ਜੰਤਰ ਮੰਤਰ ਦੇ ਧਰਨਾਕਾਰੀਆਂ ਨੂੰ ਪੁਲਸ ਵਲੋਂ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਇਸਤਰੀ ਜਾਗ੍ਰਿਤੀ ਮੰਚ 6 ਅਗਸਤ ਨੂੰ ਕਰੇਗਾ ਮੁਜਾਹਰਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 04 ਅਗਸਤ, 2026- ਬੀਤੇ ਮਹੀਨੇ ਨੀਟ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਉੱਤੇ ਦੇਸ਼ ਦੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈਕੇ ਜੰਤਰ ਮੰਤਰ ਦਿੱਲੀ ਵਿਖੇ ਚੱਲੇ ਧਰਨੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਤੇ ਵਿਦਿਆਰਥੀਆਂ ਉੱਤੇ ਪੁਲਸ ਕੇਸ ਦਰਜ ਕਰਨ, ਉਹਨਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ਵਿੱਚ ਇਸਤਰੀ ਜਾਗ੍ਰਿਤੀ ਮੰਚ ਵਲੋਂ 6 ਅਗਸਤ ਨੂੰ ਨਵਾਂਸ਼ਹਿਰ ਵਿਖੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਇਹ ਜਾਣਕਾਰੀ ਅੱਜ ਇੱਥੇ ਦਿੰਦਿਆਂ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਆਗੂਆਂ ਹਰਦੀਪ ਕੌਰ ਕੋਟਲਾ ਅਤੇ ਰੁਪਿੰਦਰ ਕੌਰ ਦੁਰਗਾ ਪੁਰ
ਨੇ ਆਖਿਆ ਕਿ ਧਰਨਾ ਪ੍ਰਦਰਸ਼ਨ ਕਰਨਾ ਵਿਅਕਤੀ ਦਾ ਜਮਹੂਰੀ ਅਤੇ ਸੰਵਿਧਾਨਕ ਹੱਕ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬਿਆਂ ਦੀਆਂ ਭਾਜਪਾਈ ਸਰਕਾਰਾਂ ਦੀ ਪੁਲਸ ਜੰਤਰ ਮੰਤਰ ਤੇ ਧਰਨਾ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ ਅਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ।ਭਾਜਪਾ ਆਗੂਆਂ ਵਲੋਂ ਧਰਨਾਕਾਰੀ ਲੜਕੀਆਂ ਬਾਰੇ ਭੱਦੀਆਂ ਟਿੱਪਣੀਆਂ ਜਗ ਜ਼ਾਹਰ ਹਨ ਪਰ ਮੋਦੀ ਸਰਕਾਰ ਉੱਤੇ ਧਰਨਾਕਾਰੀਆਂ ਵਲੋਂ ਕੱਸੇ ਵਿਅੰਗ ਭਾਜਪਾਈਆਂ ਨੂੰ ਗਾਲ਼ਾਂ ਲੱਗਦੇ ਹਨ।ਉਹ ਧਰਨਾਕਾਰੀਆਂ ਉੱਤੇ ਪੁਲਸ ਵੱਲੋਂ ਢਾਹੇ ਜਬਰ ਨੂੰ ਉਲਟਾ ਜਾਇਜ਼ ਠਹਿਰਾ ਰਹੇ ਹਨ।
ਇਸਤਰੀ ਆਗੂਆਂ ਨੇ ਧਰਨਾਕਾਰੀਆਂ ਨੂੰ ਪੁਲਸ ਵੱਲੋਂ ਪ੍ਰੇਸ਼ਾਨ ਕਰਨਾ ਬੰਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਔਰਤਾਂ 6 ਅਗਸਤ ਨੂੰ ਸਵੇਰੇ 10 ਵਜੇ ਬੱਸ ਅੱਡਾ ਨਵਾਂਸ਼ਹਿਰ ਵਿਖੇ ਇਕੱਤਰ ਹੋਣਗੀਆਂ ਜਿਸ ਉਪਰੰਤ ਸ਼ਹਿਰ ਵਿੱਚ ਮੁਜਾਹਰਾ ਕੀਤਾ ਜਾਵੇਗਾ।
- Download Babushahi App
-
-