਮ ਕਰ ਰਹੇ ਹਨ; ਨੂੰ ਪਤਾ ਲੱਗਾ ਤਾਂ ਉਹ ਘਰ ਪੁੱਜੇ ਅਤੇ ਘਰ ਵਿੱਚ ਦਾਖਲ ਇਹਨਾਂ ਲੋਕਾਂ ਨਾਲ ਪੁੱਛਗਿਛ ਕੀਤੀ ਤਾਂ ਕਿਸੇ ਨੇ ਵੀ ਕੋਈ ਸਹੀ ਜਵਾਬ ਨਹੀਂ ਦਿੱਤਾ। ਇਸ ਤੋਂ ਉਲਟ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਐਕਸਾਈਜ਼ ਵਿਭਾਗ ਦੇ ਮੁਲਾਜ਼ਮ ਦੱਸਦੇ ਹੋਏ ਇਹਨਾਂ ਲੋਕਾਂ ਨੇ ਡਾਕਟਰ ਰਾਣਾ ਨਾਲ ਬਦਸਲੂਕੀ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਝੂਠੇ ਇਲਜ਼ਾਮ ਲਗਾਉਂਣੇ ਸ਼ੁਰੂ ਕਰ ਦਿੱਤੇ। ਇਸ ਗੈਰ ਕਾਨੂੰਨੀ ਤਲਾਸ਼ੀ ਦੌਰਾਨ ਇਹਨਾਂ ਵਿਅਕਤੀਆਂ ਨੂੰ ਡਾ. ਰਾਣਾ ਦੇ ਘਰੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਸਾਰੇ ਘਟਨਾਕ੍ਰਮ ਦੌਰਾਨ ਜਦੋਂ ਇਲਾਕੇ ਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਇਹ ਸਾਰੇ ਘਰ ਵਿੱਚ ਜ਼ਬਰਦਸਤੀ ਘੁਸੇ ਲੋਕ ਘਰੋਂ ਭੱਜ ਗਏ। ਉਹਨਾਂ ਦੇ ਜਾਣ ਤੋਂ ਮਗਰੋਂ ਜਦੋਂ ਪਰਿਵਾਰ ਨੇ ਆਪਣਾ ਸਮਾਨ ਸੰਭਾਲਿਆ ਤਾਂ ਪਤਾ ਲੱਗਾ ਕਿ ਘਰ ਵਿੱਚੋਂ ਕੈਸ਼ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਡਾਕਟਰ ਰਾਣਾ ਨੇ ਜਦੋਂ ਐਕਸਾਈਜ਼ ਵਿਭਾਗ ਤੋਂ ਇਸ ਤਲਾਸ਼ੀ ਬਾਰੇ ਜਾਣਕਾਰੀ ਮੰਗੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵਿਭਾਗ ਬਿਨਾਂ ਕਿਸੇ ਸ਼ਿਕਾਇਤ ਤੇ ਬਿਨਾਂ ਵਰੰਟ ਦੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦਾ ਹੈ ਅਤੇ ਉਨਾਂ ਦੇ ਵਿਭਾਗ ਨੂੰ ਡਾਕਟਰ ਰਾਣਾ ਜੀ ਅਤੇ ਪਰਿਵਾਰ ਦੇ ਕਿਸੇ ਮੈਂਬਰ ਦੇ ਖਿਲਾਫ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ। ਸਾਰੀ ਜਾਣਕਾਰੀ ਪ੍ਰਾਪਤ ਕਰ ਲੈਣ ਤੋਂ ਬਾਅਦ ਡਾਕਟਰ ਰਾਣਾ ਨੇ ਇਸ ਘਟਨਾ ਦੀ ਸ਼ਿਕਾਇਤ ਹੈਲਪਲਾਈਨ 181 ਅਤੇ ਪੁਲਿਸ ਥਾਣੇ ਵਿੱਚ ਦਰਜ ਕਰਵਾਈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਆਪਣੇ ਮੁਲਾਜ਼ਮਾਂ ਦੀ ਗਲਤੀ ਹੋਣ ਕਾਰਨ ਪੁਲਿਸ ਮਹਿਕਮਾ ਕਾਰਵਾਈ ਕਰਨ ਵਿੱਚ ਆਨਾ ਕਾਨੀ ਕਰਦਾ ਰਿਹਾ; ਉਲਟਾ ਉਹਨਾਂ ਨੇ ਡਾਕਟਰ ਰਾਣਾ ਤੇ ਸਮਝੌਤਾ ਕਰਨ ਦਾ ਦਬਾਓ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕਈ ਪੜਾਵਾਂ ਤੋਂ ਪ੍ਰਾਪਤ ਹੁੰਦਾ ਇਹ ਕੇਸ ਅਖੀਰ ਮਾਨਯੋਗ ਕੋਰਟ ਦੇ ਸਾਹਮਣੇ ਪੇਸ਼ ਹੋਇਆ ਅਤੇ 9 ਸਾਲਾਂ ਦੀ ਲੰਬੀ ਲੜਾਈ ਤੋਂ ਬਾਅਦ ਕੋਰਟ ਨੇ ਇਨਸਾਫ ਕਰਦੇ ਹੋਏ ਡਾ. ਰਾਣਾ ਦੇ ਹੱਕ ਵਿੱਚ ਫੈਸਲਾ ਸੁਣਾਇਆ। ਇਸ ਫੈਸਲੇ ਤਹਿਤ ਦੋਸ਼ੀਆਂ ਸੁੱਖਾ ਸਿੰਘ, ਹਰਮਿੰਦਰ ਸਿੰਘ, ਸੋਨੂ, ਪ੍ਰਿੰਸ, ਸੁਸ਼ੀਲ ਕੁਮਾਰ, ਹਰਬੀਰ ਸਿੰਘ ਅਤੇ ਜਸਪਾਲ ਸਿੰਘ ਨੂੰ ਧਾਰਾ 147, 452, 149, 506 ਮੁਤਾਬਿਕ ਸਜ਼ਾ ਹੋਈ। ਕੋਰਟ ਦਾ ਇਹ ਫੈਸਲਾ ਆਪਣੇ ਆਪ ਵਿੱਚ ਇਸ ਲਈ ਵੀ ਬਹੁਤ ਖਾਸ ਹੈ ਕਿ ਹਰ ਇੱਕ ਆਮ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਮਰਜ਼ੀ ਤੋਂ ਬਗੈਰ ਬਿਨਾਂ ਕਿਸੇ ਵਾਰੰਟ ਦੇ ਕੋਈ ਵੀ ਉਸਦੇ ਘਰ ਵਿੱਚ ਦਾਖਲ ਹੋ ਕੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਨਿਜਤਾ ਅਤੇ ਸੁਰੱਖਿਆ ਤੇ ਹਮਲਾ ਨਹੀਂ ਕਰ ਸਕਦਾ।
- Download Babushahi App
-
-