Canada ਵਿੱਚ ਪੰਜਾਬੀ ਨੌਜਵਾਨ ਜ਼ਿੰਦਾ ਸੜਿਆ: ਟੱਕਰ ਤੋਂ ਬਾਅਦ ਕਾਰ 25 ਫੁੱਟ ਹੇਠਾਂ ਡਿੱਗੀ, ਅੱਗ ਲੱਗ ਗਈ; 2 ਸਾਲ ਪਹਿਲਾਂ ਗਿਆ ਸੀ ਵਿਦੇਸ਼
ਬਾਬੂਸ਼ਾਹੀ ਬਿਊਰੋ
ਜਲੰਧਰ, 11 ਸਤੰਬਰ, 2026: ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬ ਦੇ ਹੁਸ਼ਿਆਰਪੁਰ (ਟਾਂਡਾ) ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਬ੍ਰਹਮਜੋਤ ਸਿੰਘ ਦੀ ਕਾਰ ਵਿੱਚ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਬ੍ਰਹਮਜੋਤ ਦੋ ਸਾਲ ਪਹਿਲਾਂ ਹੀ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਟਾਂਡਾ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਹਾਦਸਾ ਬੁੱਧਵਾਰ ਤੜਕੇ ਓਟਾਵਾ ਦੇ ਦੱਖਣ-ਪੱਛਮੀ ਖੇਤਰ ਵਿੱਚ ਫਾਲੋਫੀਲਡ ਰੋਡ ਅਤੇ ਓਲਡ ਰਿਚਮੰਡ ਰੋਡ ਦੇ ਚੌਰਾਹੇ 'ਤੇ ਵਾਪਰਿਆ। ਪੁਲਿਸ ਅਨੁਸਾਰ ਬ੍ਰਹਮਜੋਤ ਸਿੰਘ ਦੀ ਹੋਂਡਾ ਸੀ.ਆਰ.ਵੀ. ਅਤੇ ਇੱਕ ਹੋਰ ਕੀਆ ਸੋਰੇਂਟੋ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਸੜਕ ਤੋਂ 25 ਫੁੱਟ ਹੇਠਾਂ ਜਾ ਡਿੱਗੇ ਅਤੇ ਤੁਰੰਤ ਅੱਗ ਦੀ ਲਪੇਟ ਵਿੱਚ ਆ ਗਏ। ਗੰਭੀਰ ਸੱਟਾਂ ਕਾਰਨ ਬ੍ਰਹਮਜੋਤ ਕਾਰ ਵਿੱਚੋਂ ਬਾਹਰ ਨਹੀਂ ਨਿਕਲ ਸਕਿਆ, ਜਦਕਿ ਦੂਜੀ ਕਾਰ ਦੇ ਡਰਾਈਵਰ ਨੂੰ ਬਚਾ ਕੇ ਗੰਭੀਰ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਓਟਾਵਾ ਫਾਇਰ ਸਰਵਿਸਿਜ਼ ਮੁਤਾਬਕ ਅੱਗ ਦੀਆਂ ਭਿਆਨਕ ਲਪਟਾਂ ਕਾਰਨ ਸ਼ੁਰੂ ਵਿੱਚ ਅੱਗ ਬੁਝਾਊ ਅਮਲੇ ਨੂੰ ਗੱਡੀ ਤੱਕ ਪਹੁੰਚਣ ਵਿੱਚ ਭਾਰੀ ਦਿੱਕਤ ਆਈ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਹੋਂਡਾ ਕਾਰ ਦੀ ਅਗਲੀ ਸੀਟ ਤੋਂ ਬ੍ਰਹਮਜੋਤ ਦੀ ਸੜੀ ਹੋਈ ਲਾਸ਼ ਬਰਾਮਦ ਹੋਈ, ਜਿਸ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਵਿੱਚ ਕਾਫ਼ੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਸੜਕ 'ਤੇ ਇੱਕ ਸਾਲ ਦੇ ਅੰਦਰ ਇਹ ਦੂਜਾ ਵੱਡਾ ਹਾਦਸਾ ਹੈ, ਜਿਸ ਕਾਰਨ ਉਹ ਸੜਕ ਦੀ ਮੁਰੰਮਤ ਅਤੇ ਸੁਰੱਖਿਆ ਉਪਾਅ ਯਕੀਨੀ ਬਣਾਉਣ ਲਈ ਅਦਾਲਤ ਤੱਕ ਪਹੁੰਚ ਕਰਨਗੇ। ਕੈਨੇਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
- Download Babushahi App
-
-