ਬਰਨਾਲਾ 'ਚ ਗੋਦ ਲਏ 5 ਸਾਲ ਦੇ ਮਾਸੂਮ 'ਤੇ ਗਰਮ ਤਵੇ ਅਤੇ ਚਿਮਟੇ ਨਾਲ ਕੀਤਾ ਤਸ਼ੱਦਦ
ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਭਰਤੀ
Kamaljeet Singh
ਬਰਨਾਲਾ, 11 ਸਤੰਬਰ, 2026: ਬਰਨਾਲਾ ਦੇ ਨੇੜਲੇ ਪਿੰਡ ਸੰਘੇੜਾ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਵੱਲੋਂ ਆਪਣੇ ਗੋਦ ਲਏ 5 ਸਾਲ ਦੇ ਮਾਸੂਮ ਬੱਚੇ 'ਤੇ ਗਰਮ ਤਵੇ, ਲੋਹੇ ਦੇ ਚਿਮਟੇ ਅਤੇ ਡੰਡਿਆਂ ਨਾਲ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ।
ਇਸ ਅੱਤਿਆਚਾਰ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਾਸੂਮ ਬੱਚਾ ਆਪਣੇ ਸਰੀਰ 'ਤੇ ਜ਼ਖ਼ਮਾਂ ਦੇ ਨਿਸ਼ਾਨ ਲੈ ਕੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਗਿਆ। ਸਕੂਲ ਵਿੱਚ ਬੱਚੇ ਦੀ ਹਾਲਤ ਦੇਖ ਕੇ ਬਣਾਈ ਗਈ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮਾਜ ਸੇਵੀ ਸੰਸਥਾ "ਆਪਣਾ ਫ਼ਰਜ਼ ਸੇਵਾ ਸੁਸਾਇਟੀ" (ਲਚਕਾਣੀ, ਪਟਿਆਲਾ) ਦੇ ਜਥੇਦਾਰ ਸਤਪਾਲ ਸਿੰਘ ਪਾਲ ਖਰੋੜ ਆਪਣੀ ਟੀਮ ਸਮੇਤ ਪਿੰਡ ਪਹੁੰਚੇ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ, ਪੁਲਿਸ ਪ੍ਰਸ਼ਾਸਨ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਬੱਚੇ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।
ਬੱਚੇ ਦੇ ਜੈਵਿਕ ਪਿਤਾ ਮੂਲ ਚੰਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ। ਉਸ ਦੇ ਗੁਆਂਢ ਵਿੱਚ ਰਹਿੰਦੇ ਵੱਡੇ ਭਰਾ ਦੇ ਘਰ 4 ਧੀਆਂ ਸਨ, ਜਿਸ ਕਰਕੇ ਉਸ ਨੇ ਆਪਣੇ ਛੋਟੇ ਪੁੱਤਰ ਨੂੰ ਪੁੱਤ ਦੀ ਘਾਟ ਪੂਰੀ ਕਰਨ ਲਈ ਢਾਈ ਸਾਲ ਪਹਿਲਾਂ ਆਪਣੇ ਵੱਡੇ ਭਰਾ ਨੂੰ ਸੌਂਪ ਦਿੱਤਾ ਸੀ। ਪਿਤਾ ਨੇ ਦੱਸਿਆ ਕਿ ਉਹ ਸਵੇਰੇ ਕੰਮ 'ਤੇ ਚਲਾ ਜਾਂਦਾ ਸੀ ਅਤੇ ਸ਼ਾਮ ਨੂੰ ਘਰ ਪਰਤਦਾ ਸੀ, ਜਿਸ ਕਾਰਨ ਉਸ ਨੂੰ ਇਸ ਅੱਤਿਆਚਾਰ ਬਾਰੇ ਅੱਜ ਹੀ ਪਤਾ ਲੱਗਿਆ। ਉਸ ਨੇ ਦੋਸ਼ੀ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੋਸ਼ ਹੈ ਕਿ ਔਰਤ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਇਲਾਵਾ ਕਈ ਵਾਰ ਧੁੱਪ ਵਿੱਚ ਪਾਣੀ ਦੀ ਬੋਤਲ ਦੇ ਕੇ ਖੜ੍ਹਾ ਕਰ ਦਿੰਦੀ ਸੀ। ਡਰੇ ਹੋਏ ਮਾਸੂਮ ਬੱਚੇ ਨੇ ਵੀ ਤੋਤਲੀ ਆਵਾਜ਼ ਵਿੱਚ ਦੱਸਿਆ ਕਿ ਉਸ ਦੀ ਕੁੱਟਮਾਰ ਡੰਡਿਆਂ ਨਾਲ ਕੀਤੀ ਜਾਂਦੀ ਸੀ।
ਸਰਕਾਰੀ ਹਸਪਤਾਲ ਬਰਨਾਲਾ ਦੇ ਡਾਕਟਰ ਅੰਕੁਸ਼ ਜਿੰਦਲ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਕਰ ਲਿਆ ਗਿਆ ਹੈ। ਬੱਚਾ ਫਿਲਹਾਲ ਖ਼ਤਰੇ ਤੋਂ ਬਾਹਰ ਅਤੇ ਸੁਰੱਖਿਅਤ ਹੈ, ਪਰ ਉਸ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਬਾਲ ਵਿਭਾਗ ਦੀ ਟੀਮ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਵਨ ਦੇ ਏ.ਐੱਸ.ਆਈ. ਜਸਪਾਲ ਸਿੰਘ ਨੇ ਦੱਸਿਆ ਕਿ ਬੱਚੇ ਨਾਲ ਕੁੱਟਮਾਰ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ਤੋਂ ਮਿਲੀ ਮੈਡੀਕਲ ਰਿਪੋਰਟ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
- Download Babushahi App
-
-